
'ਬਹਿਬਲ ਤੇ ਕੋਟਕਪੂਰਾ ਗੋਲੀਕਾਂਡ'
ਕੋਟਕਪੂਰਾ, 5 ਜੁਲਾਈ (ਗੁਰਿੰਦਰ ਸਿੰਘ) : 12 ਅਕਤੂਬਰ 2015 ਨੂੰ ਵਾਪਰੇ ਬਰਗਾੜੀ ਬੇਅਦਬੀ ਕਾਂਡ ਤੋਂ ਬਾਅਦ ਸਥਾਨਕ ਬੱਤੀਆਂ ਵਾਲੇ ਚੌਂਕ 'ਚ ਸ਼ਾਂਤਮਈ ਧਰਨੇ 'ਤੇ ਬੈਠੀਆਂ ਸੰਗਤਾਂ ਉਪਰ 14 ਅਕਤੂਬਰ ਨੂੰ ਢਾਹੇ ਗਏ ਪੁਲਿਸੀਆ ਅਤਿਆਚਾਰ ਦੀ ਵਾਪਰੀ ਘਟਨਾ ਮੌਕੇ ਸਿਟੀ ਥਾਣੇ ਦੇ ਐਸਐਚਓ ਗੁਰਦੀਪ ਸਿੰਘ ਪੰਧੇਰ ਦੇ ਬਿਆਨਾਂ ਦੇ ਆਧਾਰ 'ਤੇ ਸਿਟੀ ਥਾਣਾ ਕੋਟਕਪੂਰਾ ਵਿਖੇ ਡੇਢ ਦਰਜਨ ਦੇ ਕਰੀਬ ਉੱਘੀਆਂ ਪੰਥਕ ਸ਼ਖ਼ਸੀਅਤਾਂ ਵਿਰੁਧ ਵੀ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਐਸਆਈਟੀ ਵਲੋਂ ਦੁਬਾਰਾ ਫਿਰ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਪੁਲਿਸ ਰਿਮਾਂਡ ਲੈਣ ਉਪਰੰਤ ਅੱਜ ਰਿਮਾਂਡ ਖਤਮ ਹੋਣ 'ਤੇ ਗੁਰਦੀਪ ਪੰਧੇਰ ਨੂੰ ਡਿਊਟੀ ਮੈਜਿਸਟ੍ਰੇਟ ਏਕਤਾ ਉੱਪਲ ਦੀ ਅਦਾਲਤ 'ਚ ਪੇਸ਼ ਕੀਤਾ ਗਿਆ ਤਾਂ ਉਨ੍ਹਾਂ 14 ਦਿਨ ਲਈ ਜੁਡੀਸ਼ੀਅਲ ਹਿਰਾਸਤ 'ਚ ਭੇਜਣ ਦਾ ਹੁਕਮ ਸੁਣਾਇਆ।
ਜ਼ਿਕਰਯੋਗ ਹੈ ਕਿ ਘਟਨਾ ਮੌਕੇ ਪੰਜਾਬ 'ਚ ਅਕਾਲੀ-ਭਾਜਪਾ ਗਠਜੋੜ ਸਰਕਾਰ ਸੀ ਅਤੇ ਗੁਰਦੀਪ ਪੰਧੇਰ ਦੇ ਅਕਾਲੀ ਆਗੂਆਂ ਤੇ ਵਰਕਰਾਂ ਨਾਲ ਬੜੇ ਨੇੜਲੇ ਸਬੰਧ ਸਨ।
File Photo
ਗੁਰਦੀਪ ਪੰਧੇਰ ਤੋਂ ਡੂੰਘਾਈ ਨਾਲ ਕੀਤੀ ਗਈ ਪੁੱਛਗਿੱਛ ਦੌਰਾਨ ਅਹਿਮ ਖੁਲਾਸੇ ਹੋਣ ਦੀ ਗੱਲ ਪ੍ਰਵਾਨ ਕਰਦਿਆਂ ਐਸਆਈਟੀ ਦੇ ਪ੍ਰਮੁੱਖ ਮੈਂਬਰ ਆਈ.ਜੀ. ਕੁੰਵਰਵਿਜੈ ਪ੍ਰਤਾਪ ਸਿੰਘ ਨੇ ਹੋਰ ਜਾਣਕਾਰੀ ਦੇਣ ਤੋਂ ਸਾਫ਼ ਇਨਕਾਰ ਕਰ ਦਿਤਾ। ਉਂਝ ਉਨ੍ਹਾਂ ਆਖਿਆ ਕਿ ਅਦਾਲਤ 'ਚ ਚਲਾਨ ਪੇਸ਼ ਕਰਨ ਮੌਕੇ ਸਾਰਾ ਕੁਝ ਸਪੱਸ਼ਟ ਹੋ ਜਾਵੇਗਾ। ਇਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਉਕਤ ਪੁਲਿਸ ਅਧਿਕਾਰੀ ਉੱਤੇ ਸਰਕਾਰੀ ਕਾਰਤੂਸਾਂ ਨੂੰ ਖੁਰਦ-ਬੁਰਦ ਕਰਨ ਅਤੇ ਫ਼ਰਜ਼ੀ ਰੀਕਾਰਡ ਤਿਆਰ ਕਰਨ ਦੇ ਦੋਸ਼ ਹਨ।