
ਇਸ ਪਾਰਟੀ ਵੱਲੋਂ ਚੋਣ ਮੈਦਾਨ 'ਚ ਉਤਰ ਸਕਦੀ ਹੈ ਵਿਨੋਦ ਖੰਨਾ ਦੀ ਪਤਨੀ !
Lok sabha Election 2024 : ਲੋਕ ਸਭਾ ਚੋਣਾਂ (Lok sabha Election 2024 ) ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਨੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਇਸ ਦੌਰਾਨ ਕੁੱਝ ਥਾਵਾਂ 'ਤੇ ਪਾਰਟੀ ਦੇ ਦਾਅਵੇਦਾਰ ਮੰਨੇ ਜਾਣ ਵਾਲੇ ਉਮੀਦਵਾਰਾਂ ਦੀ ਨਿਰਾਜਗੀ ਵੀ ਦੇਖਣ ਨੂੰ ਮਿਲ ਰਹੀ ਹੈ। ਬਾਲੀਵੁੱਡ ਅਦਾਕਾਰ ਅਤੇ ਗੁਰਦਾਸਪੁਰ ਤੋਂ ਸਾਬਕਾ ਸੰਸਦ ਮੈਂਬਰ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਇਸ ਸੀਟ ਤੋਂ ਭਾਜਪਾ ਦੀ ਟਿਕਟ ਦੀ ਮਜ਼ਬੂਤ ਦਾਅਵੇਦਾਰ ਮੰਨੀ ਜਾ ਰਹੀ ਸੀ ਪਰ ਭਾਜਪਾ ਨੇ ਇਸ ਸੀਟ ਤੋਂ ਦਿਨੇਸ਼ ਬੱਬੂ ਨੂੰ ਚੋਣ ਮੈਦਾਨ ’ਚ ਉਤਾਰ ਦਿੱਤਾ ਹੈ।
ਸੂਤਰਾਂ ਅਨੁਸਾਰ ਹੁਣ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਵਿਤਾ ਖੰਨਾ ਨੂੰ ਇਸ ਸੀਟ ’ਤੇ ਉਮੀਦਵਾਰ ਬਣਾਏ ਜਾਣ ਦੀ ਚਰਚਾ ਸ਼ੁਰੂ ਹੋ ਗਈ ਹੈ। ਦਰਅਸਲ ’ਚ ਕਵਿਤਾ ਨੂੰ ਹਾਲ ਹੀ ’ਚ ਅਕਾਲੀ ਦਲ ਦੇ ਕੁਝ ਨੇਤਾਵਾਂ ਦੇ ਨਾਲ ਇਕ ਪ੍ਰੋਗਰਾਮ ’ਚ ਦੇਖੇ ਜਾਣ ਤੋਂ ਬਾਅਦ ਇਹ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ।
ਕਵਿਤਾ ਖੰਨਾ ਭਾਜਪਾ ਵੱਲੋਂ ਟਿਕਟ ਨਾ ਮਿਲਣ 'ਤੇ ਨਾਰਾਜ਼ ਦੱਸੀ ਜਾ ਰਹੀ ਹੈ ਅਤੇ ਚੋਣ ਲੜਨ ਦੀ ਵੀ ਚਾਹਵਾਨ ਹੈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਇਸ ਸੀਟ ’ਤੇ ਇਕ ਮਜ਼ਬੂਤ ਚਿਹਰੇ ਦੀ ਲੋੜ ਹੈ। ਇਸ ਲਈ ਜੇ ਕਵਿਤਾ ਖੰਨਾ ਅਤੇ ਅਕਾਲੀ ਦਲ ’ਚ ਸਹਿਮਤੀ ਬਣਦੀ ਹੈ ਤਾਂ ਉਹ ਇਸ ਸੀਟ ਤੋਂ ਅਕਾਲੀ ਦਲ ਦੀ ਉਮੀਦਵਾਰ ਹੋ ਸਕਦੀ ਹੈ।
ਦੱਸ ਦੇਈਏ ਕਿ 2017 ’ਚ ਵਿਨੋਦ ਖੰਨਾ ਦੇ ਦਿਹਾਂਤ ਤੋਂ ਬਾਅਦ ਹੋਈ ਉੱਪ ਚੋਣ ’ਚ ਵੀ ਕਵਿਤਾ ਖੰਨਾ ਨੂੰ ਭਾਜਪਾ ਤੋਂ ਟਿਕਟ ਮਿਲਣ ਦੇ ਕਿਆਸ ਲਗਾਏ ਜਾ ਰਹੇ ਸਨ ਪਰ ਪਾਰਟੀ ਨੇ ਸਵਰਨ ਸਲਾਰੀਆ ਨੂੰ ਚੋਣ ਮੈਦਾਨ ’ਚ ਉਤਾਰਿਆ ਸੀ। ਹਾਲਾਂਕਿ ਉਹ ਕਾਂਗਰਸ ਦੇ ਵੱਡੇ ਨੇਤਾ ਸੁਨੀਲ ਜਾਖੜ ਤੋਂ ਚੋਣ ਹਾਰ ਗਏ ਸਨ। ਸਾਲ 2019 ਦੀਆਂ ਲੋਕ ਸਭਾ ਚੋਣਾਂ ’ਚ ਵੀ ਪਾਰਟੀ ਨੇ ਕਵਿਤਾ ਦੀ ਟਿਕਟ ਦੀ ਮੰਗ ਨੂੰ ਨਜ਼ਰਅੰਦਾਜ਼ ਕਰਕੇ ਅਦਾਕਾਰ ਸੰਨੀ ਦਿਓਲ ਨੂੰ ਮੈਦਾਨ ’ਚ ਉਤਾਰ ਦਿੱਤਾ ਸੀ ਅਤੇ ਉਹ ਇਸ ਸੀਟ ਤੋਂ ਚੋਣ ਜਿੱਤ ਗਏ ਸਨ।