
ਭਗਵੰਤ ਮਾਨ ਵਲੋਂ ਏ.ਡੀ.ਜੀ.ਪੀ. ਰੈਂਕ ਦੇ ਅਧਿਕਾਰੀ ਦੀ ਅਗਵਾਈ ਹੇਠ ਗੈਂਗਸਟਰ ਵਿਰੋਧੀ ਟਾਸਕ ਫ਼ੋਰਸ ਗਠਤ ਕਰਨ ਦਾ ਐਲਾਨ
ਕਾਨੂੰਨ ਵਿਵਸਥਾ ਵਿਚ ਲੋਕਾਂ ਦਾ ਭਰੋਸਾ ਬਹਾਲ ਕਰਨ ਲਈ ਚੁਕਿਆ ਕਦਮ
ਚੰਡੀਗੜ੍ਹ, 5 ਅਪ੍ਰੈਲ (ਭੁੱਲਰ): ਸੂਬਾ ਭਰ ਵਿਚ ਗੈਂਗਸਟਰਾਂ ਦੇ ਨੈੱਟਵਰਕ ਦਾ ਸਫਾਇਆ ਕਰ ਕੇ ਨਾਗਰਿਕਾਂ ਵਿਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੂਬੇ ਦੇ ਪੁਲਿਸ ਮੁਖੀ ਵੀ.ਕੇ. ਭਾਵਰਾ ਨੂੰ ਏ.ਡੀ.ਜੀ.ਪੀ. ਰੈਂਕ ਦੇ ਅਧਿਕਾਰੀ ਦੀ ਅਗਵਾਈ ਹੇਠ ਗੈਂਗਸਟਰ ਵਿਰੋਧੀ ਟਾਸਕ ਫ਼ੋਰਸ (ਏ.ਜੀ.ਟੀ.ਐਫ਼.) ਗਠਤ ਕਰਨ ਦੇ ਨਿਰਦੇਸ਼ ਦਿਤੇ ਹਨ |
ਪੁਲਿਸ ਵਿਭਾਗ ਦੀ ਉੱਚ ਪਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਭਗਵੰਤ ਮਾਨ ਨੇ ਸੰਗਠਤ ਅਪਰਾਧ ਦੇ ਖ਼ਾਤਮੇ ਦੀ ਲੋੜ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਪੁਲਿਸਤੰਤਰ ਵਿਚ ਲੋਕਾਂ ਦਾ ਭਰੋਸਾ ਬਹਾਲ ਕਰਨ ਲਈ ਸੂਬੇ ਵਿਚ ਅਮਨ-ਕਾਨੂੰਨ ਦੀ ਵਿਵਸਥਾ ਨੂੰ ਯਕੀਨੀ ਬਣਾਉਣਾ ਮੁੱਖ ਤਰਜੀਹ ਹੈ | ਉਨ੍ਹਾਂ ਨੇ ਨਸ਼ਿਆਂ ਦੇ ਵਪਾਰ ਅਤੇ ਕਬੱਡੀ ਜਗਤ ਵਿਚ ਪਹਿਲਾਂ ਹੀ ਅਪਣੇ ਪੈਰ ਪਾਸਾਰ ਚੁੱਕੇ ਇਸ ਗਠਜੋੜ ਨੂੰ ਤੋੜਨ ਲਈ ਪੁਲਿਸ ਫ਼ੋਰਸ ਨੂੰ ਫ਼ੰਡਾਂ ਤੋਂ ਇਲਾਵਾ ਲੋੜੀਂਦੇ ਸਟਾਫ਼, ਨਵੀਨਤਮ ਸਾਜ਼ੋ-ਸਾਮਾਨ ਅਤੇ ਸੂਚਨਾ ਤਕਨਾਲੋਜੀ ਮੁਹਈਆ ਕਰਵਾਉਣ ਦਾ ਭਰੋਸਾ ਦਿਤਾ | ਹੋਰ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਏ.ਜੀ.ਟੀ.ਐਫ਼. ਦੇਸ਼ ਵਿਚ ਅਜਿਹੀਆਂ ਵਿਸ਼ੇਸ਼ ਯੂਨਿਟਾਂ ਦੀ ਤਰਜ਼ 'ਤੇ ਖ਼ੁਫ਼ੀਆ ਜਾਣਕਾਰੀ ਹਾਸਲ ਕਰਨਾ, ਕਾਰਵਾਈਆਂ ਕਰਨ, ਐਫ਼.ਆਈ.ਆਰਜ਼ ਦਰਜ ਕਰਨ, ਜਾਂਚ ਅਤੇ ਮੁਕੱਦਮਾ ਚਲਾਉਣ ਦਾ ਕੰਮ ਕਰੇਗੀ | ਜ਼ਿਲਿ੍ਹਆਂ ਦੇ ਪੁਲਿਸ ਕਮਿਸ਼ਨਰਾਂ ਅਤੇ ਐਸ.ਐਸ.ਪੀਜ਼ ਨੂੰ ਸੰਗਠਤ ਅਪਰਾਧਾਂ ਵਿਰੁਧ ਆਪਸੀ ਤਾਲਮੇਲ ਨਾਲ ਯਤਨ ਕਰਨ ਦੇ ਨਿਰਦੇਸ਼ ਦਿੰਦਿਆਂ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਭਰ ਵਿਚ ਸੰਗਠਤ ਅਪਰਾਧਾਂ ਵਿਰੁਧ ਕਾਰਵਾਈ ਕਰਨ ਲਈ ਸੂਬਾ ਪਧਰੀ ਅਧਿਕਾਰ ਖੇਤਰ ਵਾਲੇ ਨਵੇਂ ਥਾਣਿਆਂ ਨੂੰ ਜਲਦ ਹੀ ਨੋਟੀਫ਼ਾਈ ਕੀਤਾ ਜਾਵੇਗਾ ਤਾਂ ਜੋ ਆਮ ਲੋਕਾਂ ਦੇ ਮਨਾਂ ਵਿਚ ਗੈਂਗਸਟਰਾਂ ਵਲੋਂ ਫੈਲਾਈ ਦਹਿਸ਼ਤ ਨੂੰ ਦੂਰ ਕੀਤਾ ਜਾ ਸਕੇ |
ਭਗਵੰਤ ਮਾਨ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਉਨ੍ਹਾਂ ਨੇ ਸੂਬੇ ਦੀਆਂ ਵੱਖ-ਵੱਖ ਜੇਲਾਂ ਵਿਚ ਬੰਦ ਗੈਂਗਸਟਰਾਂ ਦੀਆਂ ਗਤੀਵਿਧੀਆਂ 'ਤੇ ਸਖ਼ਤ ਨਜ਼ਰ ਰੱਖਣ ਲਈ ਜੇਲ ਵਿਭਾਗ ਨੂੰ ਪਹਿਲਾਂ ਹੀ ਨਿਰਦੇਸ਼ ਦਿਤੇ ਹਨ ਅਤੇ ਇਸ ਸਬੰਧ ਵਿਚ ਕਿਸੇ ਵੀ ਤਰ੍ਹਾਂ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਸੰਗਰੂਰ ਜ਼ਿਲ੍ਹੇ ਵਿਚ ਅਪਰਾਧ ਦੀ ਦਰ ਵਿਚ ਭਾਰੀ ਗਿਰਾਵਟ ਲਿਆਉਣ ਸਬੰਧੀ ਅਪਣਾ ਨਿਜੀ ਤਜਰਬਾ ਸਾਂਝਾ ਕਰਦਿਆਂ ਮਾਨ ਨੇ ਕਿਹਾ ਕਿ ਬਤੌਰ ਸੰਸਦ ਮੈਂਬਰ ਉਨ੍ਹਾਂ ਨੇ ਅਪਣੇ ਐਮ.ਪੀ.ਫ਼ੰਡ ਵਿਚੋਂ ਜ਼ਿਲ੍ਹੇ ਦੇ ਪ੍ਰਮੁੱਖ ਕਸਬਿਆਂ ਵਿਚ ਸਥਾਨਕ ਪੁਲਿਸ ਸਟੇਸ਼ਨਾਂ ਨਾਲ ਜੁੜੇ ਵਾਈ-ਫਾਈ ਸੀਸੀਟੀਵੀ ਕੈਮਰੇ ਲਾਉਣ ਦੀ ਪਹਿਲਕਦਮੀ ਕੀਤੀ ਹੈ | ਭਗਵੰਤ ਮਾਨ ਨੇ ਕਿਹਾ,Tਇਸ ਪ੍ਰਾਜੈਕਟ ਤਹਿਤ ਬਹੁਤ ਘੱਟ ਕੀਮਤ 'ਤੇ ਹਾਈ-ਰੈਜ਼ੋਲਿਊਸ਼ਨ ਕੈਮਰੇ ਲਗਾਏ ਗਏ ਸਨ, ਜਿਨ੍ਹਾਂ ਨੇ 24 ਘੰਟੇ ਨਿਗਰਾਨੀ ਨੂੰ ਯਕੀਨੀ ਬਣਾ ਕੇ ਆਮ ਲੋਕਾਂ ਵਿਚ ਸੁਰੱਖਿਆ ਦੀ ਭਾਵਨਾ ਪੈਦਾ ਕੀਤੀ ਹੈ |''
ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ. ਵੇਣੂ ਪ੍ਰਸਾਦ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਗੌਰਵ ਯਾਦਵ ਤੋਂ ਇਲਾਵਾ ਸਾਰੇ ਡੀ.ਜੀ.ਪੀ., ਵਿਸ਼ੇਸ਼ ਡੀ.ਜੀ.ਪੀ., ਏ.ਡੀ.ਜੀ.ਪੀ., ਆਈ.ਜੀ., ਡੀ.ਆਈ.ਜੀ., ਪੁਲਿਸ ਕਮਿਸ਼ਨਰ, ਏ.ਆਈ.ਜੀ. ਅਤੇ ਐਸ.ਐਸ.ਪੀ ਸ਼ਾਮਲ ਸਨ |