
ਰਾਹੁਲ ਗਾਂਧੀ ਵਲੋਂ ਚੰਨੀ ਨੂੰ ਗ਼ਰੀਬ ਅਤੇ ਇਮਾਨਦਾਰ ਐਲਾਨਣ ਦਾ ‘ਆਪ’ ਉਮੀਦਵਾਰ ਨੇ ਉਡਾਇਆ ਮਜ਼ਾਕ
ਕੋਟਕਪੂਰਾ, 6 ਫ਼ਰਵਰੀ (ਗੁਰਮੀਤ ਸਿੰਘ ਮੀਤਾ) : ਆਮ ਆਦਮੀ ਪਾਰਟੀ ਕਿਸਾਨ ਵਿੰਗ ਪੰਜਾਬ ਦੇ ਸੂਬਾਈ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਕੋਟਕਪੂਰਾ ਤੋਂ ‘ਆਪ’ ਉਮੀਦਵਾਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਹਲਕੇ ਦੇ ਵੱਖ-ਵੱਖ ਪਿੰਡ ’ਚ ਲੋਕ ਮੀਟਿੰਗਾਂ ਦੌਰਾਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਲੋਂ ਚਰਨਜੀਤ ਸਿੰਘ ਚੰਨੀ ਨੂੰ ਗ਼ਰੀਬ ਘਰ ਦਾ ਜੰਮਪਲ ਅਤੇ ਇਮਾਨਦਾਰ ਕਹਿਣ ਦਾ ਮਜ਼ਾਕ ਉਡਾਉਂਦਿਆਂ ਆਖਿਆ ਕਿ ਜਾਂ ਤਾਂ ਰਾਹੁਲ ਗਾਂਧੀ ਅਖ਼ਬਾਰਾਂ ਨਹੀਂ ਪੜ੍ਹਦੇ ਤੇ ਜਾਂ ਜਾਣ-ਬੁੱਝ ਕੇ ਅਣਜਾਣ ਬਣੇ ਹੋਏ ਹਨ ਕਿਉਂਕਿ ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਰਾਘਵ ਚੱਢਾ ਵਲੋਂ ਚਰਨਜੀਤ ਸਿੰਘ ਚੰਨੀ ਦੇ ਹਲਕੇ ਚਮਕੌਰ ਸਾਹਿਬ ਵਿਚ ਸ਼ਰੇਆਮ ਰੇਤ ਤਸਕਰੀ ਦੇ ਪ੍ਰਗਟਾਵੇ ਅੰਕੜਿਆਂ ਸਹਿਤ ਜਨਤਕ ਕੀਤੇ। ਚਰਨਜੀਤ ਦੇ ਭਾਣਜੇ ਕੋਲੋਂ 10 ਕਰੋੜ ਰੁਪਏ ਦੀ ਨਕਦੀ ਸਮੇਤ 12 ਲੱਖ ਰੁਪਏ ਦੀ ਘੜੀ ਅਤੇ ਕਰੋੜਾਂ ਰੁਪਏ ਲੈਣ-ਦੇਣ ਦੇ ਸਬੂਤ ਮਿਲੇ। ਚੰਨੀ ਦੇ ਪੁੱਤਰ ਵਲੋਂ 12 ਕਰੋੜ ਰੁਪਏ ਦੀ ਗੱਡੀ ਰੱਖਣ ਦੀਆਂ ਖ਼ਬਰਾਂ ਸੋਸ਼ਲ ਮੀਡੀਏ ’ਤੇ ਵਾਇਰਲ ਹੋਈਆਂ ਪਰ ਰਾਹੁਲ ਗਾਂਧੀ ਨੇ ਚੰਨੀ ਨੂੰ ਗ਼ਰੀਬ ਘਰ ਦਾ ਅਤੇ ਇਮਾਨਦਾਰ ਕਹਿ ਕੇ ਖ਼ੁਦ ਨੂੰ ਮਜ਼ਾਕ ਦਾ ਪਾਤਰ ਬਣਾ ਲਿਆ ਹੈ।
ਹਲਕੇ ਦੇ ਪਿੰਡਾਂ ਠਾੜਾ, ਚਹਿਲ, ਬੀੜ ਚਹਿਲ, ਕੋਠੇ ਵੜਿੰਗ, ਮਿਸ਼ਰੀਵਾਲਾ ਆਦਿ ਵਿਖੇ ਪਿੰਡ ਵਾਸੀਆਂ ਨੇ ਹਾਰ ਪਾ ਕੇ ਕੁਲਤਾਰ ਸਿੰਘ ਸੰਧਵਾਂ ਦਾ ਸ਼ਾਨਦਾਰ ਸਵਾਗਤ ਕਰਦਿਆਂ ਖ਼ੁਦ ਮੰਨਿਆ ਕਿ ਪੰਜਾਬ ਦੇ ਲੋਕ ਖ਼ਾਨਦਾਨੀ ਰਾਜਨੀਤਕ ਪ੍ਰਵਾਰਾਂ ਅਤੇ ਭਿ੍ਰਸ਼ਟ ਰਾਜਨੀਤਕ ਪਾਰਟੀਆਂ ਕਾਰਨ ਬਹੁਤ ਲੰਮਾ ਸੰਤਾਪ ਭੋਗ ਚੁੱਕੇ ਹਨ। ਉਨ੍ਹਾਂ ਲੋਕਾਂ ਨਾਲ ਆਮ ਆਦਮੀ ਪਾਰਟੀ ਵਲੋਂ ਜਾਰੀ ਕੀਤੀਆਂ ਗਰੰਟੀਆਂ ਸਾਂਝੀਆਂ ਕਰ ਕੇ ਲੋਕਾਂ ਨੂੰ ‘ਆਪ’ ਦੀ ਸਰਕਾਰ ਬਣਾਉਣ ਦੀ ਅਪੀਲ ਕਰਦਿਆਂ ਆਖਿਆ ਕਿ ਪੰਜਾਬ ’ਚ ਲੋਕ ਪੱਖੀ ਸਰਕਾਰ ਆਉਣ ’ਤੇ ਆਮ ਲੋਕਾਂ ਦੇ ਵਿਕਾਸ ਨੂੰ ਤਰਜੀਹ ਦਿਤੀ ਜਾਵੇਗੀ।
ਫੋਟੋ :- ਕੇ.ਕੇ.ਪੀ.-ਗੁਰਿੰਦਰ-6-5ਈ