
ਸਿੱਧੂ ਮੂਸੇਵਾਲਾ ਦੇ ਭੋਗ ਵਾਲੇ ਦਿਨ ਦਸਤਾਰ ਕੈਂਪ ਵੀ ਲਾਇਆ ਜਾ ਰਿਹਾ ਹੈ
ਮਾਨਸਾ - ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ 8 ਜੂਨ ਯਾਨੀ ਬੁੱਧਵਾਰ ਨੂੰ ਹੋਵੇਗੀ। ਇਸ ਦਿਨ ਨੂੰ ਲੈ ਕੇ ਨੌਜਵਾਨਾਂ ਨੂੰ ਖ਼ਾਸ ਅਪੀਲ ਕੀਤੀ ਗਈ ਹੈ। ਜਿਸ ਵਿਚ ਕਿਹਾ ਗਿਆ ਹੈ ਕਿ ਭੋਗ ‘ਤੇ ਆਉਣ ਵਾਲੇ ਨੌਜਵਾਨ ਪੱਗਾਂ ਬੰਨ੍ਹ ਕੇ ਭੋਗ ਵਿਚ ਸ਼ਾਮਲ ਹੋਣ। ਸਰਦਾਰੀਆਂ ਟਰੱਸਟ ਵੱਲੋਂ ਅਪੀਲ ਕੀਤੀ ਗਈ ਹੈ ਸਿੱਧੂ ਮੂਸੇਵਾਲਾ ਦੇ ਭੋਗ ਵਾਲੇ ਦਿਨ ਇੱਕ ਦਸਤਾਰ ਕੈਂਪ ਲਾਇਆ ਜਾ ਰਿਹਾ ਹੈ, ਜਿੱਥੇ ਨੌਜਵਾਨਾਂ ਨੂੰ ਮੁਫ਼ਤ ਵਿੱਚ ਪੱਗਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਨੇ ਹਰ ਪੰਜਾਬੀ ਨੂੰ ਪੱਗ ਬੰਨ੍ਹਣ ਦਾ ਸੁਨੇਹਾ ਦਿੱਤਾ ਸੀ ।
ਉਨ੍ਹਾਂ ਨੇ ਇਸ ਸਬੰਧੀ ਵੀਡੀਓ ਵੀ ਜਾਰੀ ਕੀਤੀ ਹੈ ਤੇ ਕਿਹਾ ਹੈ ਕਿ ਪੰਜਾਬ ਦੀ ਵਿਰਾਸਤ ਨੂੰ ਰੂਹ ਨਾਲ ਜਿਊਣ ਵਾਲੇ ਪ੍ਰਸਿੱਧ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ਮਿਤੀ 8 ਜੂਨ ਨੂੰ ਬਾਹਰਲੀ ਅਨਾਜ ਮੰਡੀ ਮਾਨਸਾ ਵਿਖੇ ਹੋ ਰਹੀ ਹੈ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਿੱਧੂ ਮੂਸੇਵਾਲਾ ਨੂੰ ਅਪਣੇ ਵਿਰਸੇ ’ਤੇ ਬੜਾ ਮਾਣ ਸੀ।
ਉਹਨਾਂ ਨੇ ਬਾਖੂਬੀ ਤਰੀਕੇ ਨਾਲ ਦਸਤਾਰ ਦਾ ਮਾਣ ਬਰਕਰਾਰ ਰੱਖਿਆ ਸੀ। ਉਨ੍ਹਾਂ ਨੂੰ ਦਸਤਾਰ (ਪੱਗ) ਤੇ ਪੰਜਾਬੀ ਵਿਰਾਸਤ ਨਾਲ ਅਥਾਹ ਪਿਆਰ ਸੀ। ਇਸ ਲਈ ਸਿੱਧੂ ਮੂਸੇ ਵਾਲਾ ਨੂੰ ਪਿਆਰ ਕਰਨ ਵਾਲੇਉਹਨਾਂ ਦੇ ਪ੍ਰਸ਼ੰਸਕਾਂ ਨੂੰ ਬੇਨਤੀ ਹੈ ਕਿ 8 ਤਾਰੀਖ਼ ਨੂੰ ਉਨ੍ਹਾਂ ਦੀ ਅੰਤਿਮ ਅਰਦਾਸ ’ਚ ਪੱਗਾਂ ਬੰਨ੍ਹ ਕੇ ਸ਼ਾਮਲ ਹੋਣ। ਇੰਝ ਕਰਨਾ ਹੀ ਉਨ੍ਹਾਂ ਨੂੰ ਅਸਲ ਸ਼ਰਧਾਂਜਲੀ ਹੋਵੇਗੀ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜੇ ਨੌਜਵਾਨ ਘਰੋਂ ਬੰਨ੍ਹ ਕੇ ਨਹੀਂ ਆ ਸਕਦੇ ਉਹ ਭੋਗ 'ਤੇ ਆ ਕੇ ਪੱਗ ਲੈ ਸਕਦੇ ਹਨ ਕਿਉਂਕਿ ਉੱਥੇ ਕੈਂਪ ਲਗਾਇਆ ਜਾਵੇਗਾ।