
ਪੰਜਾਬ ਪੁਲਿਸ ਨੇ ਦਿੱਲੀ ਤੋਂ ਚਾਰ ਅਫ਼ਗਾਨੀ ਨਾਗਰਿਕਾਂ ਦੀ ਗ੍ਰਿਫ਼ਤਾਰੀ ਅਤੇ 17 ਕਿਲੋ ਹੈਰੋਇਨ ਦੀ ਬਰਾਮਦਗੀ ਕੀਤੀ
ਚੰਡੀਗੜ੍ਹ/ਹੁਸ਼ਿਆਰਪੁਰ, 5 ਜੁਲਾਈ: ਪੰਜਾਬ ਪੁਲਿਸ ਨੇ ਇਕ ਹੋਰ ਵੱਡੀ ਡਰੱਗ ਸਪਲਾਈ ਚੇਨ ਦਾ ਪਰਦਾ ਫ਼ਾਸ਼ ਕਰਦਿਆਂ ਦਖਣੀ ਦਿੱਲੀ ਦੀ ਇਕ ਨਿਰਮਾਣ ਯੂਨਿਟ ਤੋਂ ਚਾਰ ਅਫ਼ਗਾਨ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ 17 ਕਿਲੋ ਹੈਰੋਇਨ, ਜਿਸ ਦੀ ਕੀਮਤ ਅੰਤਰਰਾਸ਼ਟਰੀ ਬਜ਼ਾਰ ਵਿਚ 90 ਕਰੋੜ ਰੁਪਏ ਦਸੀ ਜਾ ਰਹੀ ਹੈ, ਨੂੰ ਜ਼ਬਤ ਕੀਤਾ ਹੈ।
ਡੀ.ਜੀ.ਪੀ. ਪੰਜਾਬ ਦਿਨਕਰ ਗੁਪਤਾ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਇਸ ਜ਼ਬਤੀ ਨਾਲ, ਪੰਜਾਬ ਪੁਲਿਸ ਨੂੰ ਉਤਰ ਪ੍ਰਦੇਸ਼ ਵਿਚ ਇਸ ਕਾਰੋਬਾਰ ਨਾਲ ਜੁੜੇ ਹੋਰ ਸੰਪਰਕਾਂ ਦੀ ਸੂਹ ਕੱਢ ਲਈ ਹੈ ਅਤੇ ਇਸ ਸਬੰਧ ਵਿਚ ਇਕ ਟੀਮ ਉਥੇ ਭੇਜ ਦਿਤੀ ਗਈ ਹੈ ਤਾਂ ਜੋ ਨਸ਼ਿਆਂ ਦੀ ਸਪਲਾਈ ਦੇ ਨੈਟਵਰਕ ਨੂੰ ਤੋੜਿਆ ਜਾ ਸਕੇ। ਗਿ੍ਰਫ਼ਤਾਰੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਡੀਜੀਪੀ ਨੇ ਦਸਿਆ ਕਿ ਦੋਸ਼ੀਆਂ ਦੀ ਪਛਾਣ ਮੁਜਾਹਿਦ ਸ਼ਿਨਵਾਰੀ, ਅਫ਼ਗ਼ਾਨਿਸਤਾਨ ਮੁਹੰਮਦ ਲਾਲ ਕਾਕਰ, ਜਨਾਤ ਗੁਲ ਕਾਕਰ ਅਤੇ ਸਮਿਉੱਲਾ ਅਫਗਾਨ ਵਜੋਂ ਹੋਈ ਹੈ। ਹੈਰੋਇਨ ਦੀ ਵੱਡੀ ਬਰਾਮਦਗੀ ਤੋਂ ਇਲਾਵਾ, ਪੁਲਿਸ ਨੇ ਨੈਬ ਸਰਾਏ ਯੂਨਿਟ ਤੋਂ ਨਸ਼ੀਲੇ ਪਦਾਰਥ ਬਣਾਉਣ ਲਈ ਵਰਤੇ ਜਾਂਦੇ ਕਈ ਤਰ੍ਹਾਂ ਦੇ ਕੈਮੀਕਲ ਅਤੇ ਲੈਬ ਉਪਕਰਣ ਵੀ ਬਰਾਮਦ ਕੀਤੇ ਹਨ। ਇਹ ਗਿ੍ਰਫ਼ਤਾਰੀਆਂ ਅਤੇ ਜ਼ਬਤੀਆਂ ਐਸਐਸਪੀ ਨਵਜੋਤ ਸਿੰਘ ਮਾਹਲ ਦੀ ਅਗਵਾਈ ਵਾਲੀ ਹਸ਼ਿਆਰਪੁਰ ਪੁਲਿਸ ਦੀ ਟੀਮ ਨੇ ਪ੍ਰਾਪਤ ਹੋਈ ਸੂਹ ਤੇ ਸਿੱਟੇ ਵਜੋਂ ਕੀਤੀਆਂ।