
ਕੈਬਨਿਟ ਮੀਟਿੰਗ ’ਚ ਨਾ ਜਾਣ ’ਤੇ ਬੋਲੇ ਸਿੱਧੂ
ਚੰਡੀਗੜ੍ਹ: ਲੋਕ ਸਭਾ ਚੋਣਾਂ ਮਗਰੋਂ ਵੀਰਵਾਰ ਨੂੰ ਪਹਿਲੀ ਵਾਰ ਪੰਜਾਬ ਦੀ ਕੈਬਨਿਟ ਮੀਟਿੰਗ ਹੋਈ, ਜਿਸ ਵਿਚ ਨਵਜੋਤ ਸਿੰਘ ਸਿੱਧੂ ਸ਼ਾਮਲ ਨਹੀਂ ਹੋਏ। ਕੈਬਨਿਟ ਮੀਟਿੰਗ ਮਗਰੋਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਜੇਕਰ ਵਿਸ਼ਵਾਸ ਹੀ ਨਹੀਂ ਤਾਂ ਮੀਟਿੰਗ ਕਾਹਦੀ? ਉਨ੍ਹਾਂ ਕਿਹਾ ਕਿ ਹਰ ਵਾਰ ਉਨ੍ਹਾਂ ਦੇ ਵਿਭਾਗ ਨੂੰ ਟਾਰਗੇਟ ਕੀਤਾ ਜਾਂਦਾ ਹੈ। ਕੈਪਟਨ ਉਨ੍ਹਾਂ ਦੇ ਵੱਡੇ ਹਨ ਤੇ ਉਨ੍ਹਾਂ ਨੂੰ ਜੋ ਵੀ ਕਹਿਣਾ ਹੈ, ਬੁਲਾ ਕੇ ਕਹਿਣ। ਸਿੱਧੂ ਨੇ ਕਿਹਾ ਕਿ ਵਿਸ਼ਵਾਸ ’ਤੇ ਹੀ ਰਿਸ਼ਤੇ ਚੱਲਦੇ ਹਨ।
Navjot Singh sidhu
ਸਿੱਧੂ ਨੇ ਕਿਹਾ ਕਿ ਉਹ ਕਦੇ ਵੀ ਲੂਜ਼ਰ (ਹਾਰੇ ਹੋਏ) ਨਹੀਂ ਰਹੇ। ਮੁੱਖ ਮੰਤਰੀ ਨੇ ਹਰ ਮੰਤਰੀ ਨੂੰ ਦੋ ਜ਼ਿਲ੍ਹਿਆਂ ਦਾ ਇੰਚਾਰਜ ਲਾਇਆ ਸੀ ਤੇ ਸਿੱਧੂ ਨੂੰ ਅੰਮ੍ਰਿਤਸਰ ਤੇ ਤਰਨਤਾਰਨ ਦੀ ਜ਼ਿੰਮੇਵਾਰੀ ਦਿਤੀ ਹੈ। ਨਵਜੋਤ ਸਿੱਧੂ ਨੇ ਦਾਅਵਾ ਕੀਤਾ ਕਿ ਉੱਥੋਂ ਕਾਂਗਰਸ ਹੀ ਜਿੱਤੀ ਹੈ। ਇਸ ਦੌਰਾਨ ਨਵਜੋਤ ਸਿੱਧੂ ਨੇ ਕਿਹਾ ਕਿ ਉਹ ਸਾਰੇ ਕਾਂਗਰਸੀਆਂ ਦੀ ਇੱਜ਼ਤ ਕਰਦੇ ਹਨ ਤੇ ਹਰ ਵਾਰ ਇਹੀ ਕਹਿੰਦੇ ਹਨ ਕਿ ਉਨ੍ਹਾਂ ਦੀ ਲੜਾਈ ਵਿਰੋਧੀਆਂ ਨਾਲ ਹੈ ਕਿਉਂਕਿ ਅਪਣਿਆਂ ਨਾਲ ਕਦੇ ਨਹੀਂ ਲੜਿਆ ਜਾਂਦਾ।
Navjot Singh Sidhu
ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਵਿਚ ਕਾਂਗਰਸ ਹਥੋਂ ਸੂਬੇ ਦੀਆਂ ਪੰਜ ਸੀਟਾਂ ਖੁੱਸਣ ਦਾ ਠੀਕਰਾ ਨਵਜੋਤ ਸਿੱਧੂ ਦੇ ਸਥਾਨਕ ਸਰਕਾਰਾਂ ਵਿਭਾਗ ਸਿਰ ਭੰਨ੍ਹ ਦਿਤਾ ਸੀ। ਇਸ ਤੋਂ ਬਾਅਦ ਸਿੱਧੂ ਨੇ ਅਪਣੇ ਵਿਭਾਗ ਦਾ ਰਿਪੋਰਟ ਕਾਰਡ ਵੀ ਪੇਸ਼ ਕੀਤਾ ਸੀ ਤੇ ਫਿਰ ਅੱਜ ਉਨ੍ਹਾਂ ਵੋਟਾਂ ਦੇ ਵੇਰਵੇ ਪੇਸ਼ ਕਰ ਅਪਣੇ ਆਪ ਨੂੰ ਸਹੀ ਠਹਿਰਾਉਣ ਦੀ ਕੋਸ਼ਿਸ਼ ਕੀਤੀ।