
ਸ਼ਰਾਬ ਦੇ ਅੱਗੇ ਤਾਲਾਬੰਦੀ ਫੇਲ, ਪ੍ਰਸ਼ਾਸਨ ਦੇ ਆਦੇਸ਼ਾਂ ਦੀਆਂ ਜੰਮ ਕੇ ਉਡਾਈਆਂ ਗਈਆਂ ਧੱਜੀਆਂ
ਚੰਡੀਗੜ੍ਹ, 5 ਮਈ (ਤਰੁਣ ਭਜਨੀ): ਸ਼ਹਿਰ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਮੰਗਲਵਾਰ ਸ਼ਾਮ ਤਕ 13 ਨਵੇਂ ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿਚ ਜ਼ਿਆਦਾਤਰ ਮਾਮਲੇ ਬਾਪੂਧਾਮ ਕਾਲੋਨੀ ਤੋਂ ਹਨ। ਇਸ ਦੇ ਨਾਲ ਹੀ ਸੈਕਟਰ 30 ਅਤੇ ਧਨਾਸ ਤੋਂ ਵੀ ਮਾਮਲੇ ਆਏ ਹਨ। ਚੰਡੀਗੜ੍ਹ ਵਿਚ ਹੁਣ ਕੋਰੋਨਾ ਦੇ ਕੁਲ ਮਾਮਲੇ 115 ਹੋ ਗਏ ਹਨ। ਮੰਗਲਵਾਰ ਬਾਪੂਧਾਮ ਕਾਲੋਨੀ ਵਿਚ ਇਕ ਪਰਵਾਰ ਦੇ 6 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।
ਇਸ ਤੋਂ ਇਲਾਵਾ 42 ਸਾਲ ਦੀ ਮਹਿਲਾ, 4 ਸਾਲ ਦੀ ਬੱਚੀ, 16 ਸਾਲ ਦੀ ਲੜਕੀ ਅਤੇ 20 ਸਾਲ ਦਾ ਨੌਜਵਾਨ ਵੀ ਬਾਪੂਧਾਮ ਕਾਲੋਨੀ ਵਿਚ ਪਾਜ਼ੇਟਿਵ ਪਾਏ ਗਏ ਹਨ। ਸੈਕਟਰ 30 ਵਿਚ 49 ਸਾਲ ਦਾ ਵਿਅਕਤੀ ਅਤੇ 12 ਸਾਲ ਦੀ ਲੜਕੀ ਕੋਰੋਨਾ ਪਾਜ਼ੇਟਿਵ ਪਾਈ ਗਈ। ਧਨਾਸ ਕਾਲੋਨੀ ਵਿਚ 60 ਸਾਲ ਦੀ ਔਰਤ ਵੀ ਕੋਰੋਨਾ ਪਾਜ਼ੇਟਿਵ ਮਿਲੀ ਹੈ।
ਇਸ ਤੋਂ ਪਹਿਲਾਂ ਮੰਗਲਵਾਰ ਸਵੇਰ ਤਕ 9 ਅਤੇ ਲੋਕਾਂ ਵਿਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਸੀ। ਬਾਕੀ ਦੇ ਮਾਮਲੇ ਦੁਪਹਿਰ ਬਾਅਦ ਆਏ। ਇਨ੍ਹਾਂ ਵਿਚੋਂ ਸੱਤ ਲੋਕ ਸ਼ਹਿਰ ਦੇ ਹਾਟਸਪਾਟ ਇਲਾਕੇ ਬਾਪੂਧਾਮ ਤੋਂ ਹਨ। ਇਸ ਇਸ ਤੋਂ ਪਹਿਲਾਂ ਸੋਮਵਾਰ ਤਕ ਸ਼ਹਿਰ ਵਿਚ ਕੋਰੋਨਾ ਪਾਜ਼ੇਟਿਵ ਦਾ ਅੰਕੜਾ 102 ਤਕ ਪਹੁੰਚ ਗਿਆ ਸੀ। ਇਸ ਦੇ ਬਾਵਜੂਦ ਵੱਡੀ ਗਿਣਤੀ ਵਿਚ ਲੋਕ ਸੈਰ ਕਰਨ ਲਈ ਨਿਕਲ ਰਹੇ ਹਨ। ਸਵੇਰ ਹੁੰਦੇ ਹੀ ਸੁਖਨਾ ਝੀਲ, ਰੋਜ ਗਾਰਡਨ ਸਹਿਤ ਸੁਸਾਇਟੀਆਂ, ਪਾਰਕਾਂ ਅਤੇ ਕਾਲੋਨੀਆਂ ਵਿਚ ਲੋਕ ਸੈਰ ਕਰਨ ਨਿਕਲ ਪੈਂਦੇ ਹਨ।
ਉਥੇ ਹੀ, ਸਵੇਰੇ 10 ਵਜੇ ਪੰਚਕੂਲਾ, ਜ਼ੀਰਕਪੁਰ ਅਤੇ ਮੋਹਾਲੀ ਨਾਲ ਦਾਖ਼ਲ ਹੋਣ ਵਾਲੇ ਰਸਤਿਆਂ ਤੇ ਗੱਡੀਆਂ ਦੀ ਇਕ- ਇਕ ਕਿਲੋਮੀਟਰ ਦੀ ਲੰਮੀ ਲਾਈਨਾਂ ਲੱਗ ਗਈਆਂ। ਸ਼ਹਿਰ ਦੀ ਅੰਦਰੂਨੀ ਮਾਰਕੀਟਾਂ, ਪਾਰਕਿੰਗ ਅਤੇ ਸੜਕਾਂ ਵੀ ਗੱਡੀਆਂ ਨਾਲ ਖਚਾਖਚ ਨਜ਼ਰ ਆਈਆਂ। ਨਿਯਮਾਂ ਵਿਰੁਧ ਕਾਰ ਵਿਚ ਚਾਰ ਅਤੇ ਮੋਟਰਸਾਈਕਲ ਦੋ ਲੋਕ ਜਾਂਦੇ ਵਿਖਾਈ ਦਿਤੇ। ਦੁਕਾਨਾਂ ਵਿਚ ਲੋਕਾਂ ਦੀ ਭੀੜ ਨੇ ਸਰੀਰਕ ਦੂਰੀ ਦੀ ਜੰਮ ਕੇ ਧੱਜੀਆਂ ਉਡਾਈਆਂ।
ਇਸ ਦੌਰਾਨ ਐਸ.ਐਸ.ਪੀ. ਨੀਲਾਂਬਰੀ ਵਿਜੈ ਜਗਦਲੇ ਦੀ ਅਗਵਾਈ ਵਿਚ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਲੋਕਾਂ ਨੂੰ ਸਮਝਾਉਣ ਲਈ ਦਿਨ ਭਰ ਇਧਰ-ਉਧਰ ਭਜਦੇ ਰਹੇ।
ਸ਼ਰਾਬ ਲਈ ਠੇਕਿਆਂ ਤੇ ਮਾਰੋਮਾਰੀ : ਸ਼ਰਾਬ ਦੇ ਠੇਕਿਆਂ ਨੇ ਪ੍ਰਸ਼ਾਸਨ ਦੇ ਲਾਕਡਾਉਨ ਨੂੰ ਪੂਰੀ ਤਰ੍ਹਾਂ ਫੇਲ ਕਰ ਦਿਤਾ ਹੈ। ਸੋਮਵਾਰ ਸਵੇਰੇ 9 ਵਜੇ ਤੋਂ ਮੰਗਲਵਾਰ ਸ਼ਾਮ ਤਕ ਠੇਕਿਆਂ ਦੇ ਬਾਹਰ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਲੋਕ ਠੇਕਿਆਂ ਤੇ ਸ਼ਰਾਬ ਖ਼ਰੀਦਣ ਲਈ ਭਾਰੀ ਗਿਣਤੀ ਵਿਚ ਇਕੱਠੇ ਹੋ ਰਹੇ ਹਨ।
ਪ੍ਰਸ਼ਾਸਨ ਨੇ ਠੇਕਿਆਂ 'ਤੇ ਇਕ ਸਮੇਂ 'ਤੇ ਪੰਜ ਲੋਕਾਂ ਨੂੰ ਹੀ ਸ਼ਰਾਬ ਖ਼ਰੀਦਣ ਦੀ ਇਜਾਜ਼ਤ ਦਿਤੀ ਸੀ ਪਰ ਕੋਰੋਨਾ ਸੰਕਰਮਣ ਦੇ ਵਿਚ ਲੋਕਾਂ ਨੇ ਪ੍ਰਸ਼ਾਸਨ ਦੇ ਆਦੇਸ਼ਾਂ ਦੀ ਜੰਮ ਕੇ ਧੱਜੀਆਂ ਉਡਾਈਆਂ। ਸੈਕਟਰ-21, ਧਨਾਸ, ਮਨੀਮਾਜਰਾ, ਸੈਕਟਰ-20 ਅਤੇ 45 ਵਿਚ ਸ਼ਰਾਬ ਖ਼ਰੀਦਣ ਲਈ ਮਾਰਾਮਾਰੀ ਦੇਖਣ ਨੂੰ ਮਿਲੀ।