
ਲੁਧਿਆਣਾ ਵਿਚ ਫ਼ੈਕਟਰੀ ਮਾਲਕ ਤੇ ਠੇਕੇਦਾਰ ਦੀ ਲਾਪ੍ਰਵਾਹੀ ਨੇ ਲਈ ਤਿੰਨ ਮਜ਼ਦੂਰਾਂ ਦੀ ਜਾਨ
ਲੁਧਿਆਣਾ, 5 ਅਪ੍ਰੈਲ (ਪ੍ਰਮੋਦ ਕੌਸ਼ਲ): ਲੁਧਿਆਣਾ ਵਿਖੇ ਇਕ ਫ਼ੈਕਟਰੀ ਮਾਲਕ ਤੇ ਠੇਕੇਦਾਰ ਦੀ ਲਾਪ੍ਰਵਾਹੀ ਦੇ ਚਲਦਿਆਂ ਫ਼ੈਕਟਰੀ ਦੀ ਛੱਤ ਨੂੰ ਉਚਾ ਚੁਕਣ ਸਮੇਂ ਛੱਤ ਡਿੱਗਣ ਕਰ ਕੇ 40 ਦੇ ਕਰੀਬ ਮਜ਼ਦੂਰ ਹੇਠਾਂ ਦਬ ਗਏ ਜਿਨ੍ਹਾਂ ਵਿਚੋਂ 37 ਨੂੰ ਬਾਹਰ ਕੱਢ ਲਿਆ ਗਿਆ ਜਦਕਿ ਬਾਕੀਆਂ ਨੂੰ ਬਾਹਰ ਕੱਢਣ ਲਈ ਜਦੋਜਹਿਦ ਜਾਰੀ ਹੈ | ਇਸ ਹਾਦਸੇ ਦੌਰਾਨ 3 ਮਜ਼ਦੂਰਾਂ ਦੀ ਮੌਤ ਹੋ ਗਈ | ਹਾਦਸਾ ਉਸ ਸਮੇਂ ਵਾਪਰਿਆ ਜਦੋਂ ਫ਼ੈਕਟਰੀ ਦੀ ਛੱਤ ਨੂੰ ਉਚਾ ਚੁਕਣ ਲਈ ਕਈ ਜੈੱਕ ਲਗਾਏ ਗਏ ਸੀ ਜਿਨ੍ਹਾਂ ਦੀ ਮਦਦ ਨਾਲ ਲੈਂਟਰ ਚੁਕਣ ਦਾ ਕੰਮ ਕੀਤਾ ਜਾ ਰਿਹਾ ਸੀ | ਪ੍ਰਸ਼ਾਸਨ ਵਲੋਂ ਫ਼ੈਕਟਰੀ ਮਾਲਕ ਤੇ ਠੇਕੇਦਾਰ ਵਿਰੁਧ ਮੁਕੱਦਮਾ ਦਰਜ ਕਰ ਲਿਆ ਗਿਆ ਹੈ | ਪਤਾ ਲਗਾ ਹੈ ਕਿ ਛੱਤ ਨੂੰ ਉਚਾ ਚੁਕਣ ਲਈ ਕੋਈ ਇਜਾਜ਼ਤ ਵੀ ਨਹੀਂ ਸੀ ਲਈ ਗਈ |
ਜਾਣਕਾਰੀ ਮੁਤਾਬਕ ਘਟਨਾ ਸੋਮਵਾਰ ਸਵੇਰੇ ਤਕਰੀਬਨ 9:50 ਵਜੇ ਦੀ ਹੈ. ਜਦੋਂ ਲੁਧਿਆਣਾ ਦੇ ਡਾਬਾ ਰੋਡ ਦੇ ਮੁਕੰਦ ਸਿੰਘ ਨਗਰ ਵਿਚ ਸਥਿਤ ਜਸਮੇਲ ਸਿੰਘ ਐਂਡ ਸੰਜ਼ ਨਾਮਕ ਆਟੋ ਪਾਰਟਸ ਦੀ ਇਕ ਫ਼ੈਕਟਰੀ ਦੀ ਤੀਜੀ ਮੰਜ਼ਲ ਦਾ ਲੈਂਟਰ ਚੁਕਿਆ ਜਾਣਾ ਸੀ | ਪਤਾ ਲੱਗਾ ਹੈ ਕਿ ਇਸ ਲਈ ਸਵੇਰੇ 4 ਵਜੇ ਤੋਂ ਹੀ ਠੇਕੇਦਾਰ ਲੇਬਰ ਸਮੇਤ ਪਹੁੰਚ ਗਿਆ ਤੇ ਕੰਮ ਸ਼ੁਰੂ ਕਰ ਦਿਤਾ ਗਿਆ | ਦਸਿਆ ਜਾ ਰਿਹਾ ਹੈ ਕਿ ਲੈਂਟਰ ਚੁਕਣ ਲਈ 40 ਜੈੱਕ ਲਗਾਏ ਗਏ ਸਨ | ਜਦੋਂ ਕੰਮ ਸ਼ੁਰੂ ਹੋਇਆ ਤਾਂ ਅਚਾਨਕ ਹੀ ਧਮਾਕਾ ਹੁੰਦਾ ਹੈ ਤਾਂ ਪਤਾ ਲਗਿਆ ਕਿ ਲੈਂਟਰ ਡਿੱਗ ਪਿਆ |
ਪ੍ਰਤੱਖਦਰਸ਼ੀਆਂ ਦੀ ਮੰਨੀਏ ਤਾਂ ਲੈਂਟਰ ਡਿਗਦੇ ਸਾਰ ਹੀ ਕੁੱਝ ਮਜ਼ਦੂਰ ਬਾਹਰ ਵਾਲੇ ਪਾਸੇ ਆ ਡਿੱਗੇ ਜਦਕਿ 40 ਦੇ ਕਰੀਬ ਮਜ਼ਦੂਰ ਲੈਂਟਰ ਹੇਠਾਂ ਦਬੇ ਗਏ | ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਸੱਭ ਤੋਂ ਪਹਿਲਾਂ ਮੌਕੇ 'ਤੇ ਪੁਲਿਸ ਪਹੁੰਚੀ ਜਦਕਿ ਤੁਰਤ ਹੀ ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਵਲੋਂ ਮੌਕੇ 'ਤੇ ਪਹੁੰਚ ਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਗਿਆ | ਘਟਨਾ ਸਥੱਲ ਦਾ ਮੁਆਇਨਾ ਕਰਦਿਆਂ ਉਨ੍ਹਾਂ ਨੈਸ਼ਨਲ ਡਿਜਾਸਟਰ ਰਿਸਪਾਂਸ ਫ਼ੋਰਸ (ਐਨ.ਡੀ.ਆਰ.ਐਫ਼), ਸਟੇਟ ਡਿਜਾਸਟਰ ਰਿਸਪਾਂਸ ਫ਼ੰਡ (ਐਸ.ਡੀ.ਆਰ.ਐਫ਼), ਫ਼ਾਇਰ ਬਿ੍ਗੇਡ, ਸਥਾਨਕ ਪੁਲਿਸ ਅਤੇ ਹੋਰ ਟੀਮਾਂ ਨੂੰ ਬਚਾਅ ਕਾਰਜਾਂ ਦਾ ਜਿੰਮਾ ਸੌਂਪਿਆ ਤਾਂ ਜੋ ਜਸਮੇਲ ਸਿੰਘ ਐਂਡ ਸੰਨਜ਼ ਨਾਮੀ ਆਟੋ-ਪਾਰਟ ਨਿਰਮਾਤਾ ਕੰਪਨੀ ਵਿਚ ਬਾਕੀ ਫਸੇ ਵਿਅਕਤੀਆਂ ਨੂੰ ਬਚਾਇਆ ਜਾ ਸਕੇ | ਉਨ੍ਹਾਂ ਦਸਿਆ ਕਿ ਘਟਨਾ ਮੌਕੇ 40 ਮਜ਼ਦੂਰ ਫ਼ੈਕਟਰੀ ਵਿਚ ਕੰਮ ਕਰ ਰਹੇੇ ਸਨ ਅਤੇ ਟੀਮਾਂ ਵਲੋਂ 37 ਵਿਅਕਤੀਆਂ ਨੂੰ ਬਾਹਰ ਕੱਢ ਕੇ ਵੱਖ-ਵੱਖ ਹਸਪਤਾਲਾਂ ਵਿਚ ਭੇਜਿਆ ਗਿਆ | ਉਨ੍ਹਾਂ ਦਸਿਆ ਕਿ ਇਕ ਮਜ਼ਦੂਰ ਨੂੰ ਮਿ੍ਤਕ ਘੋਸ਼ਿਤ ਕੀਤਾ ਗਿਆ ਹੈ, ਇਕ ਹਸਪਤਾਲ ਵਿਚ ਇਲਾਜ ਦੌਰਾਨ ਦਮ ਤੋੜ ਗਿਆ, ਜਦੋਂ ਕਿ ਮਲਬੇ ਵਿਚੋਂ ਇਕ ਲਾਸ਼ ਬਰਾਮਦ ਕੀਤੀ ਗਈ ਹੈ ਅਤੇ ਸੱਤ ਵਿਅਕਤੀਆਂ ਦੇ ਸੱਟਾਂ ਲੱਗੀਆਂ ਹਨ |
ਉਨ੍ਹਾਂ ਦਸਿਆ ਕਿ ਫ਼ੈਕਟਰੀ ਮਾਲਕ ਕਥਿਤ ਤੌਰ 'ਤੇ ਲੈਂਟਰ ਦੀ ਉਚਾਈ ਨੂੰ ਚੁਕਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਛੱਤ ਡਿੱਗ ਗਈ | ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਇਸ ਦੀ ਵਿਸਥਾਰਤ ਜਾਂਚ ਬਾਅਦ ਵਿਚ ਕੀਤੀ ਜਾਵੇਗੀ, ਪਰ ਇਸ ਵੇਲੇ ਮਜ਼ਦੂਰਾਂ ਦੀ ਜਾਨ ਬਚਾਉਣੀ ਵੱਡੀ ਤਰਜ਼ੀਹ ਹੈ | ਉਨ੍ਹਾਂ ਕਿਹਾ ਕਿ ਇਸ ਕੰਮ ਵਿਚ ਨਿਰਮਾਣ ਕਾਰਜ ਦੀ ਆਗਿਆ ਨਹੀਂ ਲਈ ਗਈ ਸੀ | ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦਸਿਆ ਕਿ ਮਾਲਕ ਅਤੇ ਠੇਕੇਦਾਰ ਵਿਰੁਧ ਕੇਸ ਦਰਜ ਕੀਤਾ ਗਿਆ ਹੈ | ਹੈਰਾਨੀ ਵਾਲੀ ਗੱਲ ਹੈ ਕਿ ਪਹਿਲਾਂ ਤਾਂ ਪ੍ਰਸ਼ਾਸਨ ਨੇ ਵੀ ਕੋਈ ਧਿਆਨ ਨਹੀਂ ਸੀ ਦਿਤਾ ਪਰ ਹੁਣ ਹਾਦਸਾ ਹੋਣ ਤੋਂ ਬਾਅਦ ਪ੍ਰਸ਼ਾਸਨ ਵਲੋਂ ਇਸ ਬਿਲਡਿੰਗ ਦੇ ਨਾਲ ਲਗਦੀਆਂ ਦੋ ਹੋਰ ਇਮਾਰਤਾਂ ਨੂੰ ਵੀ ਅਨਸੇਫ ਐਲਾਨਿਆ ਹੈ |
Ldh_Parmod_5_1 to 1 3: ਫ਼ੈਕਟਰੀ ਦੀ ਡਿੱਗੀ ਹੋਈ ਛੱਤ ਦੇ ਮੌਕੇ ਦੀਆਂ ਤਸਵੀਰਾਂ
Ldh_Parmod_5_1 4 & 1 5: ਮੌਕੇ ਤੇ ਸਥਿਤੀ ਦਾ ਜਾਇਜ਼ਾ ਲੈਂਦੇ ਹੋਏ ਡੀ.ਸੀ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ, ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ
ਡੱਬੀ
ਕੈਪਟਨ ਵਲੋਂ ਮਿ੍ਤਕਾਂ ਦੇ ਪ੍ਰਵਾਰਾਂ ਨੂੰ 2 ਲੱਖ ਰੁਪਏ ਦੇਣ ਦਾ ਐਲਾਨ
ਉਧਰ, ਇਸ ਹਾਦਸੇ 'ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਡੂੰਘੇ ਦੁਖ ਦਾ ਪ੍ਰਗਟਾਵਾ ਕਰਦਿਆਂ ਮਿ੍ਤਕਾਂ ਦੇ ਪ੍ਰਵਾਰ ਨੂੰ 2 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ ਜਦਕਿ ਜ਼ਖ਼ਮੀਆਂ ਦਾ ਇਲਾਜ ਮੁਫ਼ਤ ਕਰਵਾਉਣ ਲਈ ਵੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਦਾਇਤ ਜਾਰੀ ਕੀਤੀ ਹੈ | ਨਾਲ ਹੀ ਇਸ ਸਾਰੇ ਮਾਮਲੇ ਦੀ ਮੈਜਿਸਟ੍ਰੇਟੀ ਜਾਂਚ ਦੇ ਵੀ ਹੁਕਮ ਦਿਤੇ ਗਏ ਹਨ ਜਿਸ ਤਹਿਤ ਡਵੀਜ਼ਨਲ ਕਮਿਸ਼ਨਰ ਪਟਿਆਲਾ ਇਸ ਮਾਮਲੇ ਦੀ ਜਾਂਚ ਕਰਨਗੇ ਅਤੇ ਸਰਕਾਰ ਨੂੰ ਰੀਪੋਰਟ ਸੌਂਪਣਗੇ |