
ਤਿੰਨ ਨੌਜਵਾਨਾਂ ਦੇ ਇਕੱਠੇ ਹੀ ਡੁੱਬਣ ਕਾਰਨ ਮੌਤ.
ਭਗਤਾ ਭਾਈ, 5 ਜੁਲਾਈ (ਰਜਿੰਦਰ ਸਿੰਘ ਮਰਾਹੜ) : ਭਗਤਾ ਭਾਈ ਵਿਖੇ ਸ਼ਾਮ ਨੂੰ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦੋਂ ਤਿੰਨ ਨੌਜ਼ਵਾਨ ਰਜਵਾਹੇ 'ਚ ਇਕੱਠੇ ਹੀ ਡੁੱਬ ਗਏ ਤੇ ਉਨ੍ਹਾਂ ਦੀ ਮੌਤ ਹੋ ਗਈ |
ਜਾਣਕਾਰੀ ਅਨੁਸਾਰ ਸ਼ਹਿਰ 'ਚੋਂ ਲੰਘਦੇ ਰੌਂਤਾ ਰਜਵਾਹੇ 'ਚ ਸ਼ਾਮ ਨੂੰ ਤਿੰਨ ਨੌਜ਼ਵਾਨ ਨਵਦੀਪ ਸਿੰਘ, ਵਿਵੇਕ ਕੁਮਾਰ ਤੇ ਪਵਿੱਤਰ ਸਿੰਘ ਨਹਾਉਣ ਲਈ ਪਹੁੰਚੇ | ਡੁੱਬਣ ਤੋਂ ਬਚਣ ਖਾਤਰ ਉਨ੍ਹਾਂ ਇਕ ਰੱਸੀ ਬਾਹਰ ਦਰੱਖਤ ਨਾਲ ਬੰਨ੍ਹ ਦਿੱਤੀ | ਉਹ ਤਿੰਨੇ ਰੱਸੀ ਨੂੰ ਫੜ੍ਹ ਕੇ ਪਾਣੀ ਵਿਚ ਉੱਤਰ ਗਏ | ਜਦੋਂ ਉਹ ਪਾਣੀ 'ਚ ਮਸਤੀ ਕਰ ਰਹੇ ਸਨ ਤਾਂ ਰੱਸੀ ਤਿੰਨਾਂ ਦਾ ਭਾਰ ਨਾ ਸਹਾਰਦੇ ਹੋਏ ਟੁੱਟ ਗਈ | ਉਨ੍ਹਾਂ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਿਆ ਤੇ ਪਾਣੀ ਦੇ ਤੇਜ਼ ਵਹਾਅ 'ਚ ਡੁੱਬ ਗਏ | ਆਸਪਾਸ ਦੇ ਲੋਕਾਂ ਨੂੰ ਪਤਾ ਲੱਗਾ ਤਾਂ ਉਹ ਉਕਤ ਨੂੰ ਬਚਾਉਣ ਖਾਤਰ ਉਪਰਾਲਾ ਕਰਨ ਲੱਗੇ | ਪ੍ਰੰਤੂ ਜਦੋਂ ਤੱਕ ਨੌਜ਼ਵਾਨਾਂ ਨੂੰ ਬਾਹਰ ਕੱਢਿਆ ਗਿਆ, ਉਦੋਂ ਤੱਕ ਦੇਰ ਹੋ ਚੁੱਕੀ ਸੀ | ਲੋਕਾਂ ਨੇ ਉਕਤ ਨੂੰ ਬਾਹਰ ਕੱਢ ਕੇ ਸਰਕਾਰੀ ਹਸਪਤਾਲ ਵਿਚ ਪਹੁੰਚਾਇਆ ਗਿਆ, ਜਿਥੇ ਡਾਕਟਰਾਂ ਨੇ ਤਿੰਨਾਂ ਨੂੰ ਹੀ ਮਿ੍ਤਕ ਕਰਾਰ ਦੇ ਦਿੱਤਾ | ਇਹ ਤਿੰਨੇ ਨੌਜ਼ਵਾਨ +2 ਦੇ ਵਿਦਿਆਰਥੀ ਸਨ ਤੇ ਆਪਣੇ ਨਤੀਜ਼ੇ ਦਾ ਇੰਤਜਾਰ ਕਰ ਰਹੇ ਸਨ | ਥਾਣਾ ਦਿਆਲਪੁਰਾ ਪੁਲਸ ਨੇ ਤਿੰਨੇ ਲਾਸ਼ਾਂ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਫੋਟੋ :5ਬੀਟੀਡੀ7 ਮਿ੍ਤਕਾਂ ਦੀ ਫਾਇਲ ਫੋਟੋ