
ਰੈਪੋ ਰੇਟ ਨੂੰ 25 ਆਧਾਰ ਅੰਕ ਘਟਾ ਕੇ 6.25 ਫੀ ਸਦੀ ਕਰ ਦਿਤਾ
ਮੁੰਬਈ : ਰਿਜ਼ਰਵ ਬੈਂਕ ਇਸ ਹਫਤੇ ਪ੍ਰਮੁੱਖ ਵਿਆਜ ਦਰਾਂ ’ਚ ਇਕ ਵਾਰ ਫਿਰ 25 ਆਧਾਰ ਅੰਕਾਂ ਤਕ ਦੀ ਕਟੌਤੀ ਕਰ ਸਕਦਾ ਹੈ ਕਿਉਂਕਿ ਘੱਟ ਮਹਿੰਗਾਈ ਨਾਲ ਮੁਦਰਾ ਨੀਤੀ ’ਚ ਨਰਮ ਰੁਖ ਨੂੰ ਸਮਰਥਨ ਮਿਲਦਾ ਹੈ ਅਤੇ ਅਜਿਹੇ ਸਮੇਂ ’ਚ ਵਿਕਾਸ ਨੂੰ ਹੁਲਾਰਾ ਦੇਣ ਦੀ ਲੋੜ ਹੈ ਜਦੋਂ ਅਮਰੀਕਾ ਵਲੋਂ ਐਲਾਨੇ ਗਏ ਟੈਰਿਫ ਆਲਮੀ ਅਰਥਵਿਵਸਥਾ ਲਈ ਚੁਨੌਤੀ ਪੈਦਾ ਕਰ ਰਹੇ ਹਨ।
ਫ਼ਰਵਰੀ ’ਚ ਗਵਰਨਰ ਸੰਜੇ ਮਲਹੋਤਰਾ ਦੀ ਅਗਵਾਈ ਵਾਲੀ ਆਰ.ਬੀ.ਆਈ. ਦੀ ਮੁਦਰਾ ਨੀਤੀ ਕਮੇਟੀ ਨੇ ਰੈਪੋ ਰੇਟ ਨੂੰ 25 ਆਧਾਰ ਅੰਕ ਘਟਾ ਕੇ 6.25 ਫੀ ਸਦੀ ਕਰ ਦਿਤਾ ਸੀ। ਮਈ 2020 ਤੋਂ ਬਾਅਦ ਇਹ ਪਹਿਲੀ ਕਟੌਤੀ ਸੀ ਅਤੇ ਢਾਈ ਸਾਲ ਬਾਅਦ ਪਹਿਲੀ ਸੋਧ ਸੀ।
‘ਰੇਟ ਸੈਟਿੰਗ ਪੈਨਲ’ ਐਮ.ਪੀ.ਸੀ. ਦੀ 54ਵੀਂ ਬੈਠਕ 7 ਅਪ੍ਰੈਲ ਨੂੰ ਵਿਚਾਰ-ਵਟਾਂਦਰੇ ਸ਼ੁਰੂ ਹੋਣ ਵਾਲੀ ਹੈ ਅਤੇ ਇਸ ਫੈਸਲੇ ਦਾ ਐਲਾਨ 9 ਅਪ੍ਰੈਲ ਨੂੰ ਕੀਤਾ ਜਾਵੇਗਾ। ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਫ਼ਰਵਰੀ 2023 ਤੋਂ ਰੈਪੋ ਰੇਟ (ਥੋੜ੍ਹੀ ਮਿਆਦ ਦੀ ਉਧਾਰ ਦਰ) ਨੂੰ 6.5 ਫ਼ੀ ਸਦੀ ’ਤੇ ਸਥਿਰ ਰੱਖਿਆ ਹੈ। ਪਿਛਲੀ ਵਾਰ ਆਰ.ਬੀ.ਆਈ. ਨੇ ਕੋਵਿਡ ਦੇ ਸਮੇਂ (ਮਈ 2020) ਦੌਰਾਨ ਦਰਾਂ ਘਟਾਈਆਂ ਸਨ ਅਤੇ ਇਸ ਤੋਂ ਬਾਅਦ ਹੌਲੀ ਹੌਲੀ ਇਸ ਨੂੰ ਵਧਾ ਕੇ 6.5 ਫ਼ੀ ਸਦੀ ਕਰ ਦਿਤਾ ਗਿਆ ਸੀ।
ਬੈਂਕ ਆਫ ਬੜੌਦਾ ਦੇ ਮੁੱਖ ਅਰਥਸ਼ਾਸਤਰੀ ਮਦਨ ਸਬਨਵੀਸ ਨੇ ਕਿਹਾ ਕਿ ਅਮਰੀਕਾ ਵਲੋਂ ਲਗਾਏ ਗਏ ਟੈਰਿਫ ਦੇ ਨਵੇਂ ਦੌਰ ਦਾ ਵਿਕਾਸ ਦੀਆਂ ਸੰਭਾਵਨਾਵਾਂ ਅਤੇ ਮੁਦਰਾ ’ਤੇ ਕੁੱਝ ਅਸਰ ਪਵੇਗਾ, ਜਿਸ ’ਤੇ ਐਮ.ਪੀ.ਸੀ. ਨੂੰ ਅਰਥਵਿਵਸਥਾ ਦੀ ਸਥਿਤੀ ਦੇ ਆਮ ਮੁਲਾਂਕਣ ਤੋਂ ਇਲਾਵਾ ਵਿਚਾਰ ਕਰਨਾ ਹੋਵੇਗਾ।