
ਰਾਹੁਲ ਗਾਂਧੀ ਅੱਜ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰਨਗੇ ਜਾਂ ਕੋਈ ਹੋਰ ਫ਼ਾਰਮੂਲਾ ਨਿਕਲੇਗਾ?
ਲੁਧਿਆਣਾ ਰੈਲੀ 'ਤੇ ਸੱਭ ਨਜ਼ਰਾਂ ਟਿਕੀਆਂ
ਚੰਡੀਗੜ੍ਹ, 5 ਫ਼ਰਵਰੀ (ਭੁੱਲਰ): ਪੂਰੀ ਪੰਜਾਬ ਕਾਂਗਰਸ ਅਤੇ ਸੂਬੇ ਦੇ ਸਿਆਸੀ ਹਲਕਿਆਂ ਤੇ ਆਮ ਲੋਕਾਂ ਦੀਆਂ ਨਜ਼ਰਾਂ ਰਾਹੁਲ ਗਾਂਧੀ ਦੀ 6 ਫ਼ਰਵਰੀ ਨੂੰ ਬਾਅਦ ਦੁਪਹਿਰ ਲੁਧਿਆਣਾ 'ਚ ਹੋਣ ਵਾਲੀ ਵਰਚੂਅਲ ਰੈਲੀ ਉਪਰ ਲਗੀਆਂ ਹੋਣੀਆਂ ਹਨ | ਇਸ ਰੈਲੀ ਦਾ ਇਸ ਲਈ ਜ਼ਿਆਦਾ ਮਹੱਤਵ ਵੱਧ ਚੁੱਕਾ ਹੈ ਕਿ ਕਾਂਗਰਸ ਦੇ ਪ੍ਰਮੁੱਖ ਆਗੂ ਰਾਹੁਲ ਗਾਂਧੀ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰਨਗੇ | ਇਸ ਸਬੰਧੀ ਕਾਂਗਰਸ ਦਾ ਸਰਵੇ ਵੀ ਹੋ ਚੁੱਕਾ ਹੈ ਅਤੇ ਇਸ 'ਚ ਚਰਨਜੀਤ ਚੰਨੀ ਦਾ ਹੱਥ ਉਪਰ ਹੋਣ ਦੀਆਂ ਅਟਕਲਾਂ ਲੱਗ ਰਹੀਆਂ ਹਨ ਅਤੇ ਦੂਜੇ ਪਾਸੇ ਨਵਜੋਤ ਸਿੱਧੂ ਵੀ ਮੁੱਖ ਮੰਤਰੀ ਅਹੁਦੇ ਨੂੰ ਲੈ ਕੇ ਤਿੱਖੇ ਬਿਆਨ ਦੇ ਰਹੇ ਹਨ | ਇਸ ਸਥਿਤੀ 'ਚ ਕਾਂਗਰਸ ਹਾਈ ਕਮਾਨ ਲਈ ਵੀ ਔਖੀ ਸਥਿਤੀ ਬਣ ਚੁੱਕੀ ਹੈ ਕਿ ਕਿਵੇਂ ਮੁੱਖ ਮੰਤਰੀ ਚਿਹਰੇ ਦਾ ਮਾਮਲਾ ਹੱਲ ਕਰੇ | ਜੇ ਚੰਨੀ ਦਾ ਐਲਾਨ ਹੁੰਦਾ ਹੈ ਤਾਂ ਸਿੱਧੂ ਦੀ ਬਗਾਵਤ ਤੇ ਜੱਟ ਵੋਟ ਬੈਂਕ ਦੇ ਨੁਕਸਾਨ ਅਤੇ ਸਿੱਧੂ ਦੇ ਨਾਂ ਦੇ ਐਲਾਨ ਦੀ ਸੂਰਤ 'ਚ ਕਾਂਗਰਸ ਨੂੰ 34 ਫ਼ੀ ਸਦੀ ਦਲਿਤ ਵੋਟ ਬੈਂਕ ਦੇ ਨੁਕਸਾਨ ਦਾ ਡਰ ਸਤਾ ਰਿਹਾ ਹੈ | ਇਸੇ ਲਈ ਪੰਜਾਬ ਕਾਂਗਰਸ ਦੇ ਕੁੱਝ ਸੀਨੀਅਰ ਆਗੂ ਵੀ ਹੁਣ ਇਸ ਮੌਕੇ ਮੁੱਖ ਮੰਤਰੀ ਚਿਹਰਾ ਨਾ ਐਲਾਨੇ ਜਾਣ ਦੀ ਹਾਈ ਕਮਾਨ ਨੂੰ ਸਲਾਹ ਦੇਣ ਲੱਗੇ ਹਨ | ਪਰ ਰਾਹੁਲ ਗਾਂਧੀ ਜੰਲਧਰ ਰੈਲੀ 'ਚ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰ ਚੁੱਕੇ ਹਨ ਤੇ ਸਰਵੇ ਵੀ ਹੋ ਚੁੱਕਾ ਹੈ, ਜਿਸ ਕਾਰਨ ਕਾਂਗਰਸ ਹਾਈ ਕਮਾਨ ਔਖੀ ਸਥਿਤੀ 'ਚ ਹੈ ਕਿ ਐਲਾਨ ਕਰੇ ਜਾਂ ਨਾ ਕਰੇ | ਸਿੱਧੂ ਤੇ ਚੰਨੀ ਨੂੰ ਇਕ ਰਖਣਾ ਹੀ ਇਸ ਸਮੇਂ ਹਾਈ ਕਮਾਨ ਲਈ ਵਡੀ ਚੁਣੌਤੀ ਹੈ | ਇਸੇ ਸਥਿਤੀ ਕਾਰਨ ਹੁਣ ਛੱਤੀਸਗੜ੍ਹ 'ਚ ਵਰਤੇ ਗਏ ਢਾਈ-ਢਾਈ ਸਾਲ ਮੁੱਖ ਮੰਤਰੀ ਦੇ ਫ਼ਾਰਮੂਲੇ 'ਤੇ ਚਰਚਾ ਹੋ ਰਹੀ ਹੈ | ਇਸ ਤਹਿਤ ਦੋ ਚਿਹਰੇ ਐਲਾਨੇ ਜਾ ਸਕਦੇ ਹਨ ਪਰ ਇਸ ਬਾਰੇ ਕਾਂਗਰਸ ਨੇ ਹਾਲੇ ਕੋਈ ਵੀ ਅੰਤਿਮ ਫ਼ੈਸਲਾ ਨਹੀਂ ਲਿਆ | ਹੁਣ ਤਾਂ 6 ਫ਼ਰਵਰੀ ਦੀ ਲੁਧਿਆਣਾ ਰੈਲੀ 'ਤੇ ਹੀ ਸੱਭ ਨਜ਼ਰਾਂ ਟਿਕੀਆਂ ਹੋਈਆਂ ਹਨ ਕਿ ਮੁੱਖ ਮੰਤਰੀ ਚਿਹਰੇ ਲਹੀ ਕਿਸੇ ਇਕ ਨਾਂ ਦਾ ਐਲਾਨ ਹੁੰਦਾ ਹੈ ਜਾਂ ਕੋਈ ਫ਼ਾਰਮੂਲਾ ਨਿਕਲੇਗਾ |