
ਭਾਰਤ ਸਾਰੇ ਦੇਸ਼ਾਂ ਨੂੰ ਕੋਵਿਨ ਮੰਚ ਮੁਹਈਆ ਕਰਵਾਏਗਾ : ਪ੍ਰਧਾਨ ਮੰਤਰੀ
ਨਵੀਂ ਦਿੱਲੀ, 5 ਜੁਲਾਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਹਾ ਕਿ ਕੋਵਿਡ ਰੋਕੂ ਟੀਕਾਕਰਨ ਲਈ ਭਾਰਤ ਦਾ ਤਕਨੀਕੀ ਮੰਚ ਕੋਵਿਨ ਨੂੰ ਜਲਦੀ ਹੀ ਸਾਰੇ ਦੇਸ਼ਾਂ ਲਈ ਮੁਹਈਆ ਕਰਵਾਏਗਾ। ਉਨ੍ਹਾਂ ਕਿਹਾ ਕਿ ਭਾਰਤ ਮਹਾਂਮਾਰੀ ਨਾਲ ਨਜਿੱਠਣ ਵਿਚ ਅਪਣੀ ਵਿਸ਼ੇਸ਼ਤਾ ਅਤੇ ਸਰੋਤਾਂ ਨੂੰ ਆਲਮੀ ਭਾਈਚਾਰੇ ਨਾਲ ਸਾਂਝਾ ਕਰਨ ਲਈ ਵਚਨਬੱਧ ਹੈ। ਕੋਵਿਨ ਆਲਮੀ ਪ੍ਰੋਗਰਾਮ ਨੂੰ ਵੀਡੀਉ ਕਾਨਫ਼ਰੰਸ ਰਾਹੀਂ ਸੰਬੋਧਨ ਕਰਦੇ ਹੋਏ ਮੋਦੀ ਨੇ ਕਿਹਾ ਕਿ ਤਜ਼ਰਬਾ ਦਸਦਾ ਹੈ ਕਿ ਕੋਈ ਵੀ ਰਾਸ਼ਟਰ, ਚਾਹੇ ਉਹ ਕਿੰਨਾ ਵੀ ਸ਼ਕਤੀਸ਼ਾਲੀ ਕਿਉਂ ਨਾ ਹੋਵੇ, ਇਸ ਮਹਾਂਮਾਰੀ ਵਰਗੀ ਚੁਣੌਤੀ ਨੂੰ ਵਖਰਾ ਰਹਿ ਕੇ ਹੱਲ ਨਹੀਂ ਕਰ ਸਕਦਾ। ਪ੍ਰਧਾਨ ਮੰਤਰੀ ਨੇ ਕਿਹਾ,‘‘ਮਹਾਂਮਾਰੀ ਦੀ ਸ਼ੁਰੂਆਤ ਤੋਂ ਹੀ ਭਾਰਤ ਇਸ ਲੜਾਈ ਵਿਚ ਅਪਣੇ ਸਾਰੇ ਤਜ਼ਰਬਿਆਂ, ਮੁਹਾਰਤ ਅਤੇ ਸਰੋਤਾਂ ਨੂੰ ਆਲਮੀ ਭਾਈਚਾਰੇ ਨਾਲ ਸਾਂਝਾ ਕਰਨ ਲਈ ਵਚਨਬੱਧ ਹੈ।’’
ਇਹ ਜ਼ਿਕਰ ਕਰਦੇ ਹੋਏ ਕਿ ਤਕਨੀਕ ਕੋਵਿਡ ਵਿਰੁਧ ਭਾਰਤ ਦੀ ਲੜਾਈ ਦਾ ਅਟੁੱਟ ਹਿੱਸਾ ਹੈ, ਮੋਦੀ ਨੇ ਕਿਹਾ ਕਿ ਖ਼ੁਸ਼ਕਿਸਮਤੀ ਨਾਲ ਸਾਫ਼ਟਵੇਅਰ ਇਕ ਅਜਿਹਾ ਖੇਤਰ ਹੈ, ਜਿਸ ਵਿਚ ਕਿਸੇ ਸਰੋਤ ਦੀ ਕਮੀ ਨਹੀਂ ਹੈ। ਉਨ੍ਹਾਂ ਕਿਹਾ,‘‘ਇਸ ਲਈ ਅਸੀਂ ਤਕਨੀਵੀ ਰੂਪ ਨਾਲ ਸੰਭਵ ਹੁੰਦੇ ਹੀ ਅਪਦੇ ਕੋਵਿਡ ਟ੍ਰੇਸਿੰਗ ਅਤੇ ਟੈ੍ਰਕਿੰਗ ਐਪ ਨੂੰ ਖੁਲ੍ਹਾ ਜ਼ਰੀਆ ਬਣਾ ਦਿਤਾ।’’ ਟੀਕਾਕਰਨ ਨਾਲ ਮਨੁੱਖਤਾ ਦੇ ਮਹਾਂਮਾਰੀ ਤੋਂ ਸਫ਼ਲਤਾ ਨਾਲ ਉਭਰਨ ਦੀ ਉਮੀਦ ਪ੍ਰਗਟਾਉਂਦਿਆਂ ਮੋਦੀ ਨੇ ਕਿਹਾ,‘‘ਅਸੀਂ ਭਾਰਤ ਵਿਚ ਅਪਣੀ ਟੀਕਾਕਰਨ ਰਣਨੀਤੀ ਦੀ ਯੋਜਨਾ ਬਦਾਉਂਦੇ ਸਮੇਂ ਪੂਰੀ ਤਰ੍ਹਾਂ ਨਾਲ ਡਿਜੀਟਲ ਨਜ਼ਰੀਏ ਨੂੰ ਅਪਣਾਉਣ ਦਾ ਫ਼ੈਸਲਾ ਕੀਤਾ।’’ ਮੋਦੀ ਨੇ ਕਿਹਾ ਕਿ,‘‘ਭਾਰਤੀ ਸਭਿਅਤਾ ਪੂਰੇ ਵਿਸ਼ਵ ਨੂੰ ਇਕ ਪ੍ਰਵਾਰ ਮੰਨਦੀ ਹੈ ਅਤੇ ਇਸ ਮਹਾਂਮਾਰੀ ਨੇ ਕਈ ਲੋਕਾਂ ਨੂੰ ਇਸ ਦੇ ਅਸਲ ਸੱਚ ਦਾ ਅਹਿਸਾਸ ਕਰਵਾਇਆ ਹੈ।’’ ਉਨ੍ਹਾਂ ਕਿਹਾ,‘‘ਇਸ ਲਈ ਕੋਵਿਡ ਟੀਕਾਕਰਨ ਲਈ ਸਾਡਾ ਤਕਨੀਕੀ ਮੰਚ ਕੋਵਿਨ ਨੂੰ ਖੁਲ੍ਹਾ ਸਰੋਤ ਬਣਾਉਣ ਲਈ ਤਿਆਰ ਕੀਤਾ ਜਾ ਰਿਹਾ ਹੈ ਤਾਕਿ ਸਾਰੇ ਦੇਸ਼ਾਂ ਵਿਚ ਉਪਲਬਧ ਹੋਵੇ।’’ (ਪੀਟੀਆਈ)