
ਕੈਬਨਿਟ ਮੰਤਰੀ ਨੇ ਕਿਹਾ ਕਿ ਸਰਕਾਰੀ ਜ਼ਮੀਨ ਦਾ ਕਬਜ਼ਾ ਲੈਣ ਤੋਂ ਪਹਿਲਾਂ ਉਹ ਖੁਦ ਹੰਸ ਰਾਜ ਹੰਸ ਨਾਲ ਗੱਲ ਕਰਕੇ ਉਹਨਾਂ ਨੂੰ ਕਬਜ਼ਾ ਛੱਡਣ ਦੀ ਅਪੀਲ ਕਰਨਗੇ
ਜਲੰਧਰ: ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਜਲੰਧਰ ਦੇ ਇਕ ਪਿੰਡ ਵਿਚ ਮਸ਼ਹੂਰ ਗਾਇਕ ਹੰਸ ਰਾਜ ਹੰਸ ਦੇ ਬੇਟੇ ਯੁਵਰਾਜ ਹੰਸ ਅਤੇ ਨਵਰਾਜ ਹੰਸ ਨੇ 20 ਏਕੜ ਪੰਚਾਇਤੀ ਜ਼ਮੀਨ ਉੱਤੇ ਕਬਜ਼ਾ ਕੀਤਾ ਹੈ। ਉਹਨਾਂ ਕਿਹਾ ਕਿ ਸਰਕਾਰ ਕੋਲ ਰਿਪੋਰਟ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਸਰਕਾਰੀ ਜ਼ਮੀਨ ਦਾ ਕਬਜ਼ਾ ਲੈਣ ਤੋਂ ਪਹਿਲਾਂ ਉਹ ਖੁਦ ਹੰਸ ਰਾਜ ਹੰਸ ਨਾਲ ਗੱਲ ਕਰਕੇ ਉਹਨਾਂ ਨੂੰ ਕਬਜ਼ਾ ਛੱਡਣ ਦੀ ਅਪੀਲ ਕਰਨਗੇ।
ਇਸ ਸਬੰਧੀ ਜਵਾਬ ਦਿੰਦਿਆਂ ਦਿੱਲੀ ਤੋਂ ਸੰਸਦ ਮੈਂਬਰ ਹੰਸ ਰਾਜ ਹੰਸ ਨੇ ਕਿਹਾ ਕਿ ਇਹ ਜ਼ਮੀਨ ਸੂਫੀ ਸੈਂਟਰ ਲਈ ਖਰੀਦੀ ਗਈ ਸੀ। ਉਹਨਾਂ ਕਿਹਾ ਕਿ ਅਸੀਂ ਜ਼ਮੀਨ ਖਰੀਦੀ ਹੈ, ਕਬਜ਼ਾ ਨਹੀਂ ਕੀਤਾ। ਇਸ ਸਬੰਧੀ ਪੰਚਾਇਤ ਵਿਚ ਮਤਾ ਵੀ ਪਾਇਆ ਹੈ। ਉਕਤ ਜ਼ਮੀਨ ਲੋਕਾਂ ਦੇ ਭਲੇ ਲਈ ਹੈ। ਵਪਾਰਕ ਕੰਮ ਨਹੀਂ ਹੋਵੇਗਾ।
ਕੈਬਨਿਟ ਮੰਤਰੀ ਨੇ ਕਿਹਾ ਕਿ 2010 ਤੋਂ ਬਾਅਦ ਜ਼ਮੀਨਾਂ ਉੱਤੇ ਕਬਜ਼ਿਆਂ ਨੂੰ ਲੈ ਕੇ ਰਿਪੋਰਟ ਤਿਆਰ ਕੀਤੀ ਗਈ ਹੈ।
ਇਸ ਤੋਂ ਬਾਅਦ ਪੰਜਾਬ ਵਿਚ ਜਿੰਨੀਆਂ ਵੀ ਪੰਚਾਇਤੀ ਜ਼ਮੀਨਾਂ ਉੱਤੇ ਕਬਜ਼ਾ ਹੈ, ਉਹਨਾਂ ਨੂੰ ਛੁਡਵਾਇਆ ਜਾਵੇਗਾ। ਪੰਚਾਇਤ ਮੰਤਰੀ ਨੇ ਕਿਹਾ ਕਿ ਸੂਬੇ ਅੰਦਰ ਪੰਚਾਇਤੀ ਤੇ ਪੰਜਾਬ ਸਰਕਾਰ ਦੀਆਂ ਜ਼ਮੀਨਾਂ ’ਤੇ ਕੀਤੇ ਗਏ ਨਾਜਾਇਜ਼ ਕਬਜ਼ੇ ਹਰ ਹਾਲਤ ’ਚ ਛੁਡਾਏ ਜਾਣਗੇ, ਚਾਹੇ ਕਾਬਜ਼ਕਾਰ ਕਿੰਨਾ ਵੀ ਵੱਡਾ ਸਿਆਸਤਦਾਨ ਜਾਂ ਅਫਸਰਸ਼ਾਹ ਕਿਉਂ ਨਾ ਹੋਵੇ।
ਕੈਬਨਿਟ ਮੰਤਰੀ ਨੇ ਦੱਸਿਆ ਕਿ 25 ਅਪ੍ਰੈਲ ਤੋਂ ਬਾਅਦ ਪੰਚਾਇਤੀ ਜ਼ਮੀਨਾਂ ਤੋਂ ਕਬਜ਼ੇ ਛੁਡਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਮੋਹਾਲੀ, ਅੰਮ੍ਰਿਤਸਰ, ਪਟਿਆਲਾ ਅਤੇ ਜਲੰਧਰ ਦੇ ਪਿੰਡਾਂ ’ਚੋਂ ਹੁਣ ਤਕ 100 ਏਕੜ ਦੇ ਕਰੀਬ ਪੰਚਾਇਤੀ ਜ਼ਮੀਨ ਛੁਡਾਈ ਜਾ ਚੁੱਕੀ ਹੈ ਅਤੇ ਅਗਲੇ ਦਿਨਾਂ ਦੌਰਾਨ ਸੈਂਕੜੇ ਏਕੜ ਹੋਰ ਜ਼ਮੀਨ ਕਬਜ਼ਾਮੁਕਤ ਕਰਵਾਈ ਜਾਵੇਗੀ।