
ਬੋਨ ਮੈਰੋ ਟ੍ਰਾਂਸਪਲਾਂਟ 'ਤੇ ਆਉਂਦਾ 35-40 ਲੱਖ ਦਾ ਖ਼ਰਚ
Sultanpur Lodhi News: ਕਪੂਰਥਲਾ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਅਧੀਨ ਪੈਂਦੇ ਪਿੰਡ ਹੁਸੈਨਪੁਰ ਬੂਲ੍ਹੇ ਦੇ ਵਸਨੀਕ 11 ਸਾਲਾ ਸੁੱਖਮਣ ਸਿੰਘ ਦਾ ਜੀਵਨ ਇਸ ਸਮੇਂ ਬੋਨ ਮੈਰੋ ਟ੍ਰਾਂਸਪਲਾਂਟ ਉੱਤੇ ਟਿਕਿਆ ਹੋਇਆ। ਬਲੱਡ ਕੈਂਸਰ ਦੀ ਲਪੇਟ `ਚ ਆਏ ਬਚਪਨ ਨੂੰ ਬਚਾਉਣ ਲਈ ਤੁਰੰਤ ਇਲਾਜ ਦੀ ਜਰੂਰਤ ਹੈ। ਪਰ ਆਰਥਿਕ ਬੰਦਾ ਹਾਲੀ ਨਾਲ ਜੂਝ ਰਿਹਾ ਪਰਿਵਾਰ ਇਲਾਜ ਕਰਾਉਣ ਚ ਪੂਰੀ ਤਰ੍ਹਾਂ ਦੇ ਨਾਲ ਬੇਵਸ ਹੈ।
ਇੱਕ ਛੋਟੇ ਜਿਹੇ ਕਿਸਾਨ ਦੇ ਘਰ ਪੈਦਾ ਹੋਇਆ ਸੁੱਖਮਣ ਸਿੰਘ 8 ਸਾਲ ਦੀ ਉਮਰ ਵਿੱਚ ਕੈਂਸਰ ਦੀ ਘੇਰੇ 'ਚ ਆ ਗਿਆ ਸੀ। ਪਰਿਵਾਰ ਨੇ ਔਖੇ ਸੌਖੇ ਹੋ ਕੇ ਕਾਫੀ ਮਹਿੰਗਾ ਇਲਾਜ ਕਰਵਾਇਆ। ਭਾਵੇਂ ਪਰਿਵਾਰ ਕਰਜ਼ੇ ਦੀ ਮਾਰ ਹੇਠ ਆ ਗਿਆ ਪਰ ਲੰਬੇ ਇਲਾਜ ਤੋਂ ਬਾਅਦ ਸੁੱਖਮਣ ਠੀਕ ਵੀ ਹੋ ਗਿਆ। ਕੁਝ ਸਮਾਂ ਬੀਤਣ ਬਾਅਦ ਕਿਸ ਨੂੰ ਪਤਾ ਸੀ ਕਿ ਇਹ ਨਾਮੁਰਾਦ ਬਿਮਾਰੀ ਮੁੜ ਤੋਂ ਦਸਤਕ ਦੇ ਦੇਵੇਗੀ ਅਤੇ ਇਹ ਛੋਟਾ ਜਿਹਾ ਬੱਚਾ ਫਿਰ ਤੋਂ ਜ਼ਿੰਦਗੀ ਮੌਤ ਦੀ ਲੜਾਈ ਲੜਨ ਲਈ ਮਜਬੂਰ ਹੋ ਜਾਵੇਗਾ।
ਪਰਿਵਾਰ ਵੱਲੋਂ ਪੀਜੀਆਈ ਚੰਡੀਗੜ੍ਹ ਤੱਕ ਇਲਾਜ ਲਈ ਪਹੁੰਚ ਕੀਤੀ ਗਈ ਤਾਂ ਮਾਹਰ ਡਾਕਟਰਾਂ ਨੇ ਜਲਦ ਤੋਂ ਜਲਦ ਬੋਨ ਮੈਰੋ ਟ੍ਰਾਂਸਪਲਾਂਟ ਕਰਵਾਉਣ ਦੀ ਸਲਾਹ ਦਿੱਤੀ। ਬੱਚੇ ਦੇ ਇਲਾਜ ਲਈ ਪਹਿਲਾਂ ਹੀ ਲੱਖਾਂ ਰੁਪਏ ਖਰਚ ਕਰ ਚੁੱਕਿਆ ਪਰਿਵਾਰ ਹੁਣ ਦੁਬਾਰਾ ਇਲਾਜ ਕਰਵਾਉਣ ਦੇ ਲਈ ਬਿਲਕੁਲ ਬੇਵਸ ਅਤੇ ਅਸਮਰਥ ਹੋ ਚੁੱਕਿਆ ਹੈ, ਕਿਉਂਕਿ ਪਰਿਵਾਰ ਔਖੇ ਆਰਥਿਕ ਹਾਲਾਤਾਂ ਵਿੱਚੋਂ ਗੁਜ਼ਰ ਰਿਹਾ ਹੈ।
ਮਾਂ ਅਮਰਿੰਦਰ ਕੌਰ ਅਤੇ ਪਿਤਾ ਸ਼ਰਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੂੰ 2022 ਦੇ ਵਿੱਚ ਸਾਡੇ ਬੱਚੇ ਨੂੰ ਬਲੱਡ ਕੈਂਸਰ ਦੀ ਸਮੱਸਿਆ ਆਈ ਸੀ। ਜਿਸਦਾ ਪੀਜੀਆਈ ਚੰਡੀਗੜ੍ਹ ਦੇ ਵਿੱਚ ਇਲਾਜ ਕਰਵਾਇਆ ਤੇ ਇੱਕ ਸਾਲ ਅਸੀਂ ਉੱਥੇ ਹੀ ਰਹੇ। ਆਪਣੇ ਬੱਚੇ ਨੂੰ ਤਕਲੀਫ ਚ ਦੇਖਣਾ ਬੇਹਦ ਮੁਸ਼ਕਲ ਸੀ, ਜਿਸ ਕਾਰਨ ਆਰਥਿਕ ਤੌਰ ਤੇ ਮਜਬੂਤ ਨਾ ਹੋਣ ਦੇ ਬਾਵਜੂਦ ਬਾਹਰੋਂ ਪ੍ਰਾਈਵੇਟ ਮਹਿੰਗੀਆਂ ਦਵਾਈਆਂ ਵੀ ਖਰੀਦੀਆਂ ਕਿ ਸਾਡਾ ਬੱਚਾ ਠੀਕ ਠਾਕ ਹੋ ਜਾਵੇ। ਲੰਬੇ ਇਲਾਜ ਮਗਰੋਂ ਉਥੇ ਫਿਰ ਛੁੱਟੀ ਮਿਲ ਗਈ ਕਿਉਂਕਿ ਡਾਕਟਰਾਂ ਅਨੁਸਾਰ ਸਿਰਫ 0.2 ਕੈਂਸਰ ਹੀ ਬਾਕੀ ਸੀ। ਦੋ ਸਾਲ ਤੱਕ ਘਰ ਇਲਾਜ ਦੀ ਦਵਾਈ ਚਲਦੀ ਰਹੀ। ਜਿਸ ਵਿੱਚ ਸਾਡਾ ਬਹੁਤ ਜਿਆਦਾ ਖਰਚ ਹੋਇਆ ਅਤੇ ਅਸੀਂ ਕਰਜ਼ੇ ਹੇਠ ਆ ਗਏ। ਕਿਉਂਕਿ ਸਾਡੇ ਕੋਲ ਜਮੀਨ ਬਹੁਤ ਘੱਟ ਹੈ ਜੋ ਹੈ ਉਹ ਵੀ ਦਰਿਆ ਬਿਆਸ ਦੇ ਮੰਡ ਖੇਤਰ ਵਿੱਚ ਹੈ। ਜਦੋਂ ਵੀ ਦਰਿਆ ਉਫਾਨ ਤੇ ਆਉਂਦਾ ਹੈ ਸਾਡੀਆਂ ਫਸਲਾਂ ਬਰਬਾਦ ਹੋ ਜਾਂਦੀਆਂ ਹਨ। ਅਜਿਹੇ ਹਾਲਾਤਾਂ ਵਿੱਚ ਮੁੜ ਤੋਂ ਇਸ ਨਾਮੁਰਾਦ ਬਿਮਾਰੀ ਨੇ ਸਾਡੇ ਬੇਟੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ ਡਾਕਟਰਾਂ ਦਾ ਕਹਿਣਾ ਹੈ ਕਿ ਇਸ ਦਾ ਬੋਨ ਮੈਰੋ ਟਰਾਂਸ ਪਲਾਂਟ ਹੋਣਾ ਹੈ ਜਿਸਦੇ ਵਿੱਚ 35 ਤੋਂ 40 ਲੱਖ ਰੁਪਏ ਦਾ ਖਰਚਾ ਆਵੇਗਾ ਪਰ ਸਾਡੇ ਕੋਲ ਪੈਸਾ ਨਹੀਂ ਹੈ ਇਲਾਜ ਜਰੂਰੀ ਹੈ ਜਿਸ ਦੇ ਲਈ ਅਸੀਂ ਸਮੂਹ ਸਮਾਜ ਸੇਵੀ ਸੰਸਥਾਵਾਂ ਅਤੇ ਐਨਆਰਆਈ ਭੈਣ ਭਰਾਵਾਂ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਬੱਚੇ ਦੇ ਇਲਾਜ ਲਈ ਸਾਡਾ ਸਹਿਯੋਗ ਕਰੋ ਤਾਂ ਜੋ ਅਸੀਂ ਉਸਦੀ ਜਾਨ ਬਚਾ ਸਕੀਏ।