
ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਮੱਲੂਨੰਗਲ ਦਾ ਇਕ ਵਿਅਕਤੀ ਜੋ ਕਿਸੇ ਮੁਕੱਦਮੇ ਸਬੰਧੀ ਥਾਣਾ ਰਾਜਾਸਾਂਸੀ ਦੀ ਹਵਾਲਾਤ
ਰਾਜਾਸਾਂਸੀ, 5 ਜੁਲਾਈ (ਪਪ): ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਮੱਲੂਨੰਗਲ ਦਾ ਇਕ ਵਿਅਕਤੀ ਜੋ ਕਿਸੇ ਮੁਕੱਦਮੇ ਸਬੰਧੀ ਥਾਣਾ ਰਾਜਾਸਾਂਸੀ ਦੀ ਹਵਾਲਾਤ ਵਿਚ ਬੰਦ ਸੀ ਪਰ ਜਦ ਪੁਲਿਸ ਵਲੋਂ ਉਸ ਦੀ ਮੈਡੀਕਲ ਜਾਂਚ ਕਰਵਾਈ ਗਈ ਤਾਂ ਉਕਤ ਵਿਅਕਤੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਜਿਸ ਕਾਰਨ ਸਾਰੇ ਥਾਣੇ ਵਿਚ ਇਕਦਮ ਸੰਨਾਟਾ ਛਾ ਗਿਆ ਹੈ ਅਤੇ ਸਾਰੇ ਪੁਲਿਸ ਮੁਲਾਜ਼ਮਾਂ ਵਿਚ ਸਹਿਮ ਦਾ ਮਾਹੌਲ ਬਣ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਮਨਮੀਤਪਾਲ ਸਿੰਘ ਸੰਧੂ ਨੇ ਦਸਿਆ ਕਿ ਮੱਲੂਨੰਗਲ ਵਾਸੀ ਇਕ ਵਿਅਕਤੀ 325-379 ਬੀ ਮੁਕੱਦਮੇ ਅਧੀਨ ਪੁਲਿਸ ਹਿਰਾਸਤ ਵਿਚ ਲਿਆ ਹੋਇਆ ਸੀ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜੇਲ ਵਿਚ ਭੇਜਣ ਤੋਂ ਪਹਿਲਾਂ ਜਦ ਉਕਤ ਵਿਅਕਤੀ ਦਾ ਚੈੱਕਅਪ ਕਰਵਾਇਆ ਗਿਆ ਤਾਂ ਉਹ ਕੋਰੋਨਾ ਪਾਜ਼ੇਟਿਵ ਆਇਆ ਹੈ।
File Photo
ਪੁਲਿਸ ਮੁਲਾਜ਼ਮਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦਿਆਂ ਇਸ ਕੇਸ ਦੀ ਜਾਂਚ ਕਰਦੇ ਅਤੇ ਮੈਡੀਕਲ ਕਰਵਾਉਣ ਗਏ ਸਾਰੇ ਪੁਲਿਸ ਮੁਲਾਜ਼ਮਾਂ ਦਾ ਟੈਸਟ ਕਰਵਾਇਆ ਜਾਵੇਗਾ ਅਤੇ ਉਕਤ ਦੋਸ਼ੀ ਨੂੰ ਪੁਲਿਸ ਹਿਰਾਸਤ ਵਿਚ ਗੁਰੂ ਨਾਨਕ ਦੇਵ ਹਸਪਤਾਲ ਵਿਚ 14 ਦਿਨਾਂ ਦੀ ਇਕਾਂਤਵਾਸ ਲਈ ਭੇਜ ਦਿਤਾ ਗਿਆ ਹੈ।
ਇਸ ਸਬੰਧੀ ਡਾਕਟਰ ਦਲਵੀਰ ਸਿੰਘ ਮੈਡੀਕਲ ਅਫ਼ਸਰ ਰਮਦਾਸ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਦਸਿਆ ਕਿ ਪਾਜ਼ੇਟਿਵ ਮਰੀਜ਼ ਨੂੰ ਗੁਰੂ ਨਾਨਕ ਦੇਵ ਹਸਪਤਾਲ ਇਲਾਜ ਲਈ ਰੈਫ਼ਰ ਕਰ ਦਿਤਾ ਗਿਆ ਹੈ ਅਤੇ ਇਸ ਦੇ ਪਰਿਵਾਰਕ ਮੈਂਬਰਾਂ ਨੂੰ ਘਰ ਵਿਚ 14 ਦਿਨਾਂ ਲਈ ਇਕਾਂਤਵਾਸ ਕਰ ਦਿਤਾ ਗਿਆ ਹੈ।