
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਕੋਰੋਨਾ ਦੇ ਮੰਗਲਵਾਰ ਨੂੰ ਨਵੇਂ 15 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ ਤੇ ਜ਼ਿਲ੍ਹੇ 'ਚ ਹੁਣ ਮਰੀਜ਼ਾਂ ਦੀ ਗਿਣਤੀ 64 ਤੇ ਪੁੱਜ ਗਈ ਹੈ।
ਸ੍ਰੀ ਮੁਕਤਸਰ ਸਾਹਿਬ, 5 ਮਈ (ਰਣਜੀਤ ਸਿੰਘ) : ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਕੋਰੋਨਾ ਦੇ ਮੰਗਲਵਾਰ ਨੂੰ ਨਵੇਂ 15 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ ਤੇ ਜ਼ਿਲ੍ਹੇ 'ਚ ਹੁਣ ਮਰੀਜ਼ਾਂ ਦੀ ਗਿਣਤੀ 64 ਤੇ ਪੁੱਜ ਗਈ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦਸਿਆ ਕਿ ਪਿਛਲੇ ਦਿਨੀਂ ਉਕਤ ਲੋਕਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਸਨ ਜਿਨ੍ਹਾਂ ਦੀ ਮੰਗਲਵਾਰ ਨੂੰ ਆਈ ਰੀਪੋਰਟ 'ਚੋਂ 15 ਕੇਸ ਪਾਜ਼ੇਟਿਵ ਪਾਏ ਗਏ ਹਨ।
ਇਨ੍ਹਾਂ ਪਾਜ਼ੇਟਿਵ ਪਾਏ ਗਏ ਸੈਂਪਲਾਂ 'ਚੋਂ ਇਕ ਸੈਂਪਲ 1 ਸਾਲਾ ਬੱਚੀ ਦਾ ਵੀ ਹੈ। ਉਧਰ ਪੁਲਿਸ ਪ੍ਰਸ਼ਾਸਨ ਵਲੋਂ ਸਖ਼ਤੀ ਵਧਾਉਂਦਿਆਂ ਸ੍ਰੀ ਮੁਕਤਸਰ ਸਾਹਿਬ ਦੇ ਦੋ ਖੇਤਰਾਂ ਅਤੇ ਡੋਹਕ ਪਿੰਡ ਤੋਂ ਬਾਅਦ ਹੁਣ ਦੋਦਾ ਤੇ ਕਾਉਣੀ ਵੀ ਕੰਟੈਨਮੈਂਟ ਅਤੇ ਬਫ਼ਰ ਜ਼ੋਨ ਐਲਾਨੇ ਭਾਵ ਸੀਲ ਕਰ ਦਿਤੇ ਗਏ ਹਨ। ਇਸ ਖੇਤਰ 'ਚ ਕੋਈ ਵਿਅਕਤੀ ਬਾਹਰ ਨਹੀਂ ਆ ਸਕਦਾ ਤੇ ਬਾਹਰੋਂ ਕੋਈ ਅੰਦਰ ਨਹੀਂ ਜਾ ਸਕਦਾ।
ਸਿਵਲ ਸਰਜਨ ਡਾ. ਹਰੀ ਨਰਾਇਣ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਵਿਅਕਤੀਆਂ ਦੇ ਸੈਂਪਲ ਪਾਜ਼ੇਟਿਵ ਪਾਏ ਗਏ ਹਨ ਇਨ੍ਹਾਂ ਨੂੰ ਕੋਵਿਡ-19 ਹਸਪਤਾਲ 'ਚ ਆਈਸੋਲੇਟ ਕਰ ਦਿਤਾ ਗਿਆ ਹੈ। ਉਨ੍ਹਾਂ ਦਸਿਆ ਕਿ ਹੁਣ ਤਕ ਜ਼ਿਲ੍ਹੇ 'ਚੋਂ 1098 ਸੈਂਪਲ ਜਾਂਚ ਲਈ ਭੇਜੇ ਜਾ ਚੁੱਕੇ ਹਨ ਜਿਨ੍ਹਾਂ 'ਚੋਂ 645 ਸੈਂਪਲਾਂ ਦੀ ਰੀਪੋਰਟ ਆ ਚੁੱਕੀ ਹੈ। ਉਨ੍ਹਾਂ ਦਸਿਆ ਕਿ ਮੰਗਲਵਾਰ ਨੂੰ 63 ਸੈਂਪਲ ਹੋਰ ਜਾਂਚ ਲਈ ਭੇਜੇ ਗਏ ਹਨ 453 ਸੈਂਪਲਾਂ ਦੀ ਰੀਪੋਰਟ ਆਉਣੀ ਬਾਕੀ ਹੈ।