
27 ਅਪ੍ਰੈਲ ਤੋਂ 7 ਮਈ ਤਕ ਲਾਇਆ ਜਾ ਰਿਹਾ ਹੈ ਸਮਰ ਕੈਂਪ
ਪਟਿਆਲਾ, 5 ਮਈ (ਤੇਜਿੰਦਰ ਫ਼ਤਿਹਪੁਰ) : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੁਰਾਣੀ ਪੁਲਿਸ ਲਾਈਨ ਵਿਖੇ ਕਰਫਿਊ ਦੌਰਾਨ ਵਿਦਿਆਰਥਣਾਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਆਨਲਾਈਨ ਸਮਰ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਤਹਿਤ ਵਿਦਿਆਰਥੀਆਂ ਦੇ ਮਾਸਕ ਮੇਕਿੰਗ, ਯੋਗਾ, ਕੁਕਿੰਗ, ਪੋਸਟਰ, ਕਾਰਡ ਮੇਕਿੰਗ, ਲੇਖ ਮੁਕਾਬਲੇ, ਸੁੰਦਰ ਲਿਖਾਈ ਅਤੇ ਮਹਿੰਦੀ ਮੁਕਾਬਲੇ ਕਰਵਾਏ ਜਾ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਸਿੱਧੂ ਨੇ ਦੱਸਿਆ ਕਿ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਅਤੇ ਡੀ.ਈ.ਓ. ਪਟਿਆਲਾ ਸ੍ਰੀਮਤੀ ਹਰਿੰਦਰ ਕੌਰ ਦੇ ਨਿਰਦੇਸ਼ਾਂ 'ਤੇ ਵਿਦਿਆਰਥੀਆਂ ਨੂੰ ਕਰਫਿਊ ਸਮੇਂ ਦੌਰਾਨ ਜਿਥੇ ਆਨਲਾਈਨ ਪੜਾਈ ਕਰਵਾਈ ਜਾ ਰਹੀ ਹੈ ਉਥੇ ਸਮਰ ਕੈਂਪ ਲਗਾਕੇ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਿਆ ਜਾ ਰਿਹਾ ਹੈ।
ਪ੍ਰਿੰਸੀਪਲ ਨੇ ਦੱਸਿਆ ਕਿ 27 ਅਪ੍ਰੈਲ ਤੋਂ ਸ਼ੁਰੂ ਕੀਤੇ ਗਏ ਆਨਲਾਈਨ ਸਮਰ ਕੈਂਪ ਦੌਰਾਨ ਵਿਦਿਆਰਥੀਆਂ ਦੇ ਮੌਜੂਦਾ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਵੱਖ-ਵੱਖ ਮੁਕਾਬਲੇ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕੋਵਿਡ-19 ਤੋਂ ਬਚਾਅ ਲਈ ਅਧਿਆਪਕਾਂ ਵੱਲੋਂ ਵਿਦਿਆਰਥਣਾਂ ਨੂੰ ਮਾਸਕ ਦੀ ਮਹੱਤਤਾ ਦਸਦਿਆ ਮਾਸਕ ਮੇਕਿੰਗ ਮੁਕਾਬਲੇ ਵੀ ਕਰਵਾਏ ਗਏ ਹਨ ਜਿਸ ਵਿੱਚ ਵਿਦਿਆਰਥਣਾਂ ਵੱਲੋਂ ਉਤਸ਼ਾਹ ਨਾਲ ਹਿੱਸਾ ਲਿਆ ਗਿਆ।
ਉਨ੍ਹਾਂ ਦਸਿਆ 7 ਮਈ ਤਕ ਚਲਣ ਵਾਲੇ ਇਸ ਸਮਰ ਕੈਂਪ 'ਚ ਸਕੂਲ ਅਧਿਆਪਕਾਂ ਵਲੋਂ ਵਿਦਿਆਰਥਣਾਂ ਦਾ ਮਾਰਗ ਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਅਨੁਪ੍ਰੀਤ ਕੌਰ, ਤ੍ਰਿਭਵਨ ਜੋਤ ਕੌਰ, ਨਵਜੋਤ ਕੌਰ ਬਰਾੜ, ਮਨਦੀਪ ਕੌਰ ਕਿਰਨ ਬਾਲਾ, ਇੰਦਰਜੀਤ ਕੌਰ ਰਮਲਾ ਅਤੇ ਪ੍ਰੀਤੀ ਸ਼ਰਮਾ ਦੀ ਅਗਵਾਈ ਵਿੱਚ ਵਿਦਿਆਰਥਣਾਂ ਵੱਲੋਂ ਮੁਕਾਬਲਿਆਂ ਵਿੱਚ ਵੱਧ ਚੜਕੇ ਹਿੱਸਾ ਲਿਆ ਜਾ ਰਿਹਾ ਹੈ।
ਮਨਦੀਪ ਕੌਰ ਸਿੱਧੂ ਨੇ ਦਸਿਆ ਕਿ ਕਰਫ਼ਿਊ ਦੌਰਾਨ ਸਮੂਹ ਲੈਕਚਰਾਰ ਅਤੇ ਮਾਸਟਰ ਕਾਡਰ ਅਪਣੇ-ਅਪਣੇ ਵਿਸ਼ਿਆਂ ਨਾਲ ਸਬੰਧਤ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਆਨਲਾਈਨ ਹੱਲ ਕਰ ਰਹੇ ਹਨ ਅਤੇ ਵਿਦਿਆਰਥੀਆਂ ਨੂੰ ਸਰਕਾਰ ਵੱਲੋਂ ਸਮੇਂ-ਸਮੇਂ 'ਤੇ ਦਿੱਤੀਆਂ ਜਾ ਰਹੀਆਂ ਹਦਾਇਤਾਂ ਸਬੰਧੀ ਵੀ ਜਾਣਕਾਰੀ ਦੇ ਰਹੇ ਹਨ।
ਇਸ ਮੌਕੇ ਉਨ੍ਹਾਂ ਸਟਾਫ਼ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆ ਕਿਹਾ ਕਿ ਅਧਿਆਪਕਾਂ ਵੱਲੋਂ ਕੀਤੇ ਜਾ ਰਹੇ ਯਤਨਾਂ ਨਾਲ ਵਿਦਿਆਰਥੀਆਂ ਨੂੰ ਵੀ ਕੁੱਝ ਨਵਾਂ ਕਰਨ ਲਈ ਪ੍ਰੇਰਨਾ ਮਿਲਦੀ ਹੈ। ਉਨ੍ਹਾਂ ਸਟਾਫ਼ ਨੂੰ ਇਸੇ ਤਰ੍ਹਾਂ ਮਿਹਨਤ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ।