
ਭਾਰਤੀ ਫ਼ੌਜ ਦਾ ਹਮਲਾ ਇੰਦਰਾ ਗਾਂਧੀ ਦੀ ਰਾਸ਼ਟਰਵਾਦੀ ਨੀਤੀ ਦਾ ਹੀ ਹਿੱਸਾ ਸੀ : ਰਾਜੇਵਾਲ
ਰਾਜਵਿੰਦਰ ਸਿੰਘ ਰਾਹੀ ਦੀ ਪੁਸਤਕ ਅੱਖੀਂ ਡਿੱਠਾ ਅਪ੍ਰੇਸ਼ਨ ਬਲਿਊ ਸਟਾਰ ਜਾਰੀ
ਚੰਡੀਗੜ੍ਹ, 5 ਜੂਨ (ਗੁਰਉਪਦੇਸ਼ ਭੁੱਲਰ) : ਜੂਨ 84 ਸਾਕਾ ਦੀ 37ਵੀਂ ਬਰਸੀ ਉਤੇ ਹੋਏ ਸੈਮੀਨਾਰ ’ਚ ਕਿਸਾਨ ਲੀਡਰਾਂ ਅਤੇ ਹੋਰ ਬੁਲਾਰਿਆਂ ਨੇ ਕਿਹਾ ਕਿ ਅੰਗਰੇਜ਼ਾਂ ਵਾਲੀ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਉਤੇ ਚਲਦਿਆਂ ਇੰਦਰਾ ਗਾਂਧੀ ਨੇ ਸ਼ਾਂਤਮਈ ਧਰਮਯੁੱਧ ਮੋਰਚੇ ਨੂੰ ਮੀਡੀਆਂ ਅਤੇ ਰਾਜ ਸੱਤਾ ਦੀ ਦੁਰਵਰਤੋਂ ਕਰ ਕੇ ਵੱਖਵਾਦੀ, ਅਤਿਵਾਦੀ ਅਤੇ ਦੇਸ਼ ਦੀ ਏਕਤਾ-ਆਖੰਡਤਾ ਲਈ ਵੱਡਾ ਖ਼ਤਰਾ ਪੇਸ਼ ਕਰ ਕੇ ਦਰਬਾਰ ਸਾਹਿਬ ਉਤੇ ਫ਼ੌਜ ਚੜ੍ਹਾਈ।
ਕੇਂਦਰੀ ਸਿੰਘ ਸਭਾ ਦੇ ਕੈਂਪਸ ਵਿਚ ਆਯੋਜਤ ਕੀਤੀ ਗਈ ਜੂਨ 84 ਦੀ ਬਰਸੀ ਉਤੇ ਬੋਲਦਿਆਂ ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਇੰਦਰਾ ਗਾਂਧੀ ਦੀ ਸਰਕਾਰ ਨੇ ਸਿੱਖਾਂ ਅਤੇ ਹਿੰਦੂਆਂ ਦਰਮਿਆਨ ਪਾੜਾ ਵਧਾਇਆ, ਪੰਜਾਬੀ ਸਮਾਜ ਵਿਚ ਵੰਡੀਆ ਪਾਈਆਂ। ਸਿੱਖ ਘੱਟ ਗਿਣਤੀ ਨੂੰ ‘ਸਰਕਾਰੀ ਅਤਿਵਾਦ’ ਦਾ ਸ਼ਿਕਾਰ ਬਣਾ ਕੇ, ਕੱਟੜ, ਅੰਨੇ੍ਹ ਰਾਸ਼ਟਰਵਾਦ ਨੂੰ ਮਜ਼ਬੂਤ ਕੀਤਾ। 37 ਸਾਲ ਪਹਿਲਾਂ, ਸ੍ਰੀ ਦਰਬਾਰ ਸਾਹਿਬ ਉੱਤੇ ਭਾਰਤੀ ਫ਼ੌਜ ਦਾ ਹਮਲਾ ਇੰਦਰਾ ਗਾਂਧੀ ਦੀ ਰਾਸ਼ਟਰਵਾਦੀ ਸਿਆਸਤ ਦਾ ਹੀ ਹਿੱਸਾ ਸੀ। ਦਰਬਾਰ ਸਾਹਿਬ ਉੱਤੇ 220 ਸਾਲ ਬਾਅਦ ਹੋਏ ਫ਼ੌਜੀ ਹਮਲੇ ਵਿਚ 5,000 ਤੋਂ 7,000 ਤਕ ਸਿੱਖ ਮਾਰੇ ਗਏ। ਅਕਾਲ ਤਖ਼ਤ ਢਹਿ-ਢੇਰੀ ਹੋ ਗਿਆ। ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੇ ਜਥੇ ਵਲੋਂ ਅੰਦਰੋਂ ਫ਼ੌਜ ਦਾ ਮੁਕਾਬਲਾ ਕਰਨ ਵਾਲੇ ਹਥਿਆਰਬੰਦ ਸਿੰਘ 125-150 ਤੋਂ ਵੱਧ ਨਹੀਂ ਸਨ।
ਕਿਸਾਨ ਲੀਡਰ ਕਾਮਰੇਡ ਰੁਲਦੂ ਸਿੰਘ ਨੇ ਕਿਹਾ ਸਮੁੱਚੇ ਸਿੱਖ ਭਾਈਚਾਰੇ ਨੂੰ “ਸਬਕ” ਸਿਖਾਉਣ ਵਾਲਾ ਫ਼ੌਜੀ ਹਮਲਾ, ਦਰਬਾਰ ਸਾਹਿਬ ਦੇ ਨਾਲ-ਨਾਲ 38 ਹੋਰ ਪੰਜਾਬ ਦੇ ਇਤਿਹਾਸਕ ਗੁਰਦਵਾਰਿਆਂ ਉਤੇ ਹੋਇਆ। ਸੀ.ਪੀ.ਆਈ-ਐਮ ਐਲ (ਲਿਬਰੇਸ਼ਨ) ਦੇ ਸੈਂਟਰਲ ਕਮੇਟੀ ਮੈਂਬਰ ਸ਼ੁਦਰਸ਼ਨ ਨੱਤ ਨੇ ਕਿਹਾ ਕਿ ਸਾਕਾ ਜੂਨ 84 ਨੇ ਪੰਜਾਬ ਨੂੰ ਲੰਮੀ ਬਰਬਾਦੀ ਦੇ ਰਾਹ ਤੋਰਿਆ ਅਤੇ ਦੇਸ਼ ਦੀ ਸਮੁੱਚੀ ਸਿਆਸਤ ਨੂੰ ਧਰਮ ਨਿਰਪੱਖ ਜਮਹੂਰੀਅਤ ਦੇ ਪਾਲੇ ਵਿਚੋਂ ਕੱਢ ਕੇ, ਫਿਰਕਾਪ੍ਰਸਤ ਰਾਸ਼ਟਰਵਾਦੀ ਰਾਜਨੀਤੀ ਦੇ ਰਾਹ ਪਾ ਦਿਤਾ। ਇੰਦਰਾ ਗਾਂਧੀ “ਦੁਰਗਾ ਦੇਵੀ” ਵਜੋਂ ਉਭਰੀ ਸੀ। ਨੱਤ ਨੇ ਜ਼ੋਰ ਦਿਤਾ ਕਿ ਸਾਰੀਆ ਖੱਬੀਆਂ ਧਿਰਾਂ/ਗਰੁੱਪ ‘ਸਰਕਾਰੀ ਬੱਘੀ’ ਉੱਤੇ ਸਵਾਰ ਨਹੀਂ ਹੋਈਆ ਅਤੇ ਸਾਡੀ ਪਾਰਟੀ ਹਾਕਮ ਇੰਦਰਾ ਗਾਂਧੀ/ਕਾਂਗਰਸ ਦੀਆਂ ਕੂਟ-ਨੀਤੀ ਦੀਆਂ ਬਾਰੀਕੀਆਂ ਸਮਝ ਗਈ ਸੀ।
ਡਾ. ਪਿਆਰੇ ਲਾਲ ਗਰਗ ਨੇ ਕਿਹਾ ਸਾਕਾ ਨੀਲਾ ਤਾਰਾ ਵੇਲੇ ਸਿੱਖ ਭਾਈਚਾਰੇ ਨੂੰ ਇਕੱਲੇ ਕੱਢ ਸਿਰਫ਼ ਕੁਟਿਆ ਮਾਰਿਆ, ਮਨੁੱਖੀ ਕਦਰਾਂ-ਕੀਮਤਾਂ ਦਾ ਘਾਣ ਵੀ ਕੀਤਾ ਜਿਸ ਵਿਚੋਂ ਆਰ.ਐਸ.ਐਸ ਅਤੇ ਮੋਦੀ ਮਾਰਕਾ ਬਹੁਗਿਣਤੀ-ਅਧਾਰਤ ਹਿੰਦੂ-ਰਾਸ਼ਟਰਵਾਦੀ ਸਿਆਸੀ-ਤੰਤਰ ਨਿਕਲਿਆ। ਇਕ ਮੌਕੇ ਡਾ. ਰੌਨਕੀ ਰਾਮ ਨੇ ਕਿਹਾ ਘੱਟ-ਗਿਣਤੀਆ, ਦਲਿਤ ਅਤੇ ਦੱਬੇ-ਕੁਚਲੇ ਲੋਕ ਜਿਆਦਾ ਧੱਕੇ ਦਾ ਸ਼ਿਕਾਰ ਹੋਏ। ਇੰਦਰਾ ਗਾਂਧੀ ਦੇ ਰਾਸ਼ਟਰਵਾਦ ਵਿਚੋਂ ਹੀ ਤਾਨਾਸ਼ਾਹੀ ਫੁੱਟੀ, ਫੈਡਰਲਿਜ਼ਮ ਟੁੱਟਿਆ ਅਤੇ ਨਵ-ਉਦਾਰਵਾਦੀ ਢਾਂਚੇ ਦਾ ਬੇਰੋਕ-ਟੋਕ ਉਭਾਰ ਹੋਇਆ।
ਸਰਕਾਰ ਵਲੋਂ ਫੈਲਾਏ ਝੂਠ ਬਾਰੇ ਬੋਲਦਿਆਂ, ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਜਲੰਧਰ ਦੇ ਗੁਰਦੁਆਰਾ ਸਿੰਘ ਸਭਾ ਵਿੱਚ ਪੰਜ ਪੁਲਿਸ ਮੁਲਾਜ਼ਮ, ਟਕਸਾਲੀ ਸਿੰਘਾਂ ਦੇ ਭੇਸ ਵਿਚ ਭੇਜ ਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਬਾਰੇ ਝੂਠੀ ਅਰਦਾਸ ਕਰਵਾਈ ਕਿ ਉਹ ਦਰਬਾਰ ਸਾਹਿਬ ਉੱਤੇ ਹੋਏ ਫ਼ੌਜੀ ਹਮਲੇ ਵਿਚ ਬਚ ਨਿਕਲੇ ਹਨ ਅਤੇ ਚੜ੍ਹਦੀ ਕਲਾ ਵਿਚ ਹਨ।
ਡਾ. ਮੇਘਾ ਸਿੰਘ ਨੇ ਕਿਸਾਨੀ ਅੰਦੋਲਨ ਦੀ ਸ਼ਲਾਘਾ ਕੀਤੀ ਕਿ ਉਸ ਨੇ ਤੱਤੇ ਨਾਹਰਿਆਂ ਦੇ ਖੋਖਲੇਪਨ ਅਤੇ ਆਰਥਕਤਵਾਦ ਦੀ ਸੌੜੀ ਸਫ਼ਬੰਦੀ-ਦੋਨਾਂ ਨੂੰ ਪਛਾੜਿਆ। ਕਿਸਾਨੀ ਸੰਘਰਸ ਨੇ ਸਾਕਾ ਜੂਨ 84 ਦੀ ਜਨਨੀ ਸਿਆਸਤ ਨੂੰ ਢੱੁਕਵਾਂ ਜਵਾਬ ਦਿਤਾ ਹੈ ਅਤੇ ਜੂਨ 84 ਵਿਚ ਮਾਰੇ, ਕੁਚਲੇ ਗਏ ਹਜ਼ਾਰਾਂ ਸਿੱਖਾਂ ਨੂੰ ਵੀ ਇਹ ਭਰਵੀਂ ਸ਼ਰਧਾਂਜ਼ਲੀ ਹੈ। ਮੇਘਾ ਸਿੰਘ ਵਲੋਂ ਕਿਸਾਨੀ ਮਸਲਿਆਂ ਨਾਲ ਸਬੰਧਤ ਲਿਖੀ ਕਿਤਾਬ ਰੀਲੀਜ਼ ਕੀਤੀ ਗਈ।
ਰਾਜਵਿੰਦਰ ਸਿੰਘ ਰਾਹੀ ਦੀ ਸੰਪਾਦਤ ਕਿਤਾਬ “ਅੱਖੀ ਡਿੱਠਾ ਅਪ੍ਰੇਸ਼ਨ” ਬਲਿਉ ਸਟਾਰ ਪ੍ਰਧਾਨਗੀ ਮੰਡਲ, ਬਲਬੀਲ ਸਿੰਘ ਰਾਜੇਵਾਲ, ਡਾ. ਪਿਆਰੇ ਲਾਲ ਗਰਗ, ਡਾ. ਰੌਣਕੀ ਰਾਮ, ਰੁਲਦੂ ਸਿੰਘ, ਗਿਆਨੀ ਕੇਵਲ ਸਿੰਘ ਹੋਰਾਂ ਨੇ ਰੀਲੀਜ਼ ਕੀਤੀ। ਰਾਜਵਿੰਦਰ ਸਿੰਘ ਰਾਹੀ ਨੇ ਕਿਹਾ ਕਿ ਅੱਜ ਕਾਮਰੇਡ ਬਨਾਮ ਸਿੱਖ ਮਸਲਾ ਬਣਾਇਆ ਜਾ ਰਿਹਾ ਹੈ ਪਰ ਸ਼ੁਰੂ ਵਿਚ ਸੰਤ ਭਿੰਡਰਾਂਵਾਲਿਆਂ ਦੇ ਸਹਿਯੋਗੀ ਤੇ ਸਲਾਹਕਾਰ ਕਾਮਰੇਡ ਹੀ ਸਨ।
ਇਸ ਮੌਕੇ ਬੋਲਣ ਵਾਲਿਆਂ ਵਿਚ ਆਰ.ਐਲ. ਲੱਦੜ, ਕੰਵਰਪਾਲ ਸਿੰਘ ਧਾਮੀ, ਗੁਰਪ੍ਰੀਤ ਸਿੰਘ ਪ੍ਰਧਾਨ ਗਲੋਬਲ ਸਿੱਖ ਕੌਂਸਲ, ਸੋਨੀਆ ਸ਼ਰਮਾ, ਪ੍ਰੋਫ਼ੈਸਰ ਮਨਜੀਤ ਸਿੰਘ, ਅਜੈਪਲ ਸਿੰਘ ਬਰਾੜ, ਕੈਪਟਨ ਜੀ.ਐਸ. ਘੁੰਮਣ, ਸੁਰਿੰਦਰ ਸਿੰਘ ਕਿਸ਼ਨਪੁਰਾ, ਪ੍ਰੋਫ਼ੈਸਰ ਸ਼ਾਮ ਸਿੰਘ ਆਦਿ ਸ਼ਾਮਲ ਸਨ।