
ਥਾਣਾ ਕੋਤਵਾਲੀ ਸਥਿਤ ਸਫ਼ੇਦਾਬਾਦ ਕਸਬੇ 'ਚ ਆਰਥਕ ਤੰਗੀ ਤੋਂ ਪਰੇਸ਼ਾਨ ਵਿਅਕਤੀ ਨੇ ਅਪਣੀ ਪਤਨੀ ਅਤੇ ਤਿੰਨ ਬੱਚਿਆਂ
ਬਾਰਾਬੰਕੀ, 5 ਜੂਨ : ਥਾਣਾ ਕੋਤਵਾਲੀ ਸਥਿਤ ਸਫ਼ੇਦਾਬਾਦ ਕਸਬੇ 'ਚ ਆਰਥਕ ਤੰਗੀ ਤੋਂ ਪਰੇਸ਼ਾਨ ਵਿਅਕਤੀ ਨੇ ਅਪਣੀ ਪਤਨੀ ਅਤੇ ਤਿੰਨ ਬੱਚਿਆਂ ਨੂੰ ਜ਼ਹਿਰੀਲਾ ਪਦਾਰਥ ਦੇ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਨੇ ਦਸਿਆ ਕਿ ਖੁਦਕੁਸ਼ੀ ਕਰਨ ਵਾਲਿਆਂ 'ਚ ਮਾਂ-ਬਾਪ ਅਤੇ ਉਨ੍ਹਾਂ ਦੇ ਤਿੰਨ ਬੱਚੇ ਸ਼ਾਮਲ ਹਨ। ਬੱਚਿਆਂ 'ਚ 2 ਕੁੜੀਆਂ ਅਤੇ ਇਕ ਮੁੰਡਾ ਹੈ।
ਸ਼ੁਰੂਆਤੀ ਪੁਛਗਿੱਛ 'ਚ ਪਰਵਾਰ ਦੇ ਆਰਥਕ ਤੰਗੀ ਕਾਰਨ ਖ਼ੁਦਕੁਸ਼ੀ ਕਰਨ ਦੀ ਗੱਲ ਸਾਹਮਣੇ ਆਈ ਹੈ। ਕੋਤਵਾਲੀ ਪੁਲਿਸ ਇੰਚਾਰਜ ਪੰਕਜ ਸਿੰਘ ਨੇ ਦਸਿਆ ਕਿ ਨਗਰ ਕੋਤਵਾਲੀ ਖੇਤਰ ਦੇ ਸਫ਼ੇਦਾਬਾਦ 'ਚ ਰਹਿਣ ਵਾਲੇ 37 ਸਾਲਾ ਵਿਵੇਕ ਸ਼ੁਕਲਾ, ਉਸ ਦੀ ਪਤਨੀ ਅਨਾਮਿਕਾ (34), 2 ਬੇਟੀਆਂ ਪੋਯਮ ਸ਼ੁਕਲਾ (10) ਰਿਤੂ ਸ਼ੁਕਲਾ (7) ਅਤੇ ਬੇਟਾ ਬਬਲ ਸ਼ੁਕਲਾ (5) ਸ਼ੁੱਕਰਵਾਰ ਨੂੰ ਮ੍ਰਿਤਕ ਮਿਲੇ। ਸਿੰਘ ਨੇ ਦਸਿਆ ਕਿ ਸ਼ੁਰੂਆਤੀ ਜਾਂਚ 'ਚ ਅਜਿਹਾ ਲੱਗ ਰਿਹਾ ਹੈ ਕਿ ਪਤਨੀ, ਬੱਚਿਆਂ ਦਾ ਕਤਲ ਕਰਨ ਤੋਂ ਬਾਅਦ ਪਿਤਾ ਨੇ ਖ਼ੁਦਕੁਸ਼ੀ ਕੀਤੀ ਹੈ।
ਉਨ੍ਹਾਂ ਦਸਿਆ ਕਿ ਇਕ ਸੁਸਾਈਡ ਨੋਟ ਵੀ ਮਿਲਿਆ ਹੈ, ਜਿਸ 'ਚ ਵਿਵੇਕ ਸ਼ੁਕਲਾ ਨੇ ਲਿਖਿਆ ਹੈ ਕਿ ਆਰਥਕ ਤੰਗੀ ਕਾਰਨ ਉਹ ਇਹ ਕਦਮ ਚੁੱਕ ਰਿਹਾ ਹੈ। ਉਹ ਅਪਣੇ ਪਰਵਾਰ ਨੂੰ ਕੋਈ ਸੁੱਖ ਨਹੀਂ ਦੇ ਸਕਿਆ। ਉਨ੍ਹਾਂ ਦਸਿਆ ਕਿ ਵਿਵੇਕ 'ਤੇ ਲੋਕਾਂ ਦਾ ਕਾਫੀ ਪੈਸਾ ਉਧਾਰ ਹੋ ਗਿਆ ਸੀ। ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ। (ਏਜੰਸੀ)