
ਪਿੰਡ ਸਰਾਏ ਦੇ ਨੌਜਵਾਨ ਦਵਿੰਦਰ ਬਾਜਵਾ ਨੇ ਦੁਨੀਆਂ ਦੀ ਸੱਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਨੂੰ ਕੀਤਾ ਸਰ
ਨੂਰਪੁਰ ਬੇਦੀ, 6 ਮਾਰਚ (ਅਮਰੀਕ ਸਿੰਘ ਚਨੌਲੀ): ਪਿੰਡ ਸਰਾਏ ਦੇ ਨੌਜਵਾਨ ਦਵਿੰਦਰ ਸਿੰਘ ਬਾਜਵਾ ਨੇ ਦੁਨੀਆਂ ਦੀ ਸੱਭ ਤੋਂ ਉੱਚੀ ਮਾਊਂਟ ਐਵਰੈਸਟ ਦੀ ਚੋਟੀ ਨੂੰ ਸਰ ਕਰ ਕੇ ਵੱਡਾ ਕਾਰਨਾਮਾ ਕਰ ਦਿਖਾਇਆ ਹੈ।
ਮਾਊਂਟ ਐਵਰੈਸਟ ਬੇਸ ਕੈਂਪ ਤੋਂ ਵਾਪਸ ਪਿੰਡ ਸਰਾਏ ਵਿਖੇ ਪਹੁੰਚੇ ਨੌਜਵਾਨ ਦਵਿੰਦਰ ਬਾਜਵਾ ਨੇ ਦਸਿਆ ਕਿ ਉਹ ਸ੍ਰੀ ਆਨੰਦਪੁਰ ਸਾਹਿਬ ਤੋਂ ਵਾਇਆ ਰੇਲਗੱਡੀ ਨੇਪਾਲ ਬਾਰਡਰ ’ਤੇ ਪਹੁੰਚਿਆ। ਨੇਪਾਲ ਬਾਰਡਰ ਤੋਂ ਉਸ ਨੇ ਅਪਣਾ ਪੈਦਲ ਸਫ਼ਰ ਸ਼ੁਰੂ ਕੀਤਾ ਤੇ ਸੱਤ ਦਿਨ ਵਿਚ ਉਸ ਨੇ ਦੁਨੀਆਂ ਦੀ ਸੱਭ ਤੋਂ ਉੱਚੀ ਚੋਟੀ ਨੂੰ ਸਰ ਕਰ ਲਿਆ। ਉਸ ਨੇ ਦਸਿਆ ਕਿ ਉਸ ਨੇ ਇਕੱਲੇ ਹੀ ਬਿਨਾਂ ਕਿਸੀ ਗਾਈਡ ਤੋਂ ਇਹ ਸਫ਼ਰ ਤੈਅ ਕੀਤਾ ਹੈ। ਦਵਿੰਦਰ ਬਾਜਵਾ ਨੇ ਦਸਿਆ ਕਿ ਮੈਨੂੰ ਜਾਣ ਲਈ ਦੋ ਪਰਮਿਟ ਲੈਣੇ ਪਏ। ਦਵਿੰਦਰ ਬਾਜਵਾ ਨੇ ਦਸਿਆ ਕਿ ਮਾਊਂਟ ਐਵਰੈਸਟ ਦੀ ਉਚਾਈ 5623 ਮੀਟਰ ਹੈ ਤੇ ਉਥੇ ਆਕਸੀਜਨ ਦਾ ਲੈਵਲ ਕਾਫ਼ੀ ਘੱਟ ਜਾਂਦਾ ਹੈ ਪਰ ਇਸ ਦੇ ਬਾਵਜੂਦ ਵੀ ਉਸ ਨੂੰ ਕੋਈ ਜ਼ਿਆਦਾ ਮੁਸ਼ਕਲ ਪੇਸ਼ ਨਹੀਂ ਆਈ। ਉਸ ਨੇ ਕਿਹਾ ਕਿ ਇਸ ਸਫ਼ਰ ਦੌਰਾਨ ਉਸ ਨੇ ਅਪਣਾ ਖਾਣਾ ਪੀਣਾ ਤੇ ਲੋੜੀਂਦੀਆਂ ਵਸਤਾਂ ਅਪਣੇ ਨਾਲ ਹੀ ਚੁੱਕੀਆਂ ਹੋਈਆਂ ਸਨ ਕਿਉਂਕਿ ਮਾਊਂਟ ਐਵਰੈਸਟ ਬੇਸ ਕੈਂਪ ਤੇ ਖਾਣ ਪੀਣ ਦਾ ਸਾਮਾਨ ਕਾਫ਼ੀ ਮਹਿੰਗਾ ਪੈਂਦਾ ਹੈ।
ਅਪਣੀਆਂ ਪ੍ਰਾਪਤੀਆਂ ਸਬੰਧੀ ਦਸਦਿਆਂ ਉਸ ਨੇ ਕਿਹਾ ਕਿ ਇਸ ਤੋਂ ਪਹਿਲਾਂ ਉਹ ਲੇਹ ਲੱਦਾਖ਼, ਕਸ਼ਮੀਰ ਤੇ ਸਿਆਚਿਨ ਬੇਸ ਕੈਂਪ, ਪੇਂਗੋਂਗ ਲੇਕ, ਖਾਰਦੂੰਗਾ ਜਿਹੜੀ ਦੁਨੀਆਂ ਦੀ ਸੱਭ ਤੋਂ ਉੱਚੀ ਸੜਕ ਹੈ, ਤਕ ਵੀ ਸਫ਼ਰ ਕਰ ਚੁੱਕਾ ਹੈ। ਉਸ ਨੇ ਦਸਿਆ ਕਿ ਪੜ੍ਹਦੇ ਸਮੇਂ ਤੋਂ ਹੀ ਉਸ ਨੂੰ ਦੁਨੀਆਂ ਦੀ ਸੈਰ ਕਰਨ ਦਾ ਸ਼ੌਕ ਸੀ ਤੇ ਉਸ ਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ। ਅਪਣੀ ਸਟੱਡੀ ਪੂਰੀ ਕਰਨ ਉਪਰੰਤ ਉਸ ਨੇ ਇਸ ਸ਼ੌਕ ਨੂੰ ਅਪਣਾ ਲਿਆ ਅਤੇ ਉਸ ਨੇ ਫ਼ੈਸਲਾ ਕੀਤਾ ਕਿ ਉਹ ਪੈਦਲ ਜਾਂ ਬਾਈਕ ਸਾਧਨਾਂ ਰਾਹੀਂ ਦੁਨੀਆਂ ਦੇ ਵੱਖ ਵੱਖ ਕੋਨਿਆਂ ਤਕ ਜਾਵੇਗਾ। ਦਵਿੰਦਰ ਬਾਜਵਾ ਨੇ ਕਿਹਾ ਕਿ ਉਸ ਦਾ ਅਗਲਾ ਸਫ਼ਰ ਮੋਟਰਸਾਈਕਲ ਰਾਹੀਂ ਸ੍ਰੀ ਆਨੰਦਪੁਰ ਸਾਹਿਬ ਤੋਂ ਵਾਇਆ ਰੋਡ ਮਿਆਂਮਾਰ ਤੋਂ ਹੁੰਦੇ ਹੋਏ ਥਾਈਲੈਂਡ ਸਿੰਗਾਪੁਰ ਤੇ ਹੋਰ ਦੇਸ਼ਾਂ ਦਾ ਹੋਵੇਗਾ।