
ਮਜੀਠੀਆ ਦੀ ਅਦਾਲਤੀ ਹਿਰਾਸਤ ਵਿਚ ਵਾਧਾ
ਬਿਕਰਮ ਮਜੀਠੀਆ ਨੇ ਜੇਲ ਵਿਚ ਜਾਨ ਦਾ ਖ਼ਤਰਾ ਹੋਣ ਸਬੰਧੀ ਦਿਤੀ ਅਰਜ਼ੀ, ਸਰਕਾਰ ਅਤੇ ਜੇਲ ਸੁਪਰਡੈਂਟ ਨੂੰ 6 ਅਪ੍ਰੈਲ ਲਈ ਨੋਟਿਸ ਜਾਰੀ
ਐਸ.ਏ.ਐਸ ਨਗਰ, 5 ਅਪ੍ਰੈਲ (ਸੁਖਦੀਪ ਸਿੰਘ ਸੋਈ): ਪੰਜਾਬ ਦੇ ਬਹੁਚਰਚਿਤ ਡਰੱਗਜ਼ ਕੇਸ ਵਿਚ ਸਾਬਕਾ ਮੰਤਰੀ ਬਿਕਰਮ ਮਜੀਠੀਆ ਦੇ ਕੇਸ ਦੀ ਸੁਣਵਾਈ ਮੁਹਾਲੀ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਾਲਤ ਵਿਚ ਹੋਈ | ਅਦਾਲਤ ਨੇ 14 ਦਿਨਾਂ ਲਈ ਮਜੀਠੀਆ ਦੇ ਜੁਡੀਸ਼ੀਅਲ ਰਿਮਾਂਡ ਵਿਚ ਵਾਧਾ ਕਰਦਿਆਂ ਅਗਲੀ ਪੇਸ਼ੀ ਤੇ ਨਿਜੀ ਤੌਰ ਤੇ ਪੇਸ਼ ਹੋਣ ਲਈ ਕਿਹਾ ਹੈ | ਇਸ ਦੌਰਾਨ ਸਰਕਾਰੀ ਪੱਖ ਤੇ ਬਚਾਅ ਪੱਖ ਵਿਚ ਬਹਿਸ ਹੋਈ | ਮਜੀਠੀਆ ਨੇ ਵੀਡੀਉ ਕਾਨਫ਼ਰੰਸ ਰਾਹੀਂ ਪੇਸ਼ੀ ਭੁਗਤੀ | ਇਸ ਦੌਰਾਨ ਉਨ੍ਹਾਂ ਕਿਹਾ ਕਿ ਆਲ ਇਜ਼ ਨਾਟ ਵੈਲ | ਵਾਰ ਵਾਰ ਇਕ ਥਾਂ ਤੋਂ ਦੂਜੀ ਥਾਂ ਤੇ ਤਬਦੀਲ ਕੀਤਾ ਜਾ ਰਿਹਾ ਹੈ | ਇਸ ਦੌਰਾਨ ਮਜੀਠੀਆ ਦੇ ਵਕੀਲ ਐਚ ਐਸ ਧਨੋਆ, ਅਰਸ਼ਦੀਪ ਸਿੰਘ ਕਲੇਰ ਅਤੇ ਡੀ ਐਸ ਸੋਬਤੀ ਨੇ ਅਦਾਲਤ ਵਿਚ ਅਰਜ਼ੀ ਦਾਖ਼ਲ ਕੀਤੀ ਜਿਸ ਵਿਚ ਕਿਹਾ ਗਿਆ ਹੈ ਕਿ ਪਟਿਆਲਾ ਜੇਲ ਵਿਚ ਬਿਕਰਮ ਮਜੀਠੀਆ ਦੀ ਜਾਨ ਨੂੰ ਖ਼ਤਰਾ ਹੈ | ਅਰਜ਼ੀ ਵਿਚ ਕਿਹਾ ਗਿਆ ਹੈ ਕਿ ਮਜੀਠੀਆ ਨੂੰ ਸਰਕਾਰ ਵਲੋਂ ਜ਼ੈਡ ਪੁਲਿਸ ਸੁਰੱਖਿਆ ਮਿਲੀ ਹੋਈ ਹੈ ਅਤੇ ਉਹ ਖ਼ਾਲਿਸਤਾਨੀ ਅਤਿਵਾਦੀਆਂ ਦੇ ਨਿਸ਼ਾਨੇ 'ਤੇ ਚਲ ਰਹੇ ਹਨ |
ਅਰਜ਼ੀ ਵਿਚ ਕਿਹਾ ਗਿਆ ਹੈ ਕਿ ਮਜੀਠੀਆ ਨੂੰ ਗੈਂਗਸਟਰਾਂ ਤੋਂ ਵੀ ਧਮਕੀਆਂ ਮਿਲੀਆ ਹੋਈਆਂ ਹਨ | ਅਰਜ਼ੀ ਵਿਚ ਕਿਹਾ ਗਿਆ ਹੈ ਕਿ ਬੀਤੀ ਰਾਤ ਡੀ ਆਈ ਜੀ ਜੇਲਾਂ ਵਲੋਂ ਮਜੀਠੀਆ ਨੂੰ ਫਾਂਸੀ ਚੱਕੀ ਵਿਚ ਭੇਜਣ ਦੀ ਕੋਸ਼ਿਸ਼ ਕੀਤੀ ਗਈ ਜਿਥੇ ਮੌਤ ਦੀ ਸਜ਼ਾ ਪ੍ਰਾਪਤ ਕੈਦੀਆਂ ਨੂੰ ਰਖਿਆ ਜਾਂਦਾ ਹੈ |
ਇਸ ਸਬੰਧੀ ਜੇਲ ਅਧਿਕਾਰੀਆਂ ਵਲੋਂ ਡੀ ਆਈ ਜੀ ਨੂੰ ਦਸਿਆ ਗਿਆ ਕਿ ਬੇਨਤੀਕਰਤਾ ਨੂੰ ਫਾਂਸੀ ਚੱਕੀ ਨਹੀਂ ਲਿਜਾਇਆ ਜਾ ਸਕਦਾ ਕਿਉਂਕਿ ਉੱਥੇ ਉਨ੍ਹਾਂ ਦੀ ਹਾਜ਼ਰੀ ਨਹੀਂ ਲਗਾਈ ਜਾ ਸਕਦੀ ਜਿਸ ਤੋਂ ਬਾਅਦ ਮਜੀਠੀਆ ਨੂੰ ਜੋਰਾ ਚੱਕੀ ਵਿਚ ਤਬਦੀਲ ਕਰ ਦਿਤਾ ਗਿਆ ਜੋ ਫਾਂਸੀ ਚੱਕੀ ਦੇ ਬਿਲਕੁਲ ਨਾਲ ਹੈ | ਅਰਜ਼ੀ ਵਿਚ ਕਿਹਾ ਗਿਆ ਹੈ ਕਿ ਜਿਸ ਬੈਰਕ ਵਿਚ ਮਜੀਠੀਆ ਨੂੰ ਰਖਿਆ ਗਿਆ ਹੈ ਉੱਥੇ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੈ | ਇਸ ਲਈ ਉਨ੍ਹਾਂ ਨੂੰ ਪਹਿਲਾਂ ਵਾਲੀ ਬੈਰਕ ਵਿਚ ਵਾਪਸ ਭੇਜਿਆ ਜਾਵੇ | ਇਸ ਸਬੰਧੀ ਅਦਾਲਤ ਵਲੋਂ 6 ਅਪ੍ਰੈਲ ਲਈ ਪੰਜਾਬ ਸਰਕਾਰ ਅਤੇ ਜੇਲ ਸੁਪਰਡੈਂਟ ਨੂੰ ਨੋਟਿਸ ਜਾਰੀ ਕੀਤਾ ਹੈ |