
ਪੱਤਰਕਾਰ ਅਵਿਨਾਸ਼ ਕੰਬੋਜ ਘਰ 'ਚ ਇਕੱਲਾ ਹੀ ਕਮਾਉਣ ਵਾਲਾ ਸੀ
Patiala journalist dies: ਪੰਜਾਬ 'ਚ ਕੱਲ੍ਹ ਸ਼ਾਮ ਆਏ ਤੇਜ਼ ਤੂਫ਼ਾਨ ਤੇ ਝੱਖੜ ਕਾਰਨ ਜਿੱਥੇ ਲੋਕਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ ,ਓਥੇ ਹੀ ਕਈ ਲੋਕਾਂ ਦੀ ਜਾਨ ਵੀ ਚਲੀ ਗਈ ਹੈ। ਇਸ ਦੌਰਾਨ ਪਟਿਆਲਾ ਦੇ ਪੱਤਰਕਾਰ ਅਵਿਨਾਸ਼ ਕੰਬੋਜ ਦੀ ਵੀ ਇਸ ਤੇਜ਼ ਤੂਫ਼ਾਨ ਤੇ ਝੱਖੜ ਕਾਰਨ ਮੌਤ ਹੋ ਗਈ ਹੈ। ਅਵਿਨਾਸ਼ ਕੰਬੋਜ ANI ਦੇ ਸੀਨੀਅਰ ਪੱਤਰਕਾਰ ਸਨ।
ਦੱਸਿਆ ਜਾ ਰਿਹਾ ਹੈ ਕਿ ਪੱਤਰਕਾਰ ਅਵਿਨਾਸ਼ ਕੰਬੋਜ ਘਰ 'ਚ ਇਕੱਲਾ ਹੀ ਕਮਾਉਣ ਵਾਲਾ ਸੀ ਅਤੇ 3 ਬੱਚਿਆਂ ਦਾ ਪਿਓ ਸੀ। ਇਸ ਘਟਨਾ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਪੱਤਰਕਾਰ ਭਾਈਚਾਰੇ 'ਚ ਅਵਿਨਾਸ਼ ਦੀ ਮੌਤ ਕਾਰਨ ਸੋਗ ਦੀ ਲਹਿਰ ਹੈ। ਮ੍ਰਿਤਕ ਅਵਿਨਾਸ਼ 3 ਬੱਚਿਆਂ ਦਾ ਪਿਓ ਸੀ।
ਜਾਣਕਾਰੀ ਅਨੁਸਾਰ ਪੱਤਰਕਾਰ ਅਵਿਨਾਸ਼ ਕੰਬੋਜ ਸਥਾਨਕ ਬੱਸ ਸਟੈਂਡ ਨੇੜੇ ਨਹਿਰੂ ਪਾਰਕ ਕੋਲ ਖੜ੍ਹਾ ਸੀ। ਇਸੇ ਦੌਰਾਨ ਚੱਲੇ ਝੱਖੜ ਵਿਚ ਇਕ ਬਿਜਲੀ ਦਾ ਖੰਬਾ ਡਿੱਗ ਕੇ ਅਵਿਨਾਸ਼ ਦੇ ਸਿਰ ਵਿਚ ਵੱਜਿਆ। ਜਿਸ ਤੋਂ ਬਾਅਦ ਉਨ੍ਹਾਂ ਨੂੰ ਜਲਦੀ ਹੀ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਜਾਣਕਾਰੀ ਅਨੁਸਾਰ ਬੀਤੀ ਰਾਤ ਉਹ ਤੇਜ਼ ਤੂਫ਼ਾਨ ਤੇ ਝੱਖੜ ਦੀ ਕਵਰੇਜ ਕਰਨ ਦੇ ਲਈ ਘਰੋਂ ਨਿਕਲਿਆ ਤਾਂ ਜੋ ਉਹ ਲੋਕਾਂ ਨੂੰ ਸੁਚੇਤ ਕਰ ਸਕਣ ਕਿ ਉਹ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ ਪਰ ਕਿਸੇ ਨੂੰ ਕੀ ਪਤਾ ਸੀ ਕੀ ਲੋਕਾਂ ਨੂੰ ਜਾਗਰੂਕ ਕਰਨ ਵਾਲਾ ਪੱਤਰਕਾਰ ਅਵਨਾਸ਼ ਕੰਬੋਜ ਖੁਦ ਇਸ ਦੁਨੀਆਂ ਨੂੰ ਅਲਵਿਦਾ ਕਹਿ ਜਾਵੇਗਾ।
ਪੱਤਰਕਾਰ ਅਵਿਨਾਸ਼ ਕੰਬੋਜ ਦੀ ਮੌਤ ਤੋਂ ਬਾਅਦ ਮਹਾਰਾਣੀ ਪ੍ਰਨੀਤ ਕੌਰ ਨੇ ਟਵੀਟ ਕਰਕੇ ਉਨ੍ਹਾਂ ਦੇ ਦੇਹਾਂਤ 'ਤੇ ਅਫਸੋਸ ਪ੍ਰਗਟ ਕੀਤਾ ਹੈ। ਅਵਿਨਾਸ਼ ਕੰਬੋਜ ਕਈ ਸਾਲਾਂ ਤੋਂ ਪੱਤਰਕਾਰੀ ਦੇ ਖੇਤਰ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਿਹਾ ਸੀ।
ਇਸ ਤੋਂ ਇਲਾਵਾ ਪਟਿਆਲਾ ਵਿੱਚ ਲੋਕਾਂ ਨੇ ਕੰਬੋਜ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਤੋਂ ਇਲਾਵਾ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਸੜਕਾਂ 'ਤੇ ਡਿੱਗੇ ਦਰੱਖਤਾਂ ਨੂੰ ਤੁਰੰਤ ਹਟਾਇਆ ਜਾਵੇ ਤਾਂ ਜੋ ਆਵਾਜਾਈ ਸੁਚਾਰੂ ਢੰਗ ਨਾਲ ਚੱਲ ਸਕੇ।