
ਪ੍ਰਾਜੈਕਟ ਚਾਲੂ ਕਰਵਾਉਣ ਲਈ ਕੈਬਨਿਟ ਮੰਤਰੀ ਸਿੱਧੂ ਦਾ ਕੀਤਾ ਧਨਵਾਦ
ਐਸ.ਏ.ਐਸ. ਨਗਰ, 5 ਮਈ (ਸੁਖਦੀਪ ਸਿੰਘ ਸੋਈਂ) : ਨਗਰ ਨਿਗਮ ਮੋਹਾਲੀ ਦੇ ਸਾਬਕਾ ਕੌਂਸਲਰ ਕੁਲਜੀਤ ਸਿੰਘ ਬੇਦੀ ਵਲੋਂ ਕੁੱਝ ਦਿਨ ਪਹਿਲਾਂ ਡਿਪਟੀ ਕਮਿਸ਼ਨਰ ਮੋਹਾਲੀ ਅਤੇ ਕਮਿਸ਼ਨਰ ਨਗਰ ਨਿਗਮ ਮੋਹਾਲੀ ਨੂੰ ਲਿਖੀ ਚਿੱਠੀ ਉਪਰੰਤ ਨਿਗਮ ਵਲੋਂ ਸ਼ਹਿਰ ਵਿਚ ਨਵਾਂ ਸੀਵਰੇਜ ਪਾਉਣ ਦਾ ਰੁਕਿਆ ਹੋਇਆ ਕੰਮ ਮੁੜ ਚਾਲੂ ਕਰ ਦਿਤਾ ਗਿਆ ਹੈ।
ਇਸ ਬਾਰੇ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਸ਼ਹਿਰ ਵਿੱਚ ਕਰੀਬ 20 ਕਰੋੜ ਤੋਂ ਵੀ ਵੱਧ ਲਾਗਤ ਦੇ ਇਸ ਨਵੇਂ ਸੀਵਰੇਜ ਪ੍ਰਾਜੈਕਟ ਦਾ ਉਦਘਾਟਨ ਪਿਛਲੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵਲੋਂ ਕੀਤਾ ਗਿਆ ਸੀ ਜੋ ਨਗਰ ਨਿਗਮ ਮੋਹਾਲੀ, ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀ ਅਮਰੁਤ ਸਕੀਮ ਅਧੀਨ ਕੀਤਾ ਜਾ ਰਿਹਾ ਹੈ। ਪੰਜਾਬ ਵਿਚ ਕੋਰੋਨਾ ਦੀ ਮਹਾਮਾਰੀ ਦੇ ਚਲਦੇ ਲਾਕਡਾਊਨ/ ਕਰਫ਼ਿਊ ਲੱਗ ਗਿਆ ਜਿਸ ਨਾਲ ਇਹ ਕੰਮ ਵੀ ਬੰਦ ਹੋ ਗਿਆ ਸੀ।
ਉਨ੍ਹਾਂ ਇਹ ਮਾਮਲਾ ਕੈਬਨਿਟ ਮੰਤਰੀ ਸਿੱਧੂ ਦੇ ਧਿਆਨ ਵਿਚ ਲਿਆਂਦਾ ਅਤੇ ਇਸ ਦੇ ਨਾਲ ਹੀ 28 ਅਪ੍ਰੈਲ ਨੂੰ ਡਿਪਟੀ ਕਮਿਸ਼ਨਰ ਮੋਹਾਲੀ ਅਤੇ ਕਮਿਸ਼ਨਰ ਨਗਰ ਨਿਗਮ ਮੋਹਾਲੀ ਨੂੰ ਲਿਖਤੀ ਪੱਤਰ ਵੀ ਭੇਜੇ ਗਏ ਸਨ।
ਉਨ੍ਹਾਂ ਦੱਸਿਆ ਕਿ ਹੁਣ ਨਗਰ ਨਿਗਮ ਵਲੋਂ ਉਕਤ ਨਵੇਂ ਸੀਵਰੇਜ ਪ੍ਰਾਜੈਕਟ ਦਾ ਕੰਮ ਮੁੜ ਤੋਂ ਚਾਲੂ ਕਰ ਦਿਤਾ ਗਿਆ ਹੈ। ਕੰਮ ਮੁਕੰਮਲ ਹੋਣ ਉਪਰੰਤ ਨਾਈਪਰ ਤੋਂ ਫ਼ੇਜ਼ 11 ਸਥਿਤ ਬਾਵਾ ਵ੍ਹਾਈਟ ਹਾਊਸ ਨੂੰ ਜਾਣ ਵਾਲੀ ਸੜਕ ਵੀ ਜਲਦੀ ਤੋਂ ਜਲਦੀ ਲੋਕਾਂ ਦੀ ਆਵਾਜਾਈ ਲਈ ਖੁਲ੍ਹ ਸਕੇਗੀ। ਬੇਦੀ ਨੇ ਇਸ ਕੰਮ ਲਈ ਕੈਬਨਿਟ ਮੰਤਰੀ ਦਾ ਵਿਸ਼ੇਸ਼ ਤੌਰ 'ਤੇ ਧਨਵਾਦ ਕੀਤਾ।