
37 ਸਾਲ ਵਾਲੇ ਨੌਕਰੀ ਲਈ ਯੋਗ ਨਹੀ ਅਤੇ 95 ਸਾਲ ਵਾਲੇ ਚੋਣਾਂ ਲੜ ਰਹੇ ਹਨ : ਭਗਵੰਤ ਮਾਨ
ਸਿਸਟਮ ਨੂੰ ਬਦਲਣ ਲਈ 20 ਫ਼ਰਵਰੀ ਨੂੰ ਆਪ ਦਾ ਬਟਨ ਦਬਾਉਣ ਦੀ ਕੀਤੀ
ਨੰਗਲ, 5 ਫਰਵਰੀ (ਕੁਲਵਿੰਦਰ ਭਾਟੀਆ): ਆਮ ਆਦਮੀ ਪਾਰਟੀ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਗਏ ਭਗਵੰਤ ਮਾਨ ਅੱਜ ਨੰਗਲ ਪਹੁੰਚੇ | ਭਗਵੰਤ ਮਾਨ ਨਾਲ ਲਗਭਗ ਚਾਰ ਸੌ ਦੇ ਕਰੀਬ ਕਾਰਾਂ ਦਾ ਵਡਾ ਕਾਫ਼ਲਾ ਸੀ | ਭਗਵੰਤ ਮਾਨ ਨੰਗਲ ਤੋਂ ਹੁੰਦੇ ਹੋਏ ਪਿੰਡ ਗੋਲਹਨੀ ਤੋਂ ਬਲਾਚੌਰ ਲਈ ਰਵਾਨਾ ਹੋ ਗਏ | ਭਗਵੰਤ ਮਾਨ ਅੱਜ ਇਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਜੋਤ ਸਿੰਘ ਬੈਂਸ ਦੀ ਚੋਣ ਕੰਪੇਨ ਲਈ ਆਏ ਹੋਏ ਸਨ |
ਉਨ੍ਹਾਂ ਕਿਹਾ ਕਿ ਅੱਜ ਮੇਰੇ ਸੂਬੇ ਦਾ ਪੌਣੇ ਤਿੰਨ ਕਰੋੜ ਵਿਅਕਤੀ ਸੁਰੱਖਿਅਤ ਨਹੀਂ ਹੈ | ਮੇਰੇ ਸੂਬੇ ਦੇ ਧਾਰਮਕ ਸਥਾਨ ਸੁਰੱਖਿਅਤ ਨਹੀਂ ਹਨ ਅਤੇ ਜਦੋਂ ਤਕ ਉਹ ਸੁਰੱਖਿਅਤ ਨਹੀਂ ਹੋ ਜਾਂਦੇ ਮੇਰਾ ਸੁਰੱਖਿਆ ਲੈਣਾ ਬੇਮਾਇਨਾ ਹੈ ਅਤੇ ਮੈਨੂੰ ਕਿਸੇ ਤਰ੍ਹਾਂ ਦਾ ਕੋਈ ਖ਼ਤਰਾ ਵੀ ਨਹੀਂ ਹੈ | ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ 95 ਸਾਲ ਦੀ ਉਮਰ ਵਿਚ ਚੋਣ ਲੜਨ ਤੇ ਵਿਅੰਗ ਕਸਦੇ ਹੋਏ ਉਨ੍ਹਾਂ ਕਿਹਾ ਕਿ ਅੱਜ 37 ਸਾਲ ਦੇ ਨੌਜਵਾਨ ਨੌਕਰੀ ਲਈ ਓਵਰਏਜ ਹੋ ਜਾਂਦੇ ਹਨ ਪਰ 95 ਸਾਲ ਦੇ ਬਜ਼ੁਰਗ ਅੱਜ ਵੀ ਚੋਣਾਂ ਲੜ ਰਹੇ ਹਨ ਇਸ ਸਿਸਟਮ ਨੂੰ ਬਦਲਣ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਸਿਆਸਤ ਅੰਦਰ ਜਦੋਂ 94 ਸਾਲ ਦੇ ਬਾਬੇ ਇਕ ਮੌਕਾ ਹੋਰ ਮੰਗ ਰਹੇ ਹਨ ਤਾਂ ਫਿਰ ਮੁਲਾਜ਼ਮਾਂ ਲਈ ਉਮਰ ਦੀ ਸ਼ਰਤ ਕਿਉਂ ਲਾਗੂ ਰੱਖੀ ਗਈ ਹੈ |
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਜਦੋਂ ਤਕ ਸੂਬੇ ਅੰਦਰ ਵਖ ਵਖ ਧਾਰਮਕ ਗ੍ਰੰਥ ਸੁਰੱਖਿਅਤ ਨਹੀਂ ਹੋ ਜਾਂਦੇ ਉਦੋਂ ਤਕ ਮੈਂ ਵੀ ਸਕਿਉਰਿਟੀ ਲੈਣ ਦਾ ਹੱਕਦਾਰ ਨਹੀਂ ਹਾਂ | ਉਨ੍ਹਾਂ ਕਿਹਾ ਕਿ ਅੱਜ ਤੋਂ ਪਹਿਲਾਂ ਪੰਜਾਬ ਦੀ ਸੱਤਾ ਮਹਿਲਾਂ ਵਿਚੋਂ ਚਲਦੀ ਸੀ ਪਰ ਹੁਣ ਨੌਜਵਾਨੀ ਜਾਗਰੂਕ ਹੋ ਚੁੱਕੀ ਹੈ ਅਤੇ ਹੁਣ ਪੰਜਾਬ ਦੇ ਲੋਕ ਸੂਬੇ ਦੀ ਸੱਤਾ ਦੀਆਂ ਚਾਬੀਆਂ ਆਮ ਲੋਕਾਂ ਦੇ ਹੱਥਾਂ ਵਿਚ ਸੌਂਪਣ ਲਈ ਆਉਣ ਵਾਲੀ 20 ਫ਼ਰਵਰੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ | ਉਨ੍ਹਾਂ ਕਿਹਾ ਕਿ ਪਾਰਟੀਆਂ ਦੀ ਸੱਤਾ ਦਿੱਲੀ ਦੇ ਇਸ਼ਾਰੇ ਤੇ ਚਲਦੀ ਹੈ ਜਦੋਂ ਕਿ ਆਮ ਆਦਮੀ ਪਾਰਟੀ ਕੇਵਲ ਤੇ ਕੇਵਲ ਪੰਜਾਬ ਵਿਚੋਂ ਹੀ ਚਲੇਗੀ | ਮੈਂ ਵੀ ਇਕ ਆਮ ਪ੍ਰਵਾਰ ਦਾ ਹੀ ਵਿਅਕਤੀ ਹਾਂ | ਇਸ ਮੌਕੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਜੋਤ ਸਿੰਘ ਬੈਂਸ ਨੂੰ ਸੂਬੇ ਦੇ ਭਲੇ ਲਈ ਵੋਟਾਂ ਪਾ ਕੇ ਵਿਧਾਨ ਸਭਾ ਵਿਚ ਭੇਜੋ | ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ ਸੰਜੀਵ ਗੌਤਮ, ਜਸਵੀਰ ਸਿੰਘ ਜੱਸੂ, ਕੁਲਵੰਤ ਸਿੰਘ ਬਾਠ ਸਾਬਕਾ ਪ੍ਰਧਾਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪ੍ਰਵੀਨ ਅੰਸਾਰੀ, ਰਹਿਮਤ ਅਲੀ, ਹਰਪ੍ਰੀਤ ਸਿੰਘ ਹੈਪੀ, ਨਰਿੰਦਰ ਰਾਣਾ ਮੈਂਬਰ ਟਰੱਕ ਯੂਨੀਅਨ, ਸਤੀਸ਼ ਚੋਪੜਾ, ਰੋਹਿਤ ਕਾਲੀਆ ਆਦਿ ਹਾਜ਼ਰ ਸਨ |
ਫੋਟੋ ਰੋਪੜ-5-03 ਤੋਂ ਪ੍ਰਾਪਤ ਕਰੋ ਜੀ |