
ਨਿਹੰਗਾਂ ਦੇ ਬੁੱਢਾ ਦਲ ਨੇ ਕੀਤੀ ਕਾਰਵਾਈ ਦੀ ਮੰਗ ਸੋਸ਼ਲ ਮੀਡੀਆ 'ਤੇ ਦਸਤਾਰ ਨੂੰ ਲੈ ਕੇ ਕੀਤੀ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ
ਜਗਰਾਉਂ, 6 ਮਈ (ਪਰਮਜੀਤ ਸਿੰਘ ਗਰੇਵਾਲ) : ਨਿਹੰਗ ਸੰਪਰਦਾ 96 ਕਰੋੜੀ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਜੋਗਿੰਦਰ ਸਿੰਘ ਰਕਬੇ ਵਾਲਿਆਂ ਵਲੋਂ ਬਣਾਏ ਗਏ ਸਿੱਖਾਂ ਦੇ ਇਕ ਵਫ਼ਦ ਨੇ ਜ਼ਿਲ੍ਹਾ ਪੁਲਿਸ ਮੁਖੀ ਵਿਵੇਕਸ਼ੀਲ ਸੋਨੀ ਨੂੰ ਹਿੱਕ ਠੋਕ ਹਿੰਦੂ ਪੇਜ ਦੇ ਐਡਮਿਨ ਵਲੋਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਣ ਵਿਰੁਧ ਸ਼ਿਕਾਇਤ ਦਰਜ ਕਰਵਾਈ ਤੇ ਮਾਮਲਾ ਦਰਜ ਕਰਨ ਦੀ ਮੰਗ ਕੀਤੀ।
ਐਸ.ਐਸ.ਪੀ. ਵਿਵੇਕਸ਼ੀਲ ਸੋਨੀ ਨੂੰ ਮੰਗ ਪੱਤਰ ਦਿੰਦੇ ਬੁੱਢਾ ਦਲ ਦੇ ਆਗੂ।
ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਵਫ਼ਦ ਦੇ ਆਗੂਆਂ ਨੇ ਕਿਹਾ ਕਿ ਹਿੱਕ ਠੋਕ ਹਿੰਦੂ ਪੇਜ ਦੇ ਐਡਮਿਨ ਨੇ ਨਿਹੰਗ ਸਿੰਘ ਵਲੋਂ ਸਜਾਏ ਜਾਂਦੇ ਦੁਮਾਲੇ ਅਤੇ ਹਰ ਸਿੱਖ ਵਲੋਂ ਸਿਰ 'ਤੇ ਬੰਨ੍ਹੀ ਜਾਂਦੀ ਦਸਤਾਰ ਨੂੰ ਲੈ ਕੇ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕੀਤੀ ਗਈ, ਜਿਸ ਕਾਰਨ ਸਮੁੱਚੇ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਹਨ। ਉਨ੍ਹਾਂ ਕਿਹਾ ਕਿ ਅਜਿਹੇ ਸਮਾਜ ਵਿਰੋਧੀ ਅਨਸਰਾਂ ਵਲੋਂ ਪੰਜਾਬ ਦੇ ਸ਼ਾਂਤਮਈ ਮਾਹੌਲ ਅਤੇ ਭਾਈਚਾਰਕ ਸਾਂਝ ਨੂੰ ਫਿਰਕੂ ਰੰਗ ਦੇ ਕੇ ਲਾਂਬੂ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਜੋ ਕਿ ਅਸਹਿਣਯੋਗ ਹੈ।
ਇਸ ਮੌਕੇ ਜਥੇਦਾਰ ਪਾਲ ਸਿੰਘ ਤੇ ਜਥੇਦਾਰ ਕਰਮਜੀਤ ਸਿੰਘ ਨੇ ਕਿਹਾ ਕਿ ਸਿੱਖ ਅਪਣੇ ਧਾਰਮਕ ਚਿੰਨ੍ਹ ਵਜੋਂ ਪੱਗ ਬੰਨ੍ਹਦੇ ਹਨ। ਉਨ੍ਹਾਂ ਕਿਹਾ ਕਿ ਪੱਗ ਸਿਰਫ਼ ਉਨ੍ਹਾਂ ਦਾ ਧਾਰਮਕ ਚਿੰਨ੍ਹ ਹੀ ਨਹੀਂ ਬਲਕਿ ਉਨ੍ਹਾਂ ਦੀ ਪਛਾਣ ਹੈ। ਪੱਗ ਨੂੰ ਨਿਸ਼ਾਨਾ ਬਣਾ ਕੇ ਉਕਤ ਵਿਅਕਤੀ ਵਲੋਂ ਸਿੱਖ ਧਰਮ ਅਤੇ ਦਸਤਾਰ ਸਜਾਉਣ 'ਚ ਆਸਥਾ ਰੱਖਣ ਵਾਲੇ ਸਮੂਹ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ, ਜਿਸ ਨੂੰ ਕਦਾਈਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਐੈਸ.ਐੈਸ.ਪੀ ਵਿਵੇਕਸ਼ੀਲ ਸੋਨੀ ਤੋਂ ਹਿੱਕ ਠੋਕ ਹਿੰਦੂ ਪੇਜ਼ ਦੇ ਐਡਮਿਨ ਵਿਰੁਧ ਸਿੱਖ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਇਸ ਬਜਰ ਗੁਨਾਹ ਕਰਨ 'ਤੇ ਅਪਰਾਧਕ ਮਾਮਲਾ ਦਰਜ ਕਰਨ ਦੀ ਮੰਗ ਕੀਤੀ। ਇਸ ਮੌਕੇ ਸੁਖਵਿੰਦਰ ਸਿੰਘ ਢੱਟ, ਐਡਵੋਕੇਟ ਰਾਜਿੰਦਰ ਸਿੰਘ ਢੱਟ, ਅਵਤਾਰ ਸਿੰਘ ਸ਼ੇਖੂਪੁਰਾ, ਨਿਹੰਗ ਜਸਮੇਲ ਸਿੰਘ, ਮਝੇਲ ਸਿੰਘ, ਗੁਰਿੰਦਰ ਸਿੰਘ ਬਿੱਟੂ, ਸਿਮਰਨਜੀਤ ਸਿੰਘ ਖਾਲਸਾ, ਤ੍ਰਿਲੋਚਨ ਸਿੰਘ, ਚਰਨਜੀਤ ਸਿੰਘ ਢੱਟ ਤੇ ਕਮਲਜੀਤ ਸਿੰਘ ਲੁਧਿਆਣਾ ਆਦਿ ਹਾਜ਼ਰ ਸਨ।