
ਡਿਊਟੀ ਦੌਰਾਨ ਕਰੰਟ ਲੱਗਣ ਕਾਰਨ ਜ਼ਖ਼ਮੀ ਹੋ ਗਏ ਸਨ ਸੇਵਾਮੁਕਤ ਸੂਬੇਦਾਰ ਹਰਵਿੰਦਰ ਸਿੰਘ
ਲੁਧਿਆਣਾ : ਰਾਏਕੋਟ ਦੇ ਪਿੰਡ ਐਤੀਆਣਾ ਦੇ ਵਸਨੀਕ ਫੌਜੀ ਸੂਬੇਦਾਰ ਹਰਵਿੰਦਰ ਸਿੰਘ (51) ਦੀ ਸ਼੍ਰੀਨਗਰ ’ਚ ਡਿਊਟੀ ਦੌਰਾਨ ਕਰੰਟ ਲੱਗਣ ਕਾਰਨ ਮੌਤ ਹੋ ਗਈ। ਸੂਬੇਦਾਰ ਹਰਵਿੰਦਰ ਸਿੰਘ ਫ਼ੌਜ ’ਚੋਂ ਸੇਵਾਮੁਕਤੀ ਉਪਰੰਤ ਡੀ.ਐਸ.ਸੀ. (ਡਿਫੈਂਸ ਸਕਿਉਰਿਟੀ ਕੋਰ) ’ਚ ਭਰਤੀ ਹੋਏ ਸਨ।
ਇਸ ਸਬੰਧੀ ਜਾਣਕਾਰੀ ਦਿੰਦਿਆ ਪਿੰਡ ਦੇ ਸਾਬਕਾ ਸਰਪੰਚ ਲਖਬੀਰ ਸਿੰਘ ਨੇ ਦਸਿਆ ਕਿ ਪਿਛਲੇ ਮਹੀਨੇ ਦੀ 29 ਤਰੀਕ ਨੂੰ ਸੂਬੇਦਾਰ ਹਰਵਿੰਦਰ ਸਿੰਘ ਨੂੰ ਸ਼੍ਰੀਨਗਰ ਵਿਖੇ ਡਿਊਟੀ ਦੌਰਾਨ ਕਰੰਟ ਲੱਗ ਗਿਆ ਸੀ, ਜਿਸ ਦੇ ਚਲਦੇ ਇਹ ਕਾਫੀ ਗੰਭੀਰ ਜ਼ਖ਼ਮੀ ਹੋ ਗਏ ਸਨ ਅਤੇ ਪਿਛਲੇ ਤਕਰੀਬਨ ਅੱਠ ਦਿਨਾਂ ਤੋਂ ਸ਼੍ਰੀਨਗਰ ਵਿਖੇ ਹੀ ਮਿਲਟਰੀ ਹਸਪਤਾਲ (ਐੱਮ.ਐਚ.) ’ਚ ਜ਼ੇਰੇ ਇਲਾਜ ਸਨ ਪ੍ਰੰਤੂ ਉਹ ਬਚ ਨਹੀਂ ਸਕੇ।
ਉਨ੍ਹਾਂ ਦਸਿਆ ਕਿ ਹਰਵਿੰਦਰ ਸਿੰਘ ਕੁੱਝ ਸਮਾਂ ਪਹਿਲਾਂ ਹੀ ਫ਼ੌਜ ’ਚੋਂ ਪੈਨਸ਼ਨ ਆਇਆ ਸੀ ਅਤੇ ਦੁਬਾਰਾ ਡਿਫੈਂਸ ਸਕਿਉਰਿਟੀ ਕੋਰ ’ਚ ਭਰਤੀ ਹੋ ਗਿਆ ਸੀ। ਉਨ੍ਹਾਂ ਦਸਿਆ ਕਿ ਹਰਵਿੰਦਰ ਸਿੰਘ ਅਪਣੇ ਪਿੱਛੇ ਅਪਣੇ ਪਿਤਾ ਮੇਜਰ ਸਿੰਘ, ਪਤਨੀ ਬਲਵਿੰਦਰ ਕੌਰ, ਇਕ ਲੜਕਾ ਅਤੇ ਦੋ ਲੜਕੀਆਂ ਛੱਡ ਗਿਆ ਹੈ, ਜਦਕਿ ਸੂਬੇਦਾਰ ਹਰਵਿੰਦਰ ਸਿੰਘ ਦੀ ਮ੍ਰਿਤਕ ਦੇਹ ਭਲਕੇ ਜੱਦੀ ਪਿੰਡ ਐਤੀਆਣਾ ਵਿਖੇ ਪੁੱਜਣ ਤੇ ਅੰਤਿਮ ਸਸਕਾਰ ਕੀਤਾ ਜਾਵੇਗਾ। ਸੂਬੇਦਾਰ ਹਰਵਿੰਦਰ ਸਿੰਘ ਦੀ ਮੌਤ ਦੀ ਖ਼ਬਰ ਸੁਣਨ ਤੋਂ ਬਾਅਦ ਪਿੰਡ ਤੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ।