
ਪੰਜਾਬ ਸਰਕਾਰ ਵੱਲੋਂ ਅੱਜ ਕੱਚੇ ਅਧਿਆਪਕਾਂ ਨਾਲ ਮੀਟਿੰਗ ਕੀਤੀ ਜਾਣੀ ਸੀ ਪਰ ਅਚਾਨਕ ਅੱਜ ਸਵੇਰੇ ਇਹ ਮੀਟਿੰਗ ਰੱਦ ਕਰ ਦਿੱਤੀ ਗਈ
ਮੋਹਾਲੀ : ਕੱਚੇ ਅਧਿਆਪਕਾਂ ਵੱਲੋਂ ਆਪਣੀਆਂ ਨੌਕਰੀਆਂ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਬੀਤੀ 16 ਜੂਨ ਤੋਂ ਲਗਾਏ ਗਏ ਧਰਨੇ ਤੋਂ ਬਾਅਦ ਅੱਜ ਸਾਰੇ ਹੀ ਅਧਿਆਪਕ ਇਕੱਠੇ ਹੋ ਕੇ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਅੱਗੇ ਵਧੇ। ਜਿਉਂ ਹੀ ਇਹ ਅਧਿਆਪਕ ਵਾਈ. ਪੀ. ਐੱਸ ਚੌਂਕ ਕੋਲ ਪਹੁੰਚੇ ਤਾਂ ਪੰਜਾਬ ਪੁਲਿਸ ਵੱਲੋਂ ਉਨ੍ਹਾਂ ਨੂੰ ਜ਼ਬਰਦਸਤੀ ਰੋਕਣ ਦੀ ਕੋਸ਼ਿਸ਼ ਕੀਤੀ ਗਈ।
Teachers Protest
ਇੱਥੇ ਅਧਿਆਪਕਾਂ ਅਤੇ ਪੁਲਿਸ ਦੀ ਆਪਸ ਵਿਚ ਕਾਫ਼ੀ ਖਿੱਚ-ਧੂਹ ਹੋਈ, ਜਿਸ ਕਰਕੇ ਕੁੱਝ ਅਧਿਆਪਕਾਂ ਦੀਆਂ ਪੱਗਾਂ ਲੱਥ ਗਈਆਂ ਪਰ ਫਿਰ ਵੀ ਅਧਿਆਪਕ ਪੁਲਸ ਦੇ ਬੈਰੀਕੇਡ ਤੋੜਦੇ ਹੋਏ ਚੰਡੀਗੜ੍ਹ ਵੱਲ ਅੱਗੇ ਵੱਧ ਗਏ ਚੰਡੀਗੜ੍ਹ ਪੁਲਿਸ ਵੱਲੋਂ ਇਨ੍ਹਾਂ ਅਧਿਆਪਕਾਂ ਨੂੰ ਰੋਕਣ ਲਈ ਅੱਜ ਬਹੁਤ ਹੀ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ।
Teachers Protest
ਦੱਸ ਦਈਏ ਕਿ ਪਿਛਲੇ ਦਿਨੀਂ ਜਦੋਂ ਇਨ੍ਹਾਂ ਅਧਿਆਪਕਾਂ ਨੇ ਵਾਟਰ ਕੈਨਨ ਦਾ ਮੂੰਹ ਮੋੜ ਦਿੱਤਾ ਸੀ ਤਾਂ ਪੁਲਿਸ ਨੇ ਇਸ ਵਾਰ ਮਿੱਟੀ ਨਾਲ ਭਰ ਕੇ ਟਿੱਪਰ ਸੜਕ 'ਤੇ ਖੜ੍ਹੇ ਕਰ ਦਿੱਤੇ ਤਾਂ ਜੋ ਇਹ ਅਧਿਆਪਕ ਕਿਸੇ ਵੀ ਤਰ੍ਹਾਂ ਅੱਗੇ ਨਾ ਵਧ ਸਕਣ। ਜਿਉਂ ਹੀ ਇਹ ਅਧਿਆਪਕ ਚੰਡੀਗੜ੍ਹ ਅੰਦਰ ਜਾਣ ਲਈ ਬੈਰੀਕੇਡਾਂ ਕੋਲ ਪਹੁੰਚੇ ਤਾਂ ਚੰਡੀਗੜ੍ਹ ਪੁਲਿਸ ਨੇ ਇਨ੍ਹਾਂ 'ਤੇ ਅੱਥਰੂ ਗੈਸ ਦੇ ਗੋਲਿਆਂ ਦੀ ਬੁਛਾੜ ਕਰ ਦਿੱਤੀ।
Teachers Protest
ਲਗਾਤਾਰ ਅੱਥਰੂ ਗੈਸ ਦੇ ਗੋਲੇ ਚੱਲਦੇ ਰਹੇ ਅਤੇ ਅਧਿਆਪਕ ਉਨ੍ਹਾਂ ਤੋਂ ਨਾ ਘਬਰਾਏ ਪਰ ਇਸ ਦੌਰਾਨ ਬਹੁਤ ਸਾਰੇ ਅਧਿਆਪਕਾਂ ਦੀਆਂ ਦਸਤਾਰਾਂ ਉਤਰ ਗਈਆਂ। ਮਹਿਲਾ ਅਧਿਆਪਕਾਂ ਦੇ ਕੱਪੜੇ ਫਟ ਗਏ ਅਤੇ ਕਈ ਅਧਿਆਪਕਾਂ ਬੇਹੋਸ਼ ਵੀ ਹੋ ਗਈਆਂ। ਚਾਰ ਤੋਂ ਪੰਜ ਵਾਰ ਐਂਬੂਲੈਂਸ ਇਨ੍ਹਾਂ ਜ਼ਖਮੀ ਅਤੇ ਬੇਹੋਸ਼ ਹੋਏ ਅਧਿਆਪਕਾਂ ਨੂੰ ਲੈ ਕੇ ਉੱਥੋਂ ਹਸਪਤਾਲਾਂ ਵੱਲ ਜਾਂਦੀਆਂ ਦੇਖੀਆਂ ਗਈਆਂ।
Teachers Protest
ਪੁਲਿਸ ਵੱਲੋਂ ਇਨ੍ਹਾਂ 'ਤੇ ਜੰਮ ਕੇ ਜਲ ਤੋਪਾਂ ਦਾ ਇਸਤੇਮਾਲ ਕੀਤਾ ਗਿਆ ਅਤੇ ਪਾਣੀ ਵਰਾਇਆ ਗਿਆ ਪਰ ਅਧਿਆਪਕ ਫਿਰ ਵੀ ਨਾ ਹਟੇ ਅਤੇ ਚੰਡੀਗੜ੍ਹ ਵੱਲ ਵੱਧਣ ਲਈ ਬਜ਼ਿੱਦ ਰਹੇ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਅੱਜ ਕੱਚੇ ਅਧਿਆਪਕਾਂ ਨਾਲ ਮੀਟਿੰਗ ਕੀਤੀ ਜਾਣੀ ਸੀ ਪਰ ਅਚਾਨਕ ਅੱਜ ਸਵੇਰੇ ਇਹ ਮੀਟਿੰਗ ਰੱਦ ਕਰ ਦਿੱਤੀ ਗਈ, ਜਿਸ ਤੋਂ ਬਾਅਦ ਅਧਿਆਪਕਾਂ ਨੇ ਰੋਸ ਵਜੋਂ ਚੰਡੀਗੜ੍ਹ ਵੱਲ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਲਈ ਕੂਚ ਕਰਨ ਦਾ ਫ਼ੈਸਲਾ ਕਰ ਲਿਆ।
Teachers Protest