
ਦੋਵਾਂ ਖ਼ਿਲਾਫ਼ ਐੱਨ.ਡੀ.ਪੀ.ਐੱਸ.ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਗਈ ਹੈ।
ਟਾਂਡਾ ਉੜਮੁੜ : ਟਾਂਡਾ ਪੁਲਸ ਦੀ ਟੀਮ ਨੇ ਟਾਂਡਾ ਹੁਸ਼ਿਆਰਪੁਰ ਰੋਡ ਤੇ ਪਿੰਡ ਢੱਟਾ ਪੁਲੀ ਨੇੜਿਓਂ 2 ਪ੍ਰਵਾਸੀ ਨੌਜਵਾਨਾਂ ਨੂੰ 1 ਕਿੱਲੋ ਅਫੀਮ ਸਣੇ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਥਾਣਾ ਮੁਖੀ ਟਾਂਡਾ ਇੰਸਪੈਕਟਰ ਉਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਅਤੇ ਡੀ.ਐੱਸ.ਪੀ.ਟਾਂਡਾ ਕੁਲਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਨਸ਼ੇ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਏ.ਐੱਸ.ਆਈ. ਮਦਨ ਸਿੰਘ ਦੀ ਟੀਮ ਵੱਲੋਂ ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਕੇਸ਼ਵ ਪੁੱਤਰ ਰਾਮ ਦਾਸ ਵਾਸੀ ਮੈਰੀ ਬਜੱਰ (ਬਦਾਯੂ) ਉੱਤਰ ਪ੍ਰਦੇਸ਼ ਅਤੇ ਨਰੇਸ਼ ਉਰਫ ਕਾਲੁ ਪੁੱਤਰ ਚੰਦਰਪਾਲ ਵਾਸੀ ਦੋਹਰਕਾ (ਕਾਸਗੰਜ) ਉੱਤਰ ਪ੍ਰਦੇਸ਼ ਦੇ ਰੂਪ ਵਿਚ ਹੋਈ ਹੈ।
ਥਾਣਾ ਮੁਖੀ ਨੇ ਦੱਸਿਆ ਕਿ ਜਦੋਂ ਪੁਲਸ ਟੀਮ ਗਸ਼ਤ ਦੌਰਾਨ ਢੱਟਾ ਪੁਲੀ ਨੇੜੇ ਮੌਜੂਦ ਸੀ ਤਾਂ ਹੰਬੜਾਂ ਪਿੰਡ ਵੱਲੋਂ ਪੈਦਲ ਆਉਂਦੇ ਇਨ੍ਹਾਂ ਮੁਲਜ਼ਮਾਂ ਕੋਲੋਂ ਅਫੀਮ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਕੇਸ਼ਵ ਦੇ ਕਬਜ਼ੇ ਵਿਚੋਂ 600 ਗ੍ਰਾਮ ਅਤੇ ਨਰੇਸ਼ ਕੋਲੋਂ 400 ਗ੍ਰਾਮ ਅਫੀਮ ਬਰਾਮਦ ਹੋਈ ਹੈ। ਦੋਵਾਂ ਖ਼ਿਲਾਫ਼ ਐੱਨ.ਡੀ.ਪੀ.ਐੱਸ.ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਗਈ ਹੈ।