
ਇਕ ਦਿਨ ਵਿਚ 1.20 ਲੱਖ ਨਵੇਂ ਮਾਮਲੇ, 3380 ਮੌਤਾਂ
ਨਵੀਂ ਦਿੱਲੀ, 5 ਜੂਨ : ਭਾਰਤ ਵਿਚ ਕਰੀਬ ਦੋ ਮਹੀਨਿਆਂ ਵਿਚ ਕੋਵਿਡ-19 ਦੇ ਇਕ ਦਿਨ ਵਿਚ ਸੱਭ ਤੋਂ ਘੱਟ 1,20,529 ਨਵੇਂ ਮਾਮਲੇ ਆਏ ਅਤੇ ਇਸ ਦੇ ਨਾਲ ਹੀ ਵਾਇਰਸ ਦੇ ਕੱੁਲ ਮਾਮਲੇ 2,86,94,879 'ਤੇ ਪਹੁੰਚ ਗਏ | ਕੇਂਦਰੀ ਸਿਹਤ ਮੰਤਰਾਲਾ ਦੇ ਸਵੇਰੇ ਜਾਰੀ ਅੰਕੜਿਆਂ ਮੁਤਾਬਕ ਇਸ ਵਾਇਰਸ ਨਾਲ 3380 ਹੋਰ ਲੋਕਾਂ ਦੀ ਜਾਨ ਗੁਆਉਣ ਨਾਲ ਮਿ੍ਤਕਾਂ ਦੀ ਕੁੱਲ ਗਿਣਤੀ 3,44,082 ਹੋ ਗਈ ਹੈ, ਜਦਕਿ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 5ਵੇਂ ਦਿਨ 20 ਲੱਖ ਤੋਂ ਘੱਟ ਰਹੀ | ਮੰਤਰਾਲਾ ਨੇ ਦਸਿਆ ਕਿ ਰੋਜ਼ਾਨਾ ਆਉਣ ਵਾਲੇ ਵਾਇਰਸ ਦੇ ਕੁਲ ਮਾਮਲੇ 58 ਦਿਨਾਂ ਵਿਚ ਸੱਭ ਤੋਂ ਘੱਟ ਹਨ | ਅੰਕੜਿਆਂ ਮੁਤਾਬਕ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘੱਟ ਹੋ ਕੇ 15,55,248 ਰਹਿ ਗਈ ਹੈ, ਜੋ ਵਾਇਰਸ ਦੇ ਕੁੱਲ ਮਾਮਲਿਆਂ ਦਾ 5.73 ਫ਼ੀਸਦ ਹੈ | ਕੋਵਿਡ-19 ਤੋਂ ਸਿਹਤਯਾਬ ਹੋਣ ਵਾਲੇ ਲੋਕਾਂ ਦੀ ਰਾਸ਼ਟਰੀ ਦਰ 93.08 ਫ਼ੀਸਦ ਹੈ | ਸਿਹਤਮੰਦ ਹੋਣ ਵਾਲੇ ਲੋਕਾਂ ਦੀ ਗਿਣਤੀ ਲਗਾਤਾਰ 23ਵੇਂ ਦਿਨ ਵਾਇਰਸ ਦੇ ਰੋਜ਼ਾਨਾ ਆਉਣ ਵਾਲੇ ਨਵੇਂ ਮਾਮਲਿਆਂ ਤੋਂ ਵੱਧ ਹੈ | ਅੰਕੜਿਆਂ ਮੁਤਾਬਕ ਇਸ ਬੀਮਾਰੀ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ 2,67,95,549 ਹੋ ਗਈ ਹੈ, ਜਦਕਿ ਮੌਤ ਦਰ 1.19 ਫ਼ੀਸਦ ਹੈ | ਦੇਸ਼ ਵਿਚ ਪਿਛਲੇ ਸਾਲ 7 ਅਗੱਸਤ ਨੂੰ ਪੀੜਤਾਂ ਦੀ ਗਿਣਤੀ 20 ਲੱਖ, 23 ਅਗੱਸਤ ਨੂੰ 30 ਲੱਖ ਅਤੇ 5 ਸਤੰਬਰ ਨੂੰ 40 ਲੱਖ ਤੋਂ ਵੱਧ ਹੋ ਗਈ ਸੀ | ਦੇਸ਼ 'ਚ ਹੁਣ ਤਕ 22,78,60,317 ਲੋਕਾਂ ਦਾ ਟੀਕਾਕਰਨ ਕੀਤਾ ਜਾ ਚੁਕਾ ਹੈ | (ਪੀਟੀਆਈ)