
ਮੋਦੀ ਤੇ ਸ਼ਾਹ ਦਾ ਇਕੋ ਕੰਮ, ਵਾਰ-ਵਾਰ ਝੂਠ ਬੋਲ ਕੇ ਇਸ ਨੂੰ ਸੱਚ ਬਣਾਉਣਾ : ਹਾਰਦਿਕ ਪਟੇਲ
ਚੰਡੀਗੜ੍ਹ, 5 ਫ਼ਰਵਰੀ (ਗੁਰਉਪਦੇਸ਼ ਭੁੱਲਰ) : ਪੰਜਾਬ ਦੀ ਚੋਣ ਮੁਹਿੰਮ ਲਈ ਆਏ ਗੁਜਰਾਤ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਤੇ ਬਹੁਚਰਚਿਤ ਨੌਜਵਾਨ ਆਗੂ ਹਾਰਦਿਕ ਪਟੇਲ ਨੇ ਜਿਥੇ ਕੇਂਦਰ ਦੀ ਮੋਦੀ ਸਰਕਾਰ ਉਪਰ ਬੇਰੁਜ਼ਗਾਰੀ ਦੇ ਮੁੱਦੇ ਨੂੰ ਲੈ ਕੇ ਤਿੱਖੇ ਹਮਲੇ ਕੀਤੇ, ਉਥੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਪਰ ਵੀ ਨਿਸ਼ਾਨੇ ਸਾਧੇ। ਅੱਜ ਇਥੇ ਪੰਜਾਬ ਕਾਂਗਰਸ ਭਵਨ ਵਿਖੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਬੇਰੁਜ਼ਗਾਰੀ ਭਗਵਾਨ ਰਾਮ ਦੇ ਸਰਾਫ਼ ਨਾਲ ਨਹੀਂ ਬਲਕਿ ਮੋਦੀ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਵਧੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਧਰਮ ਦੇ ਆਧਾਰ ’ਤੇ ਰਾਜਨੀਤੀ ਕਰਦੀ ਹੈ। ਕਾਂਗਰਸ ਨੌਜਵਾਨਾਂ ਲਈ ਅੰਦੋਲਨ ਕਰਦੀ ਹੈ ਅਤੇ ਸਿਖਿਆ ਲਈ ਲੜਾਈ ਲੜਦੀ ਹੈ ਜਦਕਿ ਭਾਜਪਾ ਨੇ ਯੂ.ਜੀ.ਸੀ. ਦਾ ਬਜਟ ਘਟਾ ਕੇ 5000 ਤੋਂ 4000 ਕਰੋੜ ਰੁਪਏ ਕਰ ਦਿਤਾ ਹੈ। ਪਟੇਲ ਨੇ ਕਿਹਾ ਕਿ ਮੈਂ ਗੁਜਰਾਤ ਤੋਂ ਹਾਂ ਅਤੇ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੀ ਜੋੜੀ ਬਾਰੇ ਚੰਗੀ ਤਰ੍ਹਾਂ ਜਾਣਦਾ ਹਾਂ। ਇਨ੍ਹਾਂ ਦੇ ਤਿੰਨ ਕੰਮ ਹਨ। ਝੂਠ ਬੋਲਣਾ, ਵਾਰ-ਵਾਰ ਬੋਲਣਾ ਤੇ ਜ਼ੋਰ ਨਾਲ ਬੋਲਣਾ ਤਾਂ ਜੋ ਲੋਕ ਸੱਚ ਮੰਨ ਲੈਣ। ਗੁਜਰਾਤ ਵਿਚ ਇਕ ਸਾਲ ਅੰਦਰ ਗੰਦੀਆਂ ਘਟਨਾਵਾਂ ਘਟੀਆਂ ਹਨ ਪਰ ਮੋਦੀ ਅਤੇ ਸ਼ਾਹ ਸਮੇਤ ਗੁਜਰਾਤ ਦਾ ਕੋਈ ਭਾਜਪਾ ਨੇਤਾ ਮੂੰਹ ਨਹੀਂ ਖੋਲ੍ਹਦਾ।
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਾਂਗਰਸ ਛੱਡਣ ਤੋਂ ਬਾਅਦ ਕੀਤੀ ਜਾ ਰਹੀ ਬਿਆਨਬਾਜ਼ੀ ਬਾਰੇ ਉਨ੍ਹਾਂ ਕਿਹਾ ਕਿ ਉਹ ਹੁਣ ਕੁੱਝ ਵੀ ਬੋਲੀ ਜਾਣ, ਕਾਂਗਰਸ ਪ੍ਰਵਾਹ ਨਹੀਂ ਕਰਦੀ। ਉਹੀ ਕੈਪਟਨ ਹਨ ਜੋ ਪਹਿਲਾਂ ਸੋਨੀਆਂ ਗਾਂਧੀ ਨੂੰ ਨੇਤਾ ਮੰਨਦੇ ਸਨ ਤੇ ਹੁਣ ਨਰਿੰਦਰ ਮੋਦੀ ਦਾ ਗੁਣਗਾਣ ਕਰਦੇ ਹਨ। ਮੁੱਖ ਮੰਤਰੀ ਚੰਨੀ ਵਿਰੁਧ ਪੁਰਾਣੇ ਮੀ ਟੂ ਮਾਮਲੇ ਨੂੰ ਲੈ ਕੇ ਕੈਪਟਨ ਦੇ ਬਿਆਨਾਂ ਬਾਰੇ ਕਿਹਾ ਕਿ ਜਦੋਂ ਮੁੱਖ ਮੰਤਰੀ ਸਨ ਤਾਂ ਉਸ ਸਮੇਂ ਕਾਰਵਾਈ ਕਿਉਂ ਨਾ ਕੀਤੀ? ਪਟੇਲ ਨੇ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਪਾਰਟੀ ਹਾਈ ਕਮਾਨ ਜੋ ਵੀ ਪੰਜਾਬ ਲਈ ਮੁੱਖ ਮੰਤਰੀ ਚਿਹਰਾ ਦੇਵੇਗੀ ਤਾਂ ਉਸ ਨੂੰ ਸਾਰੇ ਨੇਤਾ ਪ੍ਰਵਾਨ ਕਰ ਕੇ ਇਕਜੁਟ ਹੋ ਕੇ ਚੋਣ ਲੜਨਗੇ। ਉਨ੍ਹਾਂ ਕਿਹਾ ਕਿ ਕਾਂਗਰਸ ਇਕ ਲੋਕਤੰਤਰੀ ਪਾਰਟੀ ਹੈ, ਜਿਸ ਨੂੰ ਪਾਰਟੀ ਅੰਦਰ ਖੁਲ੍ਹ ਕੇ ਵਿਚਾਰ ਰੱਖਣ ਦਾ ਮੌਕਾ ਦਿਤਾ ਜਾਂਦਾ ਹੈ।