
ਸੱਟ ਤੋਂ ਵਾਪਸੀ ਬਾਅਦ ਰਾਫ਼ੇਲ ਨਡਾਲ ਮੈਡ੍ਰਿਡ ਓਪਨ ’ਚ ਸਿੱਧੇ ਸੈੱਟ ’ਚ ਜਿੱਤੇ
ਮੈਡ੍ਰਿਡ, 6 ਮਈ : ਸਪੈਨਿਸ਼ ਟੈਨਿਸ ਸਟਾਰ ਰਾਫ਼ੇਲ ਨਡਾਲ ਨੇ ਸੱਟ ਤੋਂ ਬਾਅਦ ਵਾਪਸੀ ਕਰਦੇ ਹੋਏ ਚੰਗੀ ਸ਼ੁਰੂਆਤ ਕੀਤੀ ਤੇ ਮੈਡ੍ਰਿਡ ਓਪਨ ’ਚ ਮਿਓਮੀਰ ਕੇਸਮਾਨੋਵਿਚ ਨੂੰ ਸਿੱਧੇ ਸੈੱਟ ’ਚ ਹਰ ਕੇ ਤੀਜੇ ਦੌਰ ’ਚ ਪ੍ਰਵੇਸ਼ ਕੀਤਾ। ਨਡਾਲ ਨੇ ਘਰੇਲੂ ਸਰਜਮੀਂ ’ਤੇ 6-1, 7-6 ਦੀ ਜਿੱਤ ਨਾਲ ਸ਼ੁਰੂਆਤ ਕੀਤੀ। ਜਿੱਤ ਤੋਂ ਬਾਅਦ ਨਡਾਲ ਰੀਅਲ ਮੈਡ੍ਰਿਡ ਦਾ ਚੈਂਪੀਅਨਸ ਲੀਗ ਫ਼ੁਟਬਾਲ ਮੈਚ ਦੇਖਣ ਪੁੱਜੇ। ਨਡਾਲ ਨੇ ਕਿਹਾ, ’ਸੱਟ ਤੋਂ ਵਾਪਸੀ ਦੇ ਬਾਅਦ ਮੈਂ ਹਮੇਸ਼ਾ ਕਾਫ਼ੀ ਮੈਚ ਖੇਡਣਾ ਚਾਹੁੰਦਾ ਹਾਂ ਤਾਂ ਜੋ ਮੈਂ ਆਪਣੀ ਸਰਵਸ੍ਰੇਸ਼ਟ ਫ਼ਾਰਮ ਹਾਸਲ ਕਰ ਸਕਾਂ।’ ਉਨ੍ਹਾਂ ਕਿਹਾ, ‘ਆਤਮਵਿਸ਼ਵਾਸ ਵਧਾਉਣ ਲਈ ਮੇਰੇ ਲਈ ਜਿੱਤਣਾ ਬਹੁਤ ਮਹੱਤਵਪੂਰਨ ਹੈ।’ ਇਸ ਤੋਂ ਪਹਿਲਾਂ ਸਾਬਕਾ ਚੈਂਪੀਅਨ ਐਲੇਕਜ਼ੈਂਡਰ ਜ਼ਵੇਰੇਵ ਨੇ ਮਾਰਿਨ ਸਿਲਿਚ ਨੂੰ 4-6, 6-4, 6-4 ਨਾਲ ਹਰਾ ਕੇ ਤੀਜੇ ਦੌਰ ’ਚ ਜਗ੍ਹਾ ਬਣਾਈ ਜਿਥੇ ਉਨ੍ਹਾਂ ਦਾ ਸਾਹਮਣਾ ਅਮਰੀਕਾ ਦੇ ਸੇਬੇਸਟੀਅਨ ਕੋਰਡਾ ਨਾਲ ਹੋਵੇਗਾ। (ਏਜੰਸੀ)