ਪੰਜਾਬ 'ਚ ਕੋਰੋਨਾ ਵਾਇਰਸ ਨਾਲ 3 ਹੋਰ ਮੌਤਾਂ, 59 ਨਵੇਂ ਪਾਜ਼ੇਟਿਵ ਮਾਮਲੇ ਆਏ
Published : Jun 6, 2020, 8:06 am IST
Updated : Jun 6, 2020, 8:06 am IST
SHARE ARTICLE
File Photo
File Photo

ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਜ਼ਿਲ੍ਹੇ ਬਣੇ ਕੋਰੋਨਾ ਦਾ ਕੇਂਦਰ

ਚੰਡੀਗੜ੍ਹ, 5 ਜੂਨ (ਗੁਰਉਪਦੇਸ਼ ਭੁੱਲਰ): ਪੰਜਾਬ 'ਚ ਕੋਰੋਨਾ ਦੇ ਪਾਜ਼ੇਟਿਵ ਮਾਮਲਿਆਂ 'ਚ ਇਕ ਵਾਰੀ ਮੁੜ ਉਛਾਲ ਆਉਣਾ ਸ਼ੁਰੂ ਹੋਇਆ ਹੈ। ਪਿਛਲੇ 24 ਘੰਟਿਆਂ ਦੌਰਾਨ ਅੱਜ ਸ਼ਾਮ ਤਕ 59 ਹੋਰ ਨਵੇਂ ਪਾਜ਼ੇਟਿਵ ਕੋਰੋਨਾ ਮਾਮਲੇ ਦਰਜ ਕੀਤੇ ਗਏ ਹਨ। ਬੀਤੇ ਦਿਨ ਵੀ ਅੰਕੜਾ 55 ਸੀ। ਇਸੇ ਦੌਰਾਨ 24 ਘੰਟਿਆਂ ਦੇ ਸਮੇਂ 'ਚ ਕੋਰੋਨਾ ਨਾਲ 2 ਹੋਰ ਮੌਤਾਂ ਵੀ ਹੋਈਆਂ ਹਨ। ਦੋ ਮੌਤਾਂ ਅਮ੍ਰਿਤਸਰ ਅਤੇ ਇਕ ਜ਼ਿਲ੍ਹਾ ਤਰਨ ਤਾਰਨ ਦੇ ਪੱਟੀ ਨਾਲ ਸਬੰਧਤ ਕੋਰੋਨਾ ਪੀੜਤ ਦੀ ਹੋਈ ਹੈ। ਇਸ ਤਰ੍ਹਾਂ ਮੌਤਾਂ ਦਾ ਅੰਕੜਾ ਵੀ 50 ਹੋ ਗਿਆ ਹੈ।

ਕੁੱਲ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ ਵੀ 2474 ਤਕ ਪਹੁੰਚ ਗਿਆ ਹੈ। ਅੱਜ 26 ਹੋਰ ਮਰੀਜ਼ ਠੀਕ ਵੀ ਹੋਏ ਹਨ। ਇਸ ਤਰ੍ਹਾਂ ਠੀਕ ਹੋਣ ਵਾਲੇ ਕੁੱਲ ਮਰੀਜ਼ਾਂ ਦੀ ਗਿਣਤੀ ਵੀ 2069 ਤਕ ਪਹੁੰਚ ਗਈ ਹੈ। 344 ਮਰੀਜ਼ ਇਸ ਸਮੇਂ ਇਲਾਜ ਅਧੀਨ ਹਨ। ਜ਼ਿਕਰਯੋਗ ਗੱਲ ਹੈ ਕਿ ਇਸ ਸਮੇਂ ਅਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਜ਼ਿਲ੍ਹੇ ਕੋਰੋਨਾ ਦਾ ਮੁੱਖ ਕੇਂਦਰ ਬਣੇ ਹੋਏ ਹਨ। ਜ਼ਿਲ੍ਹਾ ਅਮ੍ਰਿਤਸਰ 'ਚ ਅੱਜ ਸ਼ਾਮ ਤੋਂ ਬਾਅਦ 20 ਹੋਰ ਨਵੇਂ ਕੇਸ ਆਏ ਹਨ। ਇਸੇ ਤਰ੍ਹਾਂ ਜਲੰਧਰ 'ਚ 8 ਅਤੇ ਲੁਧਿਆਣਾ 'ਚ 9 ਹੋਰ ਨਵੇਂ ਮਾਮਲੇ ਆਏ ਹਨ। ਜ਼ਿਲ੍ਹਾ ਅਮ੍ਰਿਤਸਰ 'ਚ ਕੁੱਲ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ 430, ਜਲੰਧਰ 'ਚ 270 ਅਤੇ ਲੁਧਿਆਣਾ 'ਚ 231 ਤਕ ਪਹੁੰਚ ਚੁੱਕਾ ਹੈ।

ਖੰਨਾ ਵਿਚ ਵੀ ਮਿਲੇ 5 ਹੋਰ ਕੋਰੋਨਾ ਪੀੜਤ ਮਾਮਲੇ
ਖੰਨਾ, 5 ਜੂਨ (ਏ.ਐਸ.ਖੰਨਾ) : ਕਰੋਨਾਵਾਇਰਸ ਦੇ ਦਿਨੋ-ਦਿਨ ਵੱਧ ਰਹੇ ਪਾਜ਼ੇਟਿਵ ਕੇਸਾਂ ਦੌਰਾਨ ਪਿੰਡ ਬੌਪੁਰ ਦੇ 5 ਵਿਅਕਤੀਆਂ ਦੇ ਟੈਸਟ ਪਾਜ਼ੇਟਿਵ ਪਾਏ ਜਾਣ ਕਰ ਕੇ ਲੋਕਾਂ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਹੈਲਥ ਇੰਸਪੈਕਟਰ ਡਾ. ਸਿੰਗਾਰਾ ਸਿੰਘ ਮੁੱਲਾਂਪੁਰ ਨੇ ਦਸਿਆ ਕਿ ਰਾਜਨ ਨਾਂ ਦਾ ਵਿਅਕਤੀ ਜੋ ਗੁਰੂ ਗ੍ਰਾਮ ਦਿੱਲੀ ਵਿਚ ਕਿਸੇ ਫ਼ੈਕਟਰੀ ਵਿਚ ਕੰਮ ਕਰਦਾ ਸੀ ਜੋ ਪਾਜ਼ੇਟਿਵ ਪਾਇਆ ਗਿਆ। ਕੋਰੋਨਾ ਮਹਾਂਮਾਰੀ ਦੀ ਲਪੇਟ ਵਿਚ ਰਾਜਨ ਦੀ ਮਾਂ ਬਲਜੀਤੀ ਦੇਵੀ, ਛੋਟਾ ਭਰਾ ਅਜੇ ਅਤੇ ਭਾਣਜਾ ਬਲਰਾਮ 6 ਸਾਲ ਦੀ ਰੀਪੋਰਟ ਵੀ ਪਾਜ਼ੇਟਿਵ ਪਾਈ ਗਈ ਹੈ। ਇਸੇ ਪਿੰਡ ਦਾ ਡਰਾਈਵਰ ਰਣਧੀਰ ਸਿੰਘ ਜੋ ਰਾਜਨ ਨੂੰ ਰੇਲਵੇ ਸਟੇਸ਼ਨ ਲੁਧਿਆਣਾ ਤੋਂ ਗੱਡੀ ਵਿਚ ਲੈ ਕੇ ਆਇਆ ਸੀ ਉਹ ਵੀ ਪਾਜ਼ੇਟਿਵ ਪਾਇਆ ਗਿਆ। ਪਿੰਡ ਜਲਾਜਣ ਦਾ ਬਲਵੰਤ ਸਿੰਘ ਪੁੱਤਰ ਬਿੱਕਰ ਸਿੰਘ ਦਾ ਟੈਸਟ ਵੀ ਪਾਜ਼ੇਟਿਵ ਪਾਇਆ ਗਿਆ ਜੋ ਡਾ.ਬੱਤਾ ਭਾਟੀਆਂ ਦਾ ਡਰਾਈਵਰ ਸੀ ਨੂੰ ਵੀ ਸਿਵਲ ਹਸਪਤਾਲ ਖੰਨਾ ਚੋਂ ਭਰਤੀ ਕੀਤਾ ਗਿਆ ਹੈ।

ਤਰਨ ਤਾਰਨ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਨਾਲ ਪਹਿਲੀ ਮੌਤ
ਪੱਟੀ, 5 ਜੂਨ (ਅਜੀਤ ਘਰਿਆਲਾ, ਪ੍ਰਦੀਪ) : ਤਰਨਤਾਰਨ ਜ਼ਿਲ੍ਹੇ ਵਿਚ ਕੋਰੋਨਾ ਨਾਲ ਪਹਿਲੀ ਮੌਤ ਹੋਣ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਜਾਣਕਾਰੀ ਅਨੁਸਾਰ ਪੱਟੀ ਸ਼ਹਿਰ ਦੀ ਵਾਰਡ ਨੰਬਰ 15 ਦਾ ਰਹਿਣ ਵਾਲਾ ਸਤਨਾਮ ਸਿੰਘ ਪੁੱਤਰ ਦਾਰਾ ਸਿੰਘ ਨੂੰ ਦੋ ਦਿਨ ਪਹਿਲਾਂ ਕਾਲਾ ਪੀਲੀਆ ਤੇ ਹੋਰ ਬਿਮਾਰੀਆਂ ਤੋਂ ਪੀੜਤ ਹੋ ਜਾਣ ਕਾਰਨ ਅੰਮ੍ਰਿਤਸਰ ਦੇ ਈ.ਐਮ.ਸੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ, ਜਿਥੇ ਉਸ ਦੀ ਬੀਤੀ ਰਾਤ ਮੌਤ ਹੋ ਗਈ ਸੀ। ਇਸ ਦਾ ਕੋਰੋਨਾ ਟੈਸਟ ਪਾਜ਼ੀਟਿਵ ਆਉਣ ਕਾਰਨ ਤਰਨਤਾਰਨ ਪ੍ਰਸ਼ਾਸ਼ਨ ਵਲੋਂ ਉਕਤ ਵਿਅਕਤੀ ਦੀ ਮ੍ਰਿਤਕ ਦੇਹ ਤਰਨਤਾਰਨ ਵਿਖੇ ਰੱਖੀ ਗਈ ਸੀ। ਹੁਣ ਇਸ ਦਾ ਪ੍ਰਸ਼ਾਸ਼ਨ ਵਲੋਂ ਸਮਾਜ ਸੇਵੀ ਸੰਸਥਾ ਦੇ ਸਹਿਯੋਗ ਨਾਲ ਪੂਰੀ ਸਾਵਧਾਨੀ ਨਾਲ ਅੰਤਮ ਸਸਕਾਰ ਕੀਤਾ ਗਿਆ ਹੈ। ਇਸ ਸਬੰਧੀ ਐਸ.ਐਮ.ਓ ਪੱਟੀ ਦੀ ਡਿਊਟੀ ਲਗਾ ਦਿੱਤੀ ਗਈ ਹੈ ਬਾਕੀ ਪਰਿਵਾਰਕ ਮੈਂਬਰਾਂ ਨੂੰ ਕੁਆਰੰਟੀਨ ਕਰ ਕੇ ਸੈਂਪਲਿੰਗ ਕੀਤੀ ਜਾਵੇ ਅਤੇ ਪੂਰੀ ਸਾਵਧਾਨੀ ਵਰਤੀ ਜਾਵੇ।
 

ਅੰਮ੍ਰਿਤਸਰ 'ਚ ਕੋਰੋਨਾ ਪੀੜਤ ਦੀ ਮੌਤ
ਅੰਮ੍ਰਿਤਸਰ, 5 ਜੂਨ (ਪਪ) : ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ 'ਚ ਜ਼ੇਰੇ ਇਲਾਜ ਕੋਰੋਨਾ ਪੀੜਤ ਦੀ ਮੌਤ ਹੋ ਗਈ ਹੈ, ਜਿਸ ਨਾਲ ਮਰਨ ਵਾਲਿਆਂ ਦਾ ਅੰਕੜਾ 8 ਹੋ ਗਿਆ ਹੈ। ਮ੍ਰਿਤਕ ਦੀ ਉਮਰ 60 ਸਾਲ ਦੱਸੀ ਜਾ ਰਹੀ ਹੈ ਜੋ ਖੂਹ ਬੰਬੇ ਵਾਲਾ ਦਾ ਰਹਣ ਸੀ। ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 20 ਹੋਰ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਹ ਸਾਰੇ ਮਰੀਜ਼ ਅੰਮ੍ਰਿਤਸਰ ਸ਼ਹਿਰ ਦੇ ਹੀ ਵਸਨੀਕ ਹਨ ਜਿਨ੍ਹਾਂ ਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ 'ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ। ਇਥੇ ਕੁਲ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 440 ਹੋ ਗਈ।

ਪੰਜਾਬ ਕੋਰੋਨਾ ਅਪਡੇਟ
ਕੁੱਲ ਸੈਂਪਲ : 113542
ਪਾਜ਼ੇਟਿਵ ਮਾਮਲੇ : 2474
ਕੁਲ ਠੀਕ ਹੋਏ : 2069
ਇਲਾਜ ਅਧੀਨ : 344
ਮੌਤਾਂ ਹੋਈਆਂ : 50

File PhotoFile Photo

ਪੰਜਾਬ 'ਚ ਅੱਜ ਸਾਹਮਣੇ ਆਏ ਨਵੇਂ ਮਾਮਲੇ
ਲੁਧਿਆਣਾ : ਕੋਰੋਨਾ ਦੇ 9 ਨਵੇਂ ਕੇਸ ਆਏ
ਲੁਧਿਆਣਾ, 5 ਜੂਨ (ਪਪ) : ਲੁਧਿਆਣਾ 'ਚ ਕੋਰੋਨਾ ਵਾਇਰਸ ਦੇ 9 ਹੋਰ ਮਾਮਲਿਆਂ ਦੀ ਹੋਈ ਪੁਸ਼ਟੀ ਹੋਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦਸਿਆ ਕਿ ਜਾਂਚ ਦੌਰਾਨ ਲੁਧਿਆਣਾ 'ਚ ਅੱਜ ਕੋਰੋਨਾ ਪ੍ਰਭਾਵਿਤ 9 ਹੋਰ ਮਰੀਜ਼ ਸਾਹਮਣੇ ਆਏ ਹਨ।
 

ਜਲੰਧਰ : ਅੱਠ ਕੋਰੋਨਾ ਪੀੜਤ ਹੋਰ ਮਿਲੇ
ਜਲੰਧਰ, 5 ਜੂਨ (ਵਰਿੰਦਰ ਸ਼ਰਮਾ /ਲਖਵਿੰਦਰ ਲੱਕੀ) : ਜਲੰਧਰ 'ਚ ਅੱਜ ਕੋਰੋਨਾ ਦੇ 8 ਹੋਰ ਮਰੀਜ਼ਾਂ ਦੇ ਮਿਲਣ ਨਾਲ ਜ਼ਿਲ੍ਹੇ 'ਚ ਪੀੜਤਾਂ ਦੀ ਗਿਣਤੀ ਵੱਧ ਕੇ 278 ਹੋ ਗਈ ਹੈ। ਜਾਣਕਾਰੀ ਅਨੁਸਾਰ ਅੱਜ ਪਾਜ਼ੇਟਿਵ ਆਏ ਵਿਅਕਤੀਆਂ 'ਚ ਪਿੰਡ ਆਲੋਵਾਲ ਦੀ ਰਹਿਣ ਵਾਲੀ 33 ਸਾਲ ਦੀ ਔਰਤ, ਭਾਰਗੋ ਕੈਂਪ ਦਾ 35 ਸਾਲ ਦਾ ਵਿਅਕਤੀ, ਰਾਜ ਨਗਰ ਬਸਤੀ ਬਾਵਾ ਖੇਲ ਦਾ 55 ਸਾਲ ਦਾ ਵਿਅਕਤੀ, ਨਿਊ ਅਮਰ ਨਗਰ ਦੀ ਰਹਿਣ ਵਾਲੀ 35 ਸਾਲ ਦੀ ਔਰਤ, ਮੁਹੱਲਾ ਸ਼ਿਵਰਾਜ ਗੜ੍ਹ ਦੀ ਰਹਿਣ ਵਾਲੀ 29 ਸਾਲ ਦੀ ਔਰਤ, ਨਿਊ ਸਰਾਏ ਕੁੰਜ ਦਾ ਰਹਿਣ ਵਾਲਾ 27 ਸਾਲ ਦਾ ਵਿਅਕਤੀ, ਸ਼ਿਵ ਨਗਰ, ਸੋਡਲ ਦੀ ਰਹਿਣ ਵਾਲੀ 55 ਸਾਲ ਦੀ ਔਰਤ ਅਤੇ ਲਾਜਪਤ ਨਗਰ ਦਾ ਰਹਿਣ ਵਾਲਾ 70 ਸਾਲ ਦਾ ਵਿਅਕਤੀ ਸ਼ਾਮਲ ਹਨ।

File PhotoFile Photo

ਫ਼ਰੀਦਕੋਟ : ਇਕ ਹੋਰ ਕੋਰੋਨਾ ਕੇਸ
ਫ਼ਰੀਦਕੋਟ, 5 ਜੂਨ (ਗੁਰਿੰਦਰ ਸਿੰਘ/ਲਖਵਿੰਦਰ ਹਾਲੀ) : ਸਿਹਤ ਵਿਭਾਗ ਵਲੋਂ ਪੁਲਿਸ ਕਰਮੀਆਂ, ਗਰਭਵਤੀ ਔਰਤਾਂ, ਆਸ਼ਾ ਵਰਕਰਾਂ, ਸਿਹਤ ਵਿਭਾਗ ਦੇ ਸਟਾਫ਼ ਮੈਂਬਰਾਂ ਅਤੇ ਹਾਲ ਹੀ ਵਿਚ ਵਿਦੇਸ਼ਾਂ ਜਾਂ ਬਾਹਰਲੇ ਸੂਬਿਆਂ ਤੋਂ ਆਏ ਵਿਅਕਤੀਆਂ ਦੀ ਕੀਤੀ ਜਾ ਰਹੀ ਸੈਂਪਲਿੰਗ ਦੇ ਮੱਦੇਨਜ਼ਰ ਨੇੜਲੇ ਪਿੰਡ ਸਿਰਸੜੀ ਤੋਂ ਇਕ ਗਰਭਵਤੀ ਔਰਤ 'ਚ ਕੋਰੋਨਾ ਵਾਇਰਸ ਦੇ ਲੱਛਣ ਪਾਏ ਜਾਣ ਦੀ ਹੋਈ ਪੁਸ਼ਟੀ ਤੋਂ ਬਾਅਦ ਜ਼ਿਲ੍ਹੇ 'ਚ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ 5 ਹੋ ਗਈ ਹੈ, ਜੋ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਫਰੀਦਕੋਟ ਦੇ ਆਈਸੋਲੇਸ਼ਨ ਵਾਰਡ 'ਚ ਜ਼ੇਰੇ ਇਲਾਜ ਹਨ। ਜਦਕਿ ਇਸ ਤੋਂ ਪਹਿਲਾਂ 60 ਤੋਂ ਵੀ ਜਿਆਦਾ ਕੋਰੋਨਾ ਦੇ ਮਰੀਜ ਤੰਦਰੁਸਤ ਹੋਣ ਉਪਰੰਤ ਘਰੋ ਘਰੀਂ ਜਾ ਚੁੱਕੇ ਹਨ।

ਮੋਹਾਲੀ : ਚਾਰ ਹੋਰ ਕੋਰੋਨਾ ਦੇ ਕੇਸ ਆਏ
ਐਸ.ਏ.ਐਸ ਨਗਰ, 5 ਜੂਨ (ਸੁਖਦੀਪ ਸਿੰਘ ਸੋਈਂ) : ਜ਼ਿਲ੍ਹੇ ਵਿਚ ਅੱਜ ਕੋਰੋਨਾ ਵਾਇਰਸ ਦੇ ਚਾਰ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਇਹ ਪ੍ਰਗਟਾਵਾ ਅੱਜ ਇਥੇ ਡਿਪਟੀ ਕਮਿਸਨਰ ਗਿਰੀਸ਼ ਦਿਆਲਨ ਨੇ ਕੀਤਾ। ਉਨ੍ਹਾਂ ਅੱਗੇ ਦਸਿਆ ਕਿ ਪਾਜ਼ੇਟਿਵ ਮਾਮਲਿਆਂ ਵਿਚ ਇਕ ਸੈਕਟਰ-70 ਮੁਹਾਲੀ ਦਾ 61 ਸਾਲਾ ਵਿਅਕਤੀ ਸ਼ਾਮਲ ਹੈ ਜਦਕਿ ਤਿੰਨ ਹੋਰ ਪਾਜ਼ੇਟਿਵ ਮਾਮਲੇ ਸੈਕਟਰ-78 ਦੇ ਪਹਿਲਾਂ ਹੀ ਪਾਜ਼ੇਟਿਵ ਪਾਏ ਗਏ ਮਰੀਜ਼ ਦੇ ਸੰਪਰਕ ਹਨ, ਜੋ ਦਿੱਲੀ ਦੀ ਯਾਤਰਾ ਕਰ ਕੇ ਆਇਆ ਸੀ। ਡੇਰਾਬਾਸੀ ਦੇ ਰਹਿਣ ਵਾਲੇ ਇਕ 33 ਸਾਲਾ ਐਨਆਰਆਈ ਨੂੰ ਅੱਜ ਗਿਆਨ ਸਾਗਰ ਹਸਪਤਾਲ ਤੋਂ ਛੁੱਟੀ ਦੇ ਦਿਤੀ ਗਈ। ਹੁਣ ਐਕਟਿਵ ਕੇਸਾਂ ਦੀ ਕੁੱਲ ਗਿਣਤੀ 17 ਹੈ ਅਤੇ 107 ਮਰੀਜ਼² ਠੀਕ ਹੋ ਗਏ ਹਨ।

ਅਮਲੋਹ : ਮਿਲੇ ਚਾਰ ਕੋਰੋਨਾ ਪੀੜਤ
ਅਮਲੋਹ, 5 ਜੂਨ (ਪਪ) : ਅਮਲੋਹ ਸ਼ਹਿਰ 'ਚ ਅੱਜ ਕੋਰੋਨਾ ਦੇ 4 ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਜਿਨ੍ਹਾਂ ਨੂੰ ਇਲਾਜ ਲਈ ਗਿਆਨ ਸਾਗਰ ਹਸਪਤਾਲ ਬਨੂੜ ਵਿਖੇ ਭੇਜਿਆ ਗਿਆ ਹੈ। ਇਹ ਜਾਣਕਾਰੀ ਸਿਵਲ ਸਰਜਨ ਫ਼ਤਿਹਗੜ੍ਹ ਸਾਹਿਬ ਡਾ. ਐਨ .ਕੇ ਅਗਰਵਾਲ ਨੇ ਦਿਤੀ।

ਗੁਰਦਾਸਪੁਰ : ਤਿੰਨ ਕੋਰੋਨਾ ਪਾਜ਼ੇਟਿਵ
ਗੁਰਦਾਸਪੁਰ, 5 ਜੂਨ (ਅਨਮੋਲ ਸਿੰਘ) : ਜਨਾਬ ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਅੰਦਰ ਅੱਜ 3 ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਨ੍ਹਾਂ ਵਿਚ 2 ਵਿਅਕਤੀ ਬੀਤੇ ਦਿਨੀ ਗੁਰਦਾਸਪੁਰ ਦੇ ਕਪੜਾ ਵਪਾਰੀ ਦੇ ਸੰਪਰਕ ਵਿਚ ਆਉਣ ਵਾਲੇ ਹਨ, ਜਿਨ੍ਹਾਂ ਵਿਚੋਂ ਇਕ ਉਨ੍ਹਾਂ ਦੀ ਧਰਮਪਤਨੀ ਅਤੇ ਇਕ ਉਨ੍ਹਾਂ ਦਾ ਵਰਕਰ ਹੈ। ਇਕ ਵਿਅਖਤੀ ਸ਼ੁਕਰਪੁਰਾ ਬਟਾਲਾ ਦਾ ਹੈ, ਜਿਸ ਦੀ ਸਿਹਤ ਵਿਭਾਗ ਵਲੋਂ ਚਲਾਈ ਰੈਂਡਮ ਸੈਂਪਲਿੰਗ ਮੁਹਿੰਮ ਦੌਰਾਨ ਕੀਤੇ ਟੈਸਟ ਦੀ ਰੀਪੋਰਟ ਪਾਜ਼ੇਟਿਵ ਆਈ ਹੈ। ਜ਼ਿਲ੍ਹੇ ਅੰਦਰ ਕੋਰੋਨਾ ਵਾਇਰਸ ਦੇ 4713 ਸ਼ੱਕੀ ਮਰੀਜਾਂ ਦੀ ਸੈਂਪਲਿੰਗ ਕੀਤੀ ਗਈ, ਜਿਸ ਵਿਚੋਂ 4245 ਨੈਗਵਿਟ, 322 ਪੈਂਡਿੰਗ ਅਤੇ 148 ਪਾਜ਼ੇਟਿਵ ਮਰੀਜ਼ ਸ਼ਾਮਲ ਹਨ।  148 ਕੋਰੋਨਾ ਪੀੜਤਾਂ ਵਿਚੋਂ 3 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ, 132 ਮਰੀਜ਼ਾਂ ਘਰਾਂ ਨੂੰ ਭੇਜੇ ਗਏ ਹਨ, (129 ਠੀਕ ਹੋਏ ਹਨ ਅਤੇ 3 ਘਰਾਂ ਵਿਚ ਏਕਾਂਤਵਾਸ ਕੀਤੇ ਗਏ ਹਨ ਅਤੇ 13 ਐਕਟਿਵ ਕੇਸ ਹਨ।

ਕਪੂਰਥਲਾ : ਦੋ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ
ਕਪੂਰਥਲਾ, 5 ਜੂਨ (ਪਪ) : ਬੇਗੋਵਾਲ ਥਾਣੇ ਦੇ ਏ.ਐਸ.ਆਈ. ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਹਾਲਾਤ ਹੁਣ ਹੋਰ ਵੀ ਗੰਭੀਰ ਬਣ ਗਏ ਹਨ। ਜ਼ਿਲ੍ਹਾ ਕਪੂਰਥਲਾ ਦੇ ਦੋ ਮਾਣਯੋਗ ਜੱਜਾਂ ਨੂੰ ਉਕਤ ਏ.ਐਸ.ਆਈ. ਦੇ ਸੰਪਰਕ ਵਿਚ ਆਉਣ ਕਾਰਨ ਕੁਆਰੰਟੀਨ ਕਰ ਦਿਤਾ ਗਿਆ। ਇਸ ਤੋਂ ਇਲਾਵਾ ਜ਼ਿਲ੍ਹਾ ਕਪੂਰਥਲਾ ਦੇ ਦੋ ਲੋਕਾਂ ਦੀ ਰੀਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਇਹ ਦੋਵੇਂ ਮਰੀਜ਼ ਜਲੰਧਰ ਦੇ ਨਿਜੀ ਹਸਪਤਾਲਾਂ ਵਿਚ ਇਲਾਜ ਅਧੀਨ ਸਨ ਜਦੋਂ ਇਨ੍ਹਾਂ ਦੇ ਨਮੂਨੇ ਲਏ ਗਏ ਤਾਂ ਇਨ੍ਹਾਂ ਨੂੰ ਕੋਰੋਨਾ ਲਾਗ ਦੀ ਪੁਸ਼ਟੀ ਹੋਈ। ਜਾਣਕਾਰੀ ਅਨੁਸਾਰ ਬੇਗੋਵਾਲ ਥਾਣੇ 'ਚ ਤਾਇਨਾਤ ਕੋਰੋਨਾ ਪਾਜ਼ੇਟਿਵ ਪਾਏ ਗਏ ਏ.ਐਸ.ਆਈ. ਦਲਜੀਤ ਸਿੰਘ ਨੇ ਆਪਣੀ ਹਿਸਟਰੀ ਸੰਬੰਧੀ ਜਾਣਕਾਰੀ ਦਿੰਦਿਆਂ ਦਸਿਆ ਕਿ ਉਹ 28 ਮਈ 2020 ਨੂੰ ਵਧੀਕ ਸੈਸ਼ਨ ਜੱਜ ਦੀ ਅਦਾਲਤ ਵਿਚ ਅਤੇ 2 ਜੂਨ 2020 ਨੂੰ ਭੁਲੱਥ ਦੀ ਅਦਾਲਤ ਵਿਚ ਪੇਸ਼ੀ ਦੌਰਾਨ ਮਾਣਯੋਗ ਜੱਜਾਂ ਸਮੇਤ ਹੋਰ ਪੁਲਿਸ ਅਤੇ ਅਦਾਲਤੀ ਕਾਮਿਆਂ ਦੇ ਸੰਪਰਕ ਵਿਚ ਆਇਆ ਸੀ।

ਰਾਮਪੁਰਾ : ਛੋਟੀ ਬੱਚੀ ਆਈ ਕੋਰੋਨਾ ਪਾਜ਼ੇਟਿਵ
ਬਠਿੰਡਾ/ਦਿਹਾਤੀ, 5 ਜੂਨ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ) : ਬਠਿੰਡਾ ਜ਼ਿਲ੍ਹੇ ਦੇ ਰਾਮਪੁਰਾ ਸ਼ਹਿਰ ਦੀ ਗਾਂਧੀ ਨਗਰ ਵਿਚਲੀ ਪਿਛਲੇ ਦਿਨੀ ਇਕ ਔਰਤ ਬੰਤੋ ਜੋ ਕੋਰੋਨਾ ਪਾਜ਼ੇਟਿਵ ਮਰੀਜ਼ ਪਾਈ ਗਈ ਸੀ, ਦੇ ਗੁਆਂਢ 'ਚ ਰਹਿੰਦੀ 10 ਕੁ ਸਾਲ ਦੀ ਬੱਚੀ ਦਾ ਕੋਰੋਨਾ ਟੈਸਟ ਸਬੰਧੀ ਭੇਜਿਆ ਨਮੂਨਾ ਵੀ ਪਾਜ਼ੇਟਿਵ ਆਇਆ ਹੈ। ਜਿਸ ਤੋਂ ਬਾਅਦ ਇਲਾਕੇ ਅੰਦਰ ਸਹਿਮ ਦਾ ਮਾਹੌਲ ਪਾਇਆ ਗਿਆ ਹੈ। ਥਾਣਾ ਮੁਖੀ ਹਰਬੰਸ ਸਿੰਘ ਇੰਚਾਰਜ ਸਿਟੀ ਰਾਮਪੁਰਾ ਨੇ ਦਸਿਆ ਕਿ ਬੇਸ਼ੱਕ ਉਕਤ ਬੱਚੀ ਦੇ ਪਰਵਾਰ ਦੀ ਪਿਛਲੇ ਦਿਨੀ ਪਾਜ਼ੇਟਿਵ ਆਈ ਔਰਤ ਮਰੀਜ਼ ਨਾਲ ਬੋਲਚਾਲ ਨਹੀਂ ਸੀ, ਪਰ ਬੱਚੀ ਜਰੂਰ ਉਸ ਦੀ ਦੁਕਾਨ ਉਪਰ ਆਉਦੀ ਜਾਂਦੀ ਸੀ। ਜਿਸ ਦੀ ਕਰੋਨਾ ਸਬੰਧੀ ਭੇਜੀ ਰੀਪੋਰਟ ਪਾਜ਼ੇਟਿਵ ਆ ਗਈ ਹੈ ਅਤੇ ਬੱਚੀ ਨੂੰ ਬਠਿੰਡਾ ਵਿਖੇ ਇਲਾਜ ਲਈ ਲਿਜਾਇਆ ਗਿਆ ਹੈ ਜਦਕਿ ਪਹਿਲਾ ਹੀ ਬੱਚੀ ਸਣੇ ਉਸ ਦੀ ਮਾਤਾ ਦਾ ਕਰੋਨਾ ਟੈਸਟ ਭੇਜਿਆ ਹੋਇਆ ਸੀ ਪਰ ਬੱਚੀ ਦੇ ਪਿਤਾ ਜੋ ਇਕ ਚੋਲ ਮਿੱਲ ਅੰਦਰ ਕੰਮ ਕਰਦਾ ਹੈ ਦਾ ਟੈਸਟ ਜਲਦ ਹੀ ਕਰਵਾ ਕੇ ਭੇਜ ਦਿਤਾ ਜਾਵੇਗਾ।

ਮੋਗਾ : ਕੁਵੈਤ ਤੋਂ ਆਇਆ ਇਕ ਪੀੜਤ
ਮੋਗਾ, 5 ਜੂਨ (ਅਮਜ਼ਦ ਖ਼ਾਨ): ਪੰਜਾਬ 'ਚ 18 ਮਈ ਨੂੰ ਖ਼ਤਮ ਹੋਏ ਕਰਫ਼ਿਊ ਦੇ ਬਾਅਦ ਦੀਆਂ ਦਿਤੀਆਂ ਗਈਆਂ ਰਿਆਇਤਾਂ ਦਾ ਸਿੱਧਾ ਅਸਰ ਕੋਰੋਨਾ ਦੇ ਵੱਧ ਰਹੇ ਆਂਕੜਿਆਂ 'ਤੇ ਹੋ ਰਿਹਾ ਹੈ। ਜਾਣਕਾਰੀ ਮੁਤਾਬਕ ਅੱਜ ਇਕ ਹੋਰ ਮੋਗਾ ਤੋਂ ਕੋਰੋਨਾ ਪਾਜ਼ੇਟਿਵ ਦਾ ਕੇਸ ਸਾਹਮਣੇ ਆਇਆ ਹੈ। ਦਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਕੁਵੈਤ ਤੋਂ ਆਇਆ ਹੈ ਅਤੇ ਇਹ ਨੌਜਵਾਨ ਮੋਗਾ ਦੇ ਬਾਘਾਪੁਰਾਣਾ ਦੇ ਇਕ ਪਿੰਡ ਦਾ ਰਹਿਣ ਵਾਲਾ ਹੈ।

ਮੁਕਤਸਰ : ਇਕ ਮਰੀਜ਼ ਪਾਜ਼ੇਟਿਵ
ਸ੍ਰੀ ਮੁਕਤਸਰ ਸਾਹਿਬ, 5 ਜੂਨ (ਰਣਜੀਤ ਸਿੰਘ) : ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਕੋਵਿਡ-19 ਸਬੰਧੀ ਜਾਣਕਾਰੀ ਦਿੰਦਿਆਂ ਡਾ. ਹਰੀ ਨਰਾਇਣ ਸਿੰਘ ਸਿਵਲ ਸਰਜਨ ਨੇ ਦਸਿਆ ਕਿ ਬੀਤੇ ਦਿਨੀ ਜ਼ਿਲ੍ਹੇ ਦੇ ਫਲੂ ਕਾਰਨਰਾਂ ਵਿਚ ਕੋਵਿਡ ਜਾਂਚ ਲਈ ਲਏ ਸੈਂਪਲਾਂ ਵਿਚੋਂ ਅੱਜ 129 ਸੈਂਪਲਾਂ ਦੀ ਰੀਪੋਰਟ ਕੋਵਿਡ ਨੇਗੈਟਿਵ ਅਤੇ ਇਕ ਮਰੀਜ਼ ਦੀ ਰੀਪੋਰਟ ਪਾਜ਼ੇਟਿਵ ਆਈ ਹੈ। ਡਾ. ਸਿੰਘ ਨੇ ਕਿਹਾ ਕਿ  ਹੁਣ ਤਕ 71 ਪਾਜ਼ੇਟਿਵ ਮਰੀਜ਼ਾਂ ਵਿਚੋਂ 68 ਮਰੀਜ਼ਾਂ ਦੀ ਬਾਹਰਲੇ ਰਾਜਾਂ ਤੋਂ ਟਰੈਵਿਲ ਹਿਸਟਰੀ ਹੈ ਅਤੇ ਸਿਰਫ਼ ਤਿੰਨ ਮਰੀਜ਼ਾਂ ਨੂੰ ਲੋਕਲ ਇਨਫੈਕਸ਼ਨ ਹੋਈ ਹੈ।

ਮਾਨਸਾ 'ਚ ਆਏ ਕੋਰੋਨਾ ਦੇ ਦੋ ਕੇਸ
ਸਰਦੂਲਗੜ੍ਹ, 5 ਜੂਨ (ਵਿਨੋਦ ਜੈਨ) : ਅੱਜ ਮਾਨਸਾ ਜ਼ਿਲ੍ਹੇ ਦੇ ਸਬ ਡਵੀਜਨ ਸਰਦੂਲਗੜ੍ਹ ਦੇ ਪਿੰਡ ਝੰਡਾ ਕਲਾਂ ਵਿਖੇ ਪਤੀ-ਪਤਨੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਸ ਸਬੰਧੀ ਐਸ.ਐਮ.ਓ ਸਰਦੂਲਗੜ੍ਹ ਹਰਚੰਦ ਸਿੰਘ ਅਤੇ ਡਾਕਟਰ ਸੋਹਣ ਲਾਲ ਅਰੋੜਾ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ 3 ਜੂਨ ਨੂੰ ਸਰਦੂਲਗੜ੍ਹ ਹਸਪਤਾਲ ਵਿਖੇ ਕੁੱਲ 26 ਵਿਅਕਤੀਆਂ ਦੇ ਕੋਰੋਨਾ ਟੈਸਟ ਕੀਤੇ ਗਏ ਸਨ ਜਿਨ੍ਹਾਂ ਦੀ ਰਿਪੋਰਟ ਅੱਜ ਆਈ ਸੀ ਜਿਸ ਵਿਚ 2 ਮਰੀਜ਼ਾਂ ਦੇ ਟੈਸਟ ਪਾਜ਼ੇਟਿਵ ਪਾਏ ਗਏ ਹਨ। ਉਹ ਮਰੀਜ਼ ਸਰਦੂਲਗੜ੍ਹ ਦੇ ਲਾਗਲੇ ਪਿੰਡ ਝੰਡਾ ਕਲਾਂ ਦੇ ਪ੍ਰੀਤਮ ਸਿੰਘ ਪੁੱਤਰ ਸੁਰਜੀਤ ਸਿੰਘ ਅਤੇ ਮੀਨਾਕਸ਼ੀ ਪਤਨੀ ਪ੍ਰੀਤਮ ਸਿੰਘ ਦੋਵੇਂ ਪਤੀ-ਪਤਨੀ ਹਨ, ਉਹ ਪਿਛਲੇ ਦਿਨੀਂ ਦਿੱਲੀ ਤੋਂ ਵਾਪਸ ਆਏ ਸਨ ਅਤੇ ਉਨ੍ਹਾਂ ਨੂੰ ਘਰ ਵਿਚ ਇਕਾਂਤਵਾਸ ਕੀਤਾ ਗਿਆ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement