
5-5 ਵਾਰ ਮੁੱਖ ਮੰਤਰੀ ਰਹਿਣ ਵਾਲੇ ਪ੍ਰਕਾਸ਼ ਸਿੰਘ ਬਾਦਲ ਨੂੰ 97 ਸਾਲਾਂ ਦੀ ਉਮਰ 'ਚ ਕਿਸ ਤੋਂ ਖ਼ਤਰਾ?: ਵਿਧਾਇਕ ਫ਼ੌਜਾ ਸਿੰਘ
ਬਠਿੰਡਾ, 5 ਅਪ੍ਰੈਲ (ਪਰਵਿੰਦਰਜੀਤ ਸਿੰਘ) : ਗੁਰੂ ਹਰਸਹਾਏ ਤੋਂ 'ਆਪ' ਦੇ ਐਮਐਲਏ ਫ਼ੌਜਾ ਸਿੰਘ ਨੇ ਕਿਹਾ ਹੈ ਕਿ 5-5 ਵਾਰ ਮੁੱਖ ਮੰਤਰੀ ਰਹਿਣ ਵਾਲੇ ਪ੍ਰਕਾਸ਼ ਸਿੰਘ ਬਾਦਲ ਨੂੰ 97 ਸਾਲਾਂ ਦੀ ਉਮਰ ਵਿਚ ਕਿਸ ਤੋਂ ਖ਼ਤਰਾ ਹੈ? ਜ਼ੈੱਡ ਸਕਿਉਰਿਟੀ ਦੇ ਨਾਮ ਹੇਠ 80-80 ਬੰਦੇ ਨਾਲ ਬੰਨ੍ਹੇ ਹੋਏ ਹਨ | ਸਿਰਫ਼ ਸਟੇਟਸ ਸਿੰਬਲ ਲਈ ਹੀ ਇੰਨੇ ਮੁਲਾਜ਼ਮ ਗੰਨਮੈਨਾਂ ਦੇ ਰੂਪ ਵਿਚ ਵਰਤੇ ਜਾ ਰਹੇ ਹਨ ਜੋ ਬਿਲਕੁਲ ਨਾਜਾਇਜ਼ ਹੈ |
ਪੰਜਾਬ ਵਿਚ ਗੰਨਮੈਨ ਹਾਸਲ ਕਰਨ ਲਈ ਗ਼ਲਤ ਰਿਪੋਰਟਾਂ ਤਿਆਰ ਕਰਵਾਈਆਂ ਜਾਂਦੀਆਂ ਸਨ | ਸਟੇਟਸ ਸਿੰਬਲ ਲਏ ਹੋਏ ਹਨ ਜਿਨ੍ਹਾਂ ਦੀ ਇਨਕੁਆਰੀ ਕੀਤੀ ਜਾਵੇਗੀ | ਅਸੀਂ ਕੁੱਝ ਲੋਕਾਂ ਤੋਂ ਗੰਨਮੈਨ ਵਾਪਸ ਵੀ ਲੈ ਲਏ ਹਨ ਅਤੇ ਬਾਕੀ ਤੋਂ ਵੀ ਲਵਾਂਗੇ | ਮੈਨੂੰ ਚਾਰ ਗੰਨਮੈਨ ਅਲਾਟ ਹੋਏ ਹਨ ਪਰ ਮੈਂ ਇਕ ਹੀ ਲਿਆ ਹੋਇਆ ਹੈ ਕਿਉਂਕਿ ਥਾਣਿਆਂ ਵਿਚ ਪੁਲਿਸ ਦੀ ਕਮੀ ਹੈ | ਜਿਥੇ ਵੀ ਕੋਈ ਘਟਨਾ ਹੋ ਜਾਂਦੀ ਹੈ ਉਥੇ ਮੁਲਾਜ਼ਮ ਨਾ ਹੋਣ ਕਰ ਕੇ ਪੁਲਿਸ ਨਹੀਂ ਪਹੁੰਚ ਸਕਦੀ | ਗੁਰੂ ਹਰਸਹਾਏ ਦੇ ਐਮਐਲਏ ਫ਼ੌਜਾ ਸਿੰਘ ਅੱਜ ਬਠਿੰਡਾ ਵਿਚ ਪੈਨਸ਼ਨਰਜ਼ ਐਸੋਸੀਏਸ਼ਨ ਦੇ ਸਮਾਗਮ ਵਿਚ ਆਏ ਸਨ ਜੋ ਖ਼ੁਦ ਵੀ ਇਸ ਐਸੋਸੀਏਸ਼ਨ ਦੇ ਮੈਂਬਰ ਹਨ |
ਬਠਿੰਡਾ ਦੇ ਐਮ ਐਲ ਏ ਜਗਰੂਪ ਸਿੰਘ ਗਿੱਲ ਵਲੋਂ ਨਾ ਹੀ ਸਰਕਾਰੀ ਗੱਡੀ ਅਤੇ ਨਾ ਹੀ ਕੋਈ ਗੰਨਮੈਨ ਲਏ ਜਾਣ ਤੇ ਉਨ੍ਹਾਂ ਕਿਹਾ,''ਮੈਂ ਉਨ੍ਹਾਂ ਨੂੰ ਵਧਾਈ ਦਿੰਦਾ ਹਾਂ ਅਤੇ ਸਾਰਿਆਂ ਨੂੰ ਹੀ ਅਪੀਲ ਕਰਾਂਗਾ ਕਿ ਤੁਸੀਂ ਵੀ ਇਸ ਤਰ੍ਹਾਂ ਕਰੋ | 2004 ਤੂੰ ਮੁਲਾਜ਼ਮਾਂ ਦੀ ਪੈਨਸ਼ਨ ਬੰਦ ਹੋ ਚੁੱਕੀ ਹੈ ਅਤੇ ਮੁਲਾਜ਼ਮ ਇਸ ਲਈ ਲੜ ਰਹੇ ਹਨ ਕਿ ਸਾਡੀ ਪੈਨਸ਼ਨ ਬਹਾਲ ਕੀਤੀ ਜਾਵੇ | ਮੈਂ ਵੀ ਉਨ੍ਹਾਂ ਵਿਚ ਸ਼ਾਮਲ ਹਾਂ | ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੁਣੇ ਬਣੀ ਹੈ | ਇਸ ਨੂੰ ਵੀ ਪਹਿਲ ਦੇ ਆਧਾਰ 'ਤੇ ਦੇਖਿਆ ਜਾਵੇਗਾ | ਇਹ ਪੈਨਸ਼ਨ ਅੰਗਰੇਜ਼ ਸਮੇਂ ਤੋਂ ਚਲਦੀ ਆ ਰਹੀ ਸੀ ਕਿਉਂਕਿ ਮੁਲਾਜ਼ਮ ਜਦੋਂ ਅਠਵੰਜਾ ਸਾਲ ਦੀ ਉਮਰ ਵਿਚ ਸੇਵਾ ਮੁਕਤ ਹੋ ਜਾਂਦਾ ਹੈ ਤਾਂ ਇਕ ਪੈਨਸ਼ਨ ਹੀ ਹੈ ਜੋ ਉਸ ਦਾ ਬੁਢਾਪੇ ਵਿਚ ਸਹਾਰਾ ਬਣਦੀ ਹੈ | ਅਸੀਂ ਜਲਦੀ ਹੀ ਉਨ੍ਹਾਂ ਦੀ ਪੈਨਸ਼ਨ ਬਹਾਲ ਕਰਾਂਗੇ |''