
7 ਸਾਲਾਂ ਲੜਕੀ ਗੰਭੀਰ ਤੌਰ 'ਤੇ ਜ਼ਖਮੀ, ਹਸਪਤਾਲ ਦਾਖ਼ਿਲ
ਅੰਮ੍ਰਿਤਸਰ(ਅਰਵਿੰਦਰ ਵੜੈਚ/ਆਰ.ਕੇ. ਉੱਪਲ): ਵੀਰਵਾਰ ਰਾਤ ਨੂੰ ਬਰਸਾਤ ਦੇ ਦੌਰਾਨ ਇਲਾਕਾ ਮੂਲੇਚੱਕ ਵਿਖੇ ਕਮਰੇ ਦੀ ਛੱਤ ਡਿੱਗਣ ਉਪਰੰਤ ਇਕ ਪਰਿਵਾਰ ਦੇ 4 ਮੈਂਬਰਾਂ ਦੀ ਮੌਤ ਹੋ ਗਈ। ਘਟਨਾ ਦੌਰਾਨ ਪਤੀ-ਪਤਨੀ ਆਪਣੇ 3 ਬੱਚਿਆਂ ਦੇ ਨਾਲ ਸੌ ਰਹੇ ਸਨ ਕਿ ਕਰੀਬ 2 ਵਜੇ ਅਚਾਨਕ ਛੱਤ ਡਿੱਗਣ ਨਾਲ ਪਤੀ-ਪਤਨੀ ਸਮੇਤ ਉਨਾਂ ਦੀ ਮਾਸੂਮ ਬੇਟੀ ਅਤੇ ਬੇਟਾ ਸਦਾ ਦੀ ਨੀਂਦ ਸੋ ਗਏ ਜਦਕਿ ਘਟਨਾ ਦੌਰਾਨ ਤੀਸਰੀ ਬੇਟੀ ਨੂੰ ਆਂਢ-ਗੁਆਂਢ ਨੇ ਜ਼ਖ਼ਮੀ ਹਾਲਤ ਵਿੱਚ ਮਿੱਟੀ ਹੇਠੋਂ ਕੱਢ ਕੇ ਹਸਪਤਾਲ ਪਹੁੰਚਾ ਦਿੱਤਾ।
Punjab
ਪਿੰਡ ਮੂਲੇਚੱਕ ਦੇ ਰਹਿਣ ਵਾਲੇ ਗਰੀਬ ਪਰਿਵਾਰ 'ਤੇ ਉਸ ਸਮੇਂ ਗਰੀਬੀ ਬਿਜਲੀ ਬਣ ਕੇ ਡਿੱਗ ਗਈ ਜਦੋਂ ਸਬਜ਼ੀ ਵੇਚਣ ਵਾਲੇ ਅਜੇ ਕੁਮਾਰ ਬਬਲੂ ਦੇ ਮਕਾਨ ਦੀ ਛੱਤ ਡਿੱਗ ਜਾਣ ਨਾਲ ਉਸਦਾ ਪਰਿਵਾਰ ਮਲਬੇ ਦੇ ਹੇਠਾਂ ਦੱਬ ਕੇ ਦਮ ਤੋੜ ਗਿਆ। ਪੁਰਾਣਾ ਮਕਾਨ ਅਤੇ ਬਾਲੇ ਦੀ ਛੱਤਾਂ ਪੂਰੀ ਤਰ੍ਹਾਂ ਨਾਲ ਡਿੱਗ ਗਈਆਂ ਅਤੇ ਥੱਲੇ ਸੌ ਰਹੇ ਅਜੇ ਕੁਮਾਰ ਬੱਬਲੂ ਉਸਦੀ ਪਤਨੀ ਮਾਨਵੀ ਅਤੇ ਲਗਭਗ 6 ਮਹੀਨੇ ਦੇ ਦੋ ਜੁੜਵਾ ਬੱਚੇ ਯੁਵਰਾਜ ਅਤੇ ਤਮੰਨਾ ਦੀ ਮਲਬੇ ਦੇ ਹੇਠਾਂ ਦਬ ਜਾਣ ਨਾਲ ਮੌਤ ਹੋ ਗਈ ਜਦਕਿ ਉਸਦੀ 7 ਸਾਲਾਂ ਲੜਕੀ ਨੈਨਾ ਜੋ ਕਿ ਬੋਲ ਨਹੀਂ ਸਕਦੀ ਗੰਭੀਰ ਤੌਰ ਤੇ ਜ਼ਖ਼ਮੀ ਹੋ ਗਈ।
ਮੁਹੱਲਾ ਵਾਸੀਆਂ ਨੇ ਦੱਸਿਆ ਕਿ ਰਾਤ ਲਗਭਗ 2 ਵਜੇ ਅਚਾਨਕ ਕੋਈ ਭਾਰੀ ਚੀਜ਼ ਡਿੱਗਣ ਦੀ ਆਵਾਜ਼ ਆਈ। ਜਿਸ 'ਤੇ ਲੋਕਾਂ ਨੇ ਆਪਣੇ ਘਰਾਂ ਤੋਂ ਬਾਹਰ ਆ ਕੇ ਦੇਖਿਆ ਤਾਂ ਬਬਲੂ ਦੇ ਮਕਾਨ ਦੀ ਛੱਤ ਪੂਰੀ ਤਰ੍ਹਾਂ ਨਾਲ ਡਿੱਗ ਚੁੱਕੀ ਸੀ ਅਤੇ ਸਾਰਾ ਪਰਿਵਾਰ ਮਲਬੇ ਹੇਠਾਂ ਦੱਬ ਚੁੱਕਾ ਸੀ। ਛੱਤ ਡਿੱਗਣ ਦੀ ਤੇਜ਼ ਆਵਾਜ਼ ਦੇ ਨਾਲ ਆਲੇ-ਦੁਆਲੇ ਦੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
Punjab
ਆਨਣ-ਫਾਨਣ ਮੁਹੱਲੇ ਦੇ ਲੋਕਾਂ ਨੇ ਮਿੱਟੀ ਹੇਠਾਂ ਦੱਬੇ ਪਰਿਵਾਰਿਕ ਮੈਂਬਰਾਂ ਨੂੰ ਬਾਹਰ ਕੱਢਿਆ। ਉਸ ਸਮੇਂ ਅਜੇ ਕੁਮਾਰ ਬਬਲੂ ਦੇ ਸਾਹ ਚੱਲ ਰਹੇ ਸਨ ਜਦਕਿ ਉਸਦੀ ਪਤਨੀ ਮਾਨਵੀ ਪੂਰੀ ਤਰ੍ਹਾਂ ਗੁੰਮ ਸੀ। ਜਦਕਿ ਦੋ ਛੋਟੇ ਬੱਚਿਆਂ ਦੀ ਮੌਕੇ ਤੇ ਹੀ ਮੌਤ ਹੋ ਗਈ। ਆਂਢ-ਗੁਆਂਢ ਦੇ ਲੋਕਾਂ ਨੇ ਪਰਿਵਾਰਿਕ ਮੈਂਬਰਾਂ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਚਾਰਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਪੁਲਿਸ ਥਾਣਾ ਅੰਨਗੜ ਦੇ ਇੰਚਾਰਜ ਕਾਹਲੋ ਵੱਲੋਂ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਘਟਨਾ ਉਪਰੰਤ ਨਗਰ ਨਿਗਮ ਤੋਂ ਸਿਵਲ ਅਤੇ ਐਮ.ਟੀ.ਪੀ. ਵਿਭਾਗ ਦੇ ਅਧਿਕਾਰੀ ਵੀ ਮੌਕੇ ਤੇ ਪਹੁੰਚੇ। ਏ.ਟੀ.ਪੀ. ਸੰਜੀਵ ਦੇਵਗਨ, ਡਿਲਡਿੰਗ ਇੰਸਪੈਕਟਰ ਕੁਲਜੀਤ ਸਿੰਘ ਮਾਂਗਟ, ਨਵਜੋਤ ਕੌਰ, ਅਰੁਣ ਅਰੋੜਾ, ਨਰੇਸ਼ ਕੁਮਾਰ, ਹਰਪਾਲ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਦਾ ਜ਼ਾਇਜ਼ਾ ਲਿਆ।