
ਭਾਕਿਯੂ (ਉਗਰਾਹਾਂ) ਦੀ ਭਗਵੰਤ ਮਾਨ ਨਾਲ ਮੀਟਿੰਗ 'ਚ 50 ਕਰੋੜ ਰੁਪਏ ਦੇ ਮੁਆਵਜ਼ੇ 'ਤੇ ਬਣੀ ਸਹਿਮਤੀ
ਲੰਬੀ 'ਚ ਲਾਠੀਚਾਰਜ ਦੇ ਮਾਮਲੇ 'ਚ ਡੀ.ਸੀ. ਤੇ ਡੀ.ਐਸ.ਪੀ. ਵਿਰੁਧ ਕਾਰਵਾਈ ਦੀ ਵੀ ਮੁੱਖ ਮੰਤਰੀ ਨੇ ਹਾਮੀ ਭਰੀ
ਚੰਡੀਗੜ੍ਹ, 5 ਅਪ੍ਰੈਲ (ਗੁਰਉਪਦੇਸ਼ ਭੁੱਲਰ) : ਲੰਬੀ ਵਿਚ ਪਿਛਲੇ ਦਿਨੀਂ ਮਾਲ ਵਿਭਾਗ ਦੇ ਅਫ਼ਸਰਾਂ ਦਾ ਘਿਰਾਉ ਕਰ ਰਹੇ ਕਿਸਾਨਾਂ ਉਪਰ ਪੁਲਿਸ ਵਲੋਂ ਕੀਤੇ ਲਾਠੀਚਾਰਜ ਬਾਅਦ ਪੈਦਾ ਹੋਏ ਟਕਰਾਅ ਦੇ ਮੱਦੇਨਜ਼ਰ ਅੱਜ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਚੰਡੀਗੜ੍ਹ ਵਿਚ ਬੁਲਾ ਕੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੇ ਆਗੂਆਂ ਨਾਲ ਕੀਤੀ ਗਈ ਮੀਟਿੰਗ ਵਿਚ ਮਸਲੇ ਦਾ ਹੱਲ ਹੋ ਗਿਆ ਹੈ |
ਮੁੱਖ ਮੰਤਰੀ ਨੇ ਕਿਸਾਨ ਤੇ ਖੇਤ ਮਜ਼ਦੂਰ ਆਗੂਆਂ ਦੇ ਵਫ਼ਦ ਨਾਲ ਲੰਬੀ ਦੇ ਵਿਧਾਇਕ ਗੁਰਮੀਤ ਸਿੰਘ ਖੁੱਡੀਆਂ ਦੀ ਮੌਜੂਦਗੀ ਵਿਚ ਹੋਈ ਗੱਲਬਾਤ ਤੋਂ ਬਾਅਦ ਜ਼ਿਲ੍ਹਾ ਮੁਕਤਸਰ ਦੇ ਕਿਸਾਨਾਂ ਦੇ ਨਰਮੇ ਦੇ ਗੁਲਾਬੀ ਸੁੰਡੀ ਨਾਲ ਹੋਏ ਨੁਕਸਾਨ ਦੀ ਭਰਪਾਈ ਲਈ 50 ਕਰੋੜ ਰੁਪਏ ਦਾ ਮੁਆਵਜ਼ਾ ਦੇਣ ਲਈ ਸਹਿਮਤੀ ਦਿਤੀ ਹੈ | ਇਸ ਵਿਚ 5 ਕਰੋੜ ਦੀ ਰਾਸ਼ੀ ਨਰਮਾ ਚੁਗਣ ਵਾਲੇ ਖੇਤ ਮਜ਼ਦੂਰਾਂ ਨੂੰ ਦਿਤੀ ਜਾਣੀ ਹੈ | ਇਸ ਤੋਂ ਇਲਾਵਾ ਕਿਸਾਨ ਆਗੂਆਂ ਦੀ ਮੰਗ 'ਤੇ ਲਾਠੀਚਾਰਜ ਲਈ ਜ਼ਿੰਮੇਵਾਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਡੀਐਸਪੀ ਮਲੋਟ ਵਿਰੁਧ ਕਾਰਵਾਈ ਦੀ ਵੀ ਮੁੱਖ ਮੰਤਰੀ ਨੇ ਹਾਮੀ ਭਰੀ ਹੈ | ਲਾਠੀਚਾਰਜ ਸਮੇਂ ਕਿਸਾਨਾਂ ਅਤੇ ਖੇਤ ਮਜ਼ਦੂਰਾਂ 'ਤੇ ਦਰਜ ਪੁਲਿਸ ਪਰਚੇ ਵੀ ਵਾਪਸ ਲੈਣ ਲਈ ਮੁੱਖ ਮੰਤਰੀ ਨੇ ਮੰਗ ਪ੍ਰਵਾਨ ਕੀਤੀ ਹੈ | ਕਿਸਾਨਾਂ ਦੀਆਂ ਹੋਰ ਮੰਗਾਂ 'ਤੇ ਖੁਲ੍ਹਾ ਸਮਾਂ ਲਾ ਕੇ ਵਿਚਾਰ ਕਰਨ ਲਈ ਛੇਤੀ ਹੀ ਮੀਟਿੰਗ ਕਰਨ ਦਾ ਵਾਅਦਾ ਵੀ ਮੁੱਖ ਮੰਤਰੀ ਨੇ ਕੀਤਾ ਹੈ | ਇਹ ਮੰਗਾਂ ਪ੍ਰਵਾਨ ਹੋਣ ਬਾਅਦ ਕਿਸਾਨ ਤੇ ਖੇਤ ਮਜ਼ਦੂਰ ਯੂਨੀਅਨਾਂ ਨੇ ਲੰਬੀ ਵਿਚ ਚਲ ਰਿਹਾ ਅਪਣਾ ਅੰਦੋਲਨ ਵੀ ਵਾਪਸ ਲੈਣ ਦਾ ਐਕਸ਼ਨ ਕਰ ਦਿਤਾ ਹੈ | ਮੁੱਖ ਮੰਤਰੀ ਨਾਲ ਹੋਈ ਮੀਟਿੰਗ ਵਿਚ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ, ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ ਅਤੇ ਖੇਤ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ ਅਤੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਸ਼ਾਮਲ ਸਨ |