
ਅੱਜ ਸ਼ਾਹਕੋਟ ਲੋਹੀਆਂ ਤੇ ਮਹਿਤਪੁਰ ਵਿਚ ਪਾਰਟੀ ਦੇ ਚੋਣ ਦਫ਼ਤਰ ਖੋਲ੍ਹ ਦਿਤੇ ਗਏ ਅਤੇ ਇਕ ਤਰ੍ਹਾਂ ਨਾਲ ਪ੍ਰਚਾਰ ਸ਼ੁਰੂ ਹੋ ਗਿਆ।
ਚੰਡੀਗੜ੍ਹ, 5 ਮਈ (ਜੀ.ਸੀ. ਭਾਰਦਵਾਜ): ਜਲੰਧਰ ਜ਼ਿਲ੍ਹੇ ਦੇ ਸ਼ਾਹਕੋਟ ਵਿਧਾਨ ਸਭਾ ਹਲਕੇ ਤੋਂ ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਨੇਤਾ ਅਜੀਤ ਸਿੰਘ ਕੋਹਾੜ ਦੇ ਢਾਈ ਮਹੀਨੇ ਪਹਿਲਾਂ ਅਕਾਲ ਚਲਾਣੇ ਤੋਂ ਖ਼ਾਲੀ ਹੋਈ ਸੀਟ 'ਤੇ ਜ਼ਿਮਨੀ ਚੋਣ 28 ਮਈ ਨੂੰ ਹੋਵੇਗੀ ਜਿਸ ਲਈ ਸਿਆਸੀ ਮਾਹੌਲ ਗਰਮਾਉਣਾ ਸ਼ੁਰੂ ਹੋ ਗਿਆ ਹੈ। ਅਕਾਲੀ-ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਨਾਇਬ ਸਿੰਘ ਕੋਹਾੜ 9 ਮਈ ਨੂੰ ਅਪਣੇ ਕਾਗ਼ਜ਼ ਦਾਖ਼ਲ ਕਰਨਗੇ। ਅੱਜ ਸ਼ਾਹਕੋਟ ਲੋਹੀਆਂ ਤੇ ਮਹਿਤਪੁਰ ਵਿਚ ਪਾਰਟੀ ਦੇ ਚੋਣ ਦਫ਼ਤਰ ਖੋਲ੍ਹ ਦਿਤੇ ਗਏ ਅਤੇ ਇਕ ਤਰ੍ਹਾਂ ਨਾਲ ਪ੍ਰਚਾਰ ਸ਼ੁਰੂ ਹੋ ਗਿਆ। ਦੂਜੇ ਪਾਸੇ ਦੋ ਦਿਨ ਪਹਿਲਾਂ ਸੱਤਾਧਾਰੀ ਕਾਂਗਰਸ ਦੇ ਐਲਾਨੇ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵਿਰੁਧ ਮਾਮਲਾ ਦਰਜ ਹੋਣ ਨਾਲ ਘੜਮੱਸ ਪੈ ਗਿਆ ਹੈ ਅਤੇ ਮਾਮਲਾ ਸ਼ੱਕ ਦੇ ਘੇਰੇ ਵਿਚ ਆਉਣ ਨਾਲ ਕਾਂਗਰਸ ਹਲਕਿਆਂ ਵਿਚ ਦੁਚਿੱਤੀ ਤੇ ਮਾਯੂਸੀ ਛਾ ਗਈ ਹੈ। ਆਮ ਆਦਮੀ ਪਾਰਟੀ ਦੁਬਈ ਵਿਚ ਰਹਿਣ ਵਾਲੇ ਰਤਨ ਸਿੰਘ ਕੱਕੜਕਲਾਂ ਨੂੰ ਮੈਦਾਨ ਵਿਚ ਉਤਾਰੇਗੀ ਅਤੇ ਉਹ ਕੁੱਝ ਦਿਨਾਂ ਵਿਚ ਅਪਣੇ ਕਾਗ਼ਜ਼ ਦਾਖ਼ਲ ਕਰਨਗੇ। ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਅੱਜ ਇਥੇ ਮੁੱਖ ਚੋਣ ਅਧਿਕਾਰੀ ਡਾ. ਕਰਨਾ ਰਾਜੂ ਨੂੰ ਦੋ ਲਿਖਤੀ ਸ਼ਿਕਾਇਤਾਂ ਦੇ ਕੇ ਮੰਗ ਕੀਤੀ ਕਿ ਜਲੰਧਰ ਦਿਹਾਤੀ ਦੇ ਪੁਲਿਸ ਮੁਖੀ ਗੁਰਪ੍ਰੀਤ ਸਿੰਘ ਭੁੱਲਰ ਨੂੰ ਉਥੋਂ ਬਦਲੀ ਕੀਤੀ ਜਾਵੇ। ਭੁੱਲਰ ਨੇ ਹਰਦੇਵ ਸਿੰਘ ਲਾਡੀ ਵਿਰੁਧ ਰੇਤ-ਬਜਰੀ ਮਾਈਨਿੰਗ ਦੇ ਮਾਮਲੇ ਵਿਚ ਦਰਜ ਐਫ਼ਆਈਆਰ ਦੇ ਬਾਵਜੂਦ ਕਲੀਨ ਚਿਟ ਦਿਤੀ ਹੈ। ਡਾ. ਕਰਨਾ ਰਾਜੂ ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ ਦੋਵੇਂ ਸ਼ਿਕਾਇਤਾਂ ਦੀ ਜਾਂਚ ਲਈ ਰਿਟਰਨਿੰਗ ਅਫ਼ਸਰ ਤੇ ਡਿਪਟੀ ਕਮਿਸ਼ਨਰ ਜਲੰਧਰ ਤੋਂ ਰੀਪੋਰਟ ਮੰਗੀ ਗਈ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
Rattan Singh Kakkarkalan
ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ ਲੋਕ ਪ੍ਰਤੀਨਿਧੀ ਐਕਟ 1951 ਤਹਿਤ ਹੋਣ ਜ਼ਾਬਤੇ ਦੀ ਉਲੰਘਣਾ ਦੀ ਲੋਅ ਵਿਚ ਸਾਰੇ ਤੱਥਾਂ ਅਤੇ ਦਰਜ ਰੀਪੋਰਟ ਨੂੰ ਘੋਖਣ ਉਪਰੰਤ ਹੀ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਇਹ ਐਫ਼ਆਈਆਰ ਅਤੇ ਦਰਜ ਸ਼ਿਕਾਇਤ, ਸੱਤਾਧਾਰੀ ਕਾਂਗਰਸ ਦੇ ਉਮੀਦਵਾਰ ਵਿਰੁਧ ਹੈ, ਇਸ ਲਈ ਚੋਣ ਕਮਿਸ਼ਨ ਅਤੇ ਡਿਪਟੀ ਕਮਿਸ਼ਨਰ ਜਲੰਧਰ ਸਮੇਤ ਪੁਲਿਸ ਪ੍ਰਸ਼ਾਸਨ 'ਤੇ ਵੀ ਉਂਗਲੀ ਉਠਣਾ ਸੁਭਾਵਕ ਹੈ। ਜਨਵਰੀ 2017 ਵਿਚ ਹੋਈ ਵਿਧਾਨ ਸਭਾ ਚੋਣਾਂ ਵਿਚ ਸ਼ਾਹਕੋਟ ਹਲਕੇ ਦੇ ਤਿਕੋਨੇ ਮੁਕਾਬਲੇ ਵਿਚ ਜੇਤੂ ਅਕਾਲੀ ਉਮੀਦਵਾਰ ਅਜੀਤ ਸਿੰਘ ਕੋਹਾੜ ਨੂੰ 46913 ਵੋਟਾਂ ਪਈਆਂ, ਕਾਂਗਰਸ ਦੇ ਹਰਵਿੰਦਰ ਲਾਡੀ ਨੂੰ 42008 ਅਤੇ ਆਮ ਆਦਮੀ ਪਾਰਟੀ ਦੇ ਡਾ. ਅਮਰਜੀਤ ਸਿੰਘ ਮਹਿਤਪੁਰ ਨੂੰ 41010 ਵੋਟਾਂ ਮਿਲੀਆਂ ਸਨ। ਅਮਰਜੀਤ ਸਿੰਘ ਪਿਛਲੇ ਮਹੀਨੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਸਨ ਜਿਸ ਕਰ ਕੇ ਨਾਇਬ ਸਿੰਘ ਕੋਹਾੜ ਦਾ ਪਲੜਾ ਭਾਰੀ ਲੱਗ ਰਿਹਾ ਹੈ। ਕੁਲ 171081 ਵੋਟਰਾਂ ਵਾਲੇ ਇਸ ਪੇਂਡੂ ਹਲਕੇ ਵਿਚ 245 ਛੋਟੇ ਵੱਡੇ ਪਿੰਡੇ ਪੈਂਦੇ ਹਨ ਜਿਨ੍ਹਾਂ ਵਿਚ 52 ਹਜ਼ਾਰ ਕੰਬੋਜ, 45 ਹਜ਼ਾਰ ਜੱਟ ਵੋਟਰ, 35000 ਦੇ ਕਰੀਬ ਦਲਿਤ ਵੋਟਾਂ, 12000 ਰਾਇ ਸਿੱਖ ਅਤੇ ਬਾਕੀ ਹੋਰ ਵਰਗ ਤੇ ਜਾਤਾਂ ਦੇ ਵੋਟਰ ਹਨ। ਨਾਇਬ ਸਿੰਘ ਕੋਹਾੜ ਦੇ ਸਵਰਗਵਾਸੀ ਪਿਤਾ ਅਜੀਤ ਸਿੰਘ ਕੋਹਾੜ ਇਥੋਂ ਲਗਾਤਾਰ ਪੰਜ ਵਾਰ 1997, 2002, 2007, 2012 ਤੇ 2017 ਦੀ ਚੋਣ ਜਿੱਤੇ ਹਨ। ਮੁੱਖ ਚੋਣ ਅਧਿਕਾਰੀ ਮੁਤਾਬਕ ਕੇਂਦਰੀ ਫ਼ੋਰਸ ਦੀਆਂ ਸੱਤ ਕੰਪਨੀਆਂ ਦੇ ਜਵਾਨ ਵੱਖ-ਵੱਖ ਥਾਵਾਂ ਅਤੇ ਪੋਲਿੰਗ ਸਟੇਸ਼ਨਾਂ 'ਤੇ ਤੈਨਾਤ ਕੀਤੇ ਗਏ ਹਨ ਤਾਕਿ ਸ਼ਾਂਤਮਈ ਢੰਗ ਨਾਲ ਵੋਟਾਂ ਪੈ ਸਕਣ। ਵੋਟਾਂ ਦੀ ਗਿਣਤੀ 31 ਮਈ ਨੂੰ ਹੋਵੇਗੀ ਅਤੇ ਜੇ ਸੱਤਾਧਾਰੀ ਕਾਂਗਰਸ ਇਹ ਸੀਟ ਜਿਤਦੀ ਹੈ ਤਾਂ ਵਿਧਾਨ ਸਭਾ ਵਿਚ ਉਸ ਦੇ ਵਿਧਾਇਕਾਂ ਦੀ ਗਿਣਤੀ 77 ਤੋਂ ਵੱਧ ਕੇ 78 ਹੋ ਜਾਵੇਗੀ। ਜੇ ਸ਼੍ਰੋਮਣੀ ਅਕਾਲੀ ਦਲ ਜੇਤੂ ਰਹਿੰਦਾ ਹੈ ਤਾਂ ਉਸ ਦੇ ਵਿਧਾਇਕਾਂ ਦੀ ਗਿਣਤੀ 15 ਪਹੁੰਚ ਜਾਵੇਗੀ ਅਤੇ ਜੇ ਆਮ ਆਦਮੀ ਪਾਰਟੀ ਜਿਤਦੀ ਹੈ ਤਾਂ ਉਸ ਦੇ ਵਿਧਾਇਕਾਂ ਦੀ ਗਿਣਤੀ 21 ਪਹੁੰਚ ਜਾਵੇਗੀ। ਲੋਕ ਇਨਸਾਫ਼ ਪਾਰਟੀ ਦੇ ਪਹਿਲਾਂ ਹੀ ਦੋ ਮੈਂਬਰ ਵਿਧਾਨ ਸਭਾ ਵਿਚ ਮੌਜੂਦ ਹਨ।