
ਬਾਬੇ ਨਾਨਕ ਦੇ ਪ੍ਰਕਾਸ਼ ਦਿਹਾੜੇ ਤੋਂ ਬਾਅਦ ਨਹੀਂ ਗਈ ਕੋਈ ਮਹੀਨਾਵਾਰ ਰਾਸ਼ੀ ਦੀ ਕਿਸ਼ਤ
ਅੰਮ੍ਰਿਤਸਰ, 6 ਮਈ (ਸੁਖਵਿੰਦਰਜੀਤ ਸਿੰਘ ਬਹੋੜੂ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਭਾਈ ਮਰਦਾਨਾ ਜੀ ਦੇ ਵੰਸ਼ਜਾਂ ਨੂੰ ਸ਼੍ਰੋਮਣੀ ਕਮੇਟੀ ਵਲੋਂ ਪ੍ਰਵਾਨਤ ਮਹੀਨਾਵਾਰ ਸਹਾਇਤਾ ਰਾਸ਼ੀ ਦੀਆਂ ਬਕਾਇਆ ਕਿਸ਼ਤਾਂ ਭੇਜਣ ਲਈ ਮੁੱਖ ਸਕੱਤਰ ਡਾ. ਰੂਪ ਸਿੰਘ ਨੂੰ ਕਿਹਾ ਹੈ। ਭਾਈ ਮਰਦਾਨਾ ਜੀ ਦੇ ਵੰਸ਼ਜ਼ ਭਾਈ ਲਾਲ ਜੀ ਦੇ ਪੋਤਰੇ ਭਾਈ ਸਰਫ਼ਰਾਜ ਦੇ ਜਥੇ ਨੂੰ ਸ਼੍ਰੋਮਣੀ ਕਮੇਟੀ ਵਲੋਂ 21 ਹਜ਼ਾਰ ਪ੍ਰਤੀ ਮਹੀਨਾ ਸਹਾਇਤਾ ਦੇਣ ਦਾ ਫ਼ੈਸਲਾ ਕੀਤਾ ਹੋਇਆ ਹੈ। ਇਹ ਸਹਾਇਤਾ ਇਤਿਹਾਸਕ ਦਿਹਾੜਿਆਂ ਮੌਕੇ ਪਾਕਿਸਤਾਨ ਜਾਣ ਵਾਲੇ ਜਥਿਆਂ ਰਾਹੀਂ ਭੇਜੀ ਜਾਂਦੀ ਹੈ।
ਮੌਜੂਦਾ ਕੋਰੋਨਾ ਮਹਾਮਾਰੀ ਦੇ ਚਲਦਿਆਂ ਵਿਸਾਖੀ ਪੁਰਬ ਮੌਕੇ ਪਾਕਿਸਤਾਨ ਜਥਾ ਨਾ ਜਾ ਸਕਣ ਕਾਰਨ ਉਨ੍ਹਾਂ ਨੂੰ ਸਹਾਇਤਾ ਪੁੱਜਦਾ ਨਹੀਂ ਕੀਤੀ ਜਾ ਸਕੀ। ਇਸ ਤੋਂ ਪਹਿਲਾਂ ਨਵੰਬਰ 2019 ਤਕ ਦੀ ਮਹੀਨਾਵਾਰ ਰਾਸ਼ੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ 'ਤੇ ਜਥੇ ਰਾਹੀਂ ਭੇਜੀ ਜਾ ਚੁੱਕੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਮੁੱਖ ਸਕੱਤਰ ਡਾ. ਰੂਪ ਸਿੰਘ ਨੂੰ ਆਖਿਆ ਹੈ ਕਿ ਸਬੰਧਤਾਂ ਨੂੰ ਨਵੰਬਰ ਤੋਂ ਬਾਅਦ ਦੀ ਬਕਾਇਆ ਰਾਸ਼ੀ ਭੇਜਣ ਦਾ ਪ੍ਰਬੰਧ ਕੀਤਾ ਜਾਵੇ, ਕਿਉਂਕਿ ਉਨ੍ਹਾਂ ਦੀ ਆਰਥਿਕ ਹਾਲਤ ਮਾੜੀ ਹੋਣ ਕਾਰਨ ਉਨ੍ਹਾਂ ਦਾ ਗੁਜ਼ਾਰਾ ਮੁਸ਼ਕਲ ਨਾਲ ਚਲ ਰਿਹਾ ਹੈ।
ਡਾ. ਰੂਪ ਸਿੰਘ ਨੇ ਕਿਹਾ ਕਿ ਭਾਈ ਲੌਂਗੋਵਾਲ ਦੇ ਆਦੇਸ਼ਾਂ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ। ਇਸ ਲਈ ਬਦਲਵੇਂ ਪ੍ਰਬੰਧਾਂ ਤਹਿਤ ਸਬੰਧਤਾਂ ਨੂੰ ਪੈਸੇ ਭੇਜੇ ਜਾਣਗੇ। ਜੁਲਾਈ ਮਹੀਨੇ ਦੀ ਪਹਿਲੀ ਕਿਸ਼ਤ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਪਾਕਿਸਤਾਨ ਵਿਖੇ ਆਪ ਭਾਈ ਸਰਫ਼ਰਾਜ ਦੇ ਜਥੇ ਨੂੰ ਦਿਤੀ ਗਈ ਸੀ। ਇਸ ਮਗਰੋਂ ਨਵੰਬਰ ਮਹੀਨੇ ਚਾਰ ਮਹੀਨੇ ਦੀ ਸਹਾਇਤਾ ਰਾਸ਼ੀ 84 ਹਜ਼ਾਰ ਰੁਪਏ ਭੇਜੇ ਜਾ ਚੁੱਕੀ ਹੈ।