ਤਰਨਤਾਰਨ ਪੁਲਿਸ ਵੱਲੋਂ ਡਰੱਗ ਸਪਲਾਇਰ ਪਿਸ਼ੌਰਾ ਸਿੰਘ ਵੀ ਗ੍ਰਿਫ਼ਤਾਰ
ਤਸਕਰ ਨੂੰ ਗ੍ਰਿਫ਼ਤਾਰ ਅਤੇ ਮਾਮਲੇ ਵਿੱਚ ਨਾਮਜ਼ਦ ਨਾ ਕੀਤੇ ਜਾਣ ਬਦਲੇ ਦੋਸ਼ੀ DSP ਨੂੰ ਦਿੱਤੀ ਸੀ ਰਿਸ਼ਵਤ
‘ਪੰਜਾਬ ਵਿੱਚ ਭ੍ਰਿਸ਼ਟਾਚਾਰ ਨਹੀਂ ਕੀਤਾ ਜਾਵੇਗਾ ਬਰਦਾਸ਼ਤ' - ਡੀਜੀਪੀ ਪੰਜਾਬ ਗੌਰਵ ਯਾਦਵ ਨੇ ਦਿੱਤਾ ਸਪੱਸ਼ਟ ਸੁਨੇਹਾ
ਚੰਡੀਗੜ੍ਹ/ਤਰਨਤਾਰਨ : ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਸੂਬਾ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਦਿ੍ਰੜ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਡੀ.ਜੀ.ਪੀ., ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ ਅੱਜ ਫਰੀਦਕੋਟ ਦੇ ਡੀ.ਐਸ.ਪੀ. ਲਖਵੀਰ ਸਿੰਘ ਨੂੰ ਤਰਨ ਤਾਰਨ ਵਿਖੇ ਐਨ.ਡੀ.ਪੀ.ਐਸ. ਐਕਟ ਤਹਿਤ ਦਰਜ ਐਫ.ਆਈ.ਆਰ. ਵਿੱਚ ਡਰੱਗ ਸਪਲਾਇਰ ਨੂੰ ਨਾਮਜ਼ਦ ਨਾ ਕਰਨ ਬਦਲੇ ਉਸ ਤੋਂ 10 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗਿ੍ਰਫਤਾਰ ਕੀਤਾ ਹੈ।
ਇਹ ਗੱਲ ਉਦੋ ਸਾਹਮਣੇ ਆਈ ਜਦੋਂ ਤਰਨਤਾਰਨ ਜ਼ਿਲਾ ਪੁਲਿਸ ਨੇ ਐਤਵਾਰ ਨੂੰ ਪੱਟੀ ਮੋੜ ਨੇੜੇ ਇੱਕ ਪੈਟਰੋਲ ਪੰਪ ਤੋਂ ਡਰੱਗ ਸਪਲਾਇਰ ਜਿਸਦੀ ਪਛਾਣ ਪਿਸ਼ੌਰਾ ਸਿੰਘ ਵਜੋਂ ਹੋਈ ਹੈ, ਨੂੰ 250 ਗ੍ਰਾਮ ਅਫੀਮ ਅਤੇ 1 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗਿ੍ਰਫਤਾਰ ਕੀਤਾ ਸੀ। ਤਰਨਤਾਰਨ ਦੇ ਪਿੰਡ ਮਾਡਲ ਬੋਪਾਰਾਏ ਦਾ ਵਸਨੀਕ ਪਿਸ਼ੌਰਾ 30 ਜੂਨ 2022 ਦੀ ਐਫ.ਆਈ.ਆਰ. ਵਿੱਚ ਲੋੜੀਂਦਾ ਸੀ, ਜਿਸ ਵਿੱਚ ਤਰਨਤਾਰਨ ਦੇ ਪਿੰਡ ਮਾੜੀ ਮੇਘਾ ਦੇ ਰਹਿਣ ਵਾਲੇ ਸੁਰਜੀਤ ਸਿੰਘ ਨੂੰ 900 ਗ੍ਰਾਮ ਅਫੀਮ ਸਮੇਤ ਗਿ੍ਰਫਤਾਰ ਕੀਤਾ ਗਿਆ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਤਰਨਤਾਰਨ ਪੁਲਿਸ ਵੱਲੋਂ ਕੀਤੀ ਗਈ ਪੜਤਾਲ ਦੌਰਾਨ ਸੁਰਜੀਤ ਨੇ ਖੁਲਾਸਾ ਕੀਤਾ ਕਿ ਉਸ ਨੇ ਪਿਸ਼ੌਰਾ ਸਿੰਘ, ਜੋ ਕਿ ਨਸ਼ੇ ਦਾ ਮੁੱਖ ਸਪਲਾਇਰ ਹੈ, ਤੋਂ ਅਫੀਮ ਖਰੀਦੀ ਸੀ । ਉਨਾਂ ਦੱਸਿਆ ਜਦੋਂ ਪੁਲਿਸ ਨੇ ਉਸਨੂੰ ਗਿ੍ਰਫਤਾਰ ਕਰਨ ਲਈ ਛਾਪੇਮਾਰੀ ਸੁਰੂ ਕੀਤੀ ਤਾਂ ਪਿਸ਼ੌਰਾ ਨੇ ਐਮ.ਐਚ.ਸੀ. ਸੀ.ਆਈ.ਏ. ਪੱਟੀ ਵਜੋਂ ਤਾਇਨਾਤ ਏ.ਐਸ.ਆਈ. ਰਸ਼ਪਾਲ ਸਿੰਘ ਰਾਹੀਂ ਪੱਟੀ ਦੇ ਸੀ.ਆਈ.ਏ. ਇੰਚਾਰਜ ਨੂੰ ਇਸ ਕੇਸ ਵਿੱਚ ਗਿ੍ਰਫਤਾਰ ਨਾ ਕਰਨ ਅਤੇ ਨਾਮਜ਼ਦ ਨਾ ਕਰਨ ਦੇ ਬਦਲੇ 7-8 ਲੱਖ ਰੁਪਏ ਦੀ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਸੀ, ਪਰ ਇੰਚਾਰਜ ਨੇ ਰਿਸ਼ਵਤ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਪੁਲਿਸ ਟੀਮਾਂ ਨੇ ਪਿਸ਼ੌਰਾ ਨੂੰ ਗਿ੍ਰਫਤਾਰ ਕਰਨ ਲਈ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖੀਆਂ।
ਡੀਜੀਪੀ ਨੇ ਦੱਸਿਆ ਬਾਅਦ ਵਿਚ ਪਿਸ਼ੌਰਾ ਨੇ ਆਪਣੇ ਜਾਣਕਾਰ ਨਿਸ਼ਾਨ ਸਿੰਘ ਵਾਸੀ ਪਿੰਡ ਸੀਤੋ, ਤਰਨ ਤਾਰਨ, ਰਾਹੀਂ ਰਸ਼ਪਾਲ ਸਿੰਘ ਦੇ ਭਰਾ ਹੀਰਾ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਦੋਵਾਂ ਨੇ ਮਿਲ ਕੇ ਡੀ.ਐਸ.ਪੀ ਲਖਵੀਰ, ਜੋ ਕਿ ਹੀਰਾ ਸਿੰਘ ਦਾ ਚਚੇਰਾ ਭਰਾ ਹੈ, ਕੋਲ ਪਹੁੰਚ ਕੀਤੀ, ਜਿੱਥੇ ਡੀ.ਐਸ.ਪੀ. ਨੇ ਡਰੱਗ ਸਪਲਾਇਰ ਦੀ ਮਦਦ ਕਰਨ ਲਈ 10 ਲੱਖ ਰੁਪਏ ਵਿਚ ਸੌਦਾ ਤੈਅ ਕਰ ਲਿਆ ਅਤੇ ਦੋਸ਼ੀ ਡੀ.ਐਸ.ਪੀ. ਨੇ ਹੀਰਾ ਸਿੰਘ ਨੂੰ ਰਕਮ ਆਪਣੇ ਕੋਲ ਰੱਖਣ ਲਈ ਕਿਹਾ।
ਪੁਲਿਸ ਨੇ ਪਿਸ਼ੌਰਾ ਸਿੰਘ ਦੇ ਖੁਲਾਸੇ ‘ਤੇ ਹੀਰਾ ਸਿੰਘ ਦੇ ਘਰੋਂ 9.97 ਲੱਖ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ। ਪੰਜਾਬ ਨੂੰ ਭਿ੍ਰਸ਼ਟਾਚਾਰ ਮੁਕਤ ਸੂਬਾ ਬਣਾਉਣ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਡੀਜੀਪੀ ਗੌਰਵ ਯਾਦਵ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਭਿ੍ਰਸ਼ਟਾਚਾਰ ਵਿੱਚ ਸ਼ਾਮਲ ਕਿਸੇ ਵੀ ਪੁਲੀਸ ਅਧਿਕਾਰੀ/ਕਰਮਚਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ।
ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ. ਤਰਨਤਾਰਨ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਪੁਲਿਸ ਨੇ ਐਫ.ਆਈ.ਆਰ. ਵਿੱਚ ਏਐਸਆਈ ਰਸ਼ਪਾਲ ਸਿੰਘ, ਨਿਸ਼ਾਨ ਸਿੰਘ ਅਤੇ ਹੀਰਾ ਸਿੰਘ ਨੂੰ ਵੀ ਨਾਮਜਦ ਕਰ ਲਿਆ ਹੈ ਅਤੇ ਉਨਾਂ ਦੀ ਗਿ੍ਰਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਐਫਆਈਆਰ, ਵਿੱਚ ਭਿ੍ਰਸ਼ਟਾਚਾਰ ਰੋਕੂ ਕਾਨੂੰਨ ਦੀਆਂ ਧਾਰਾਵਾਂ 7, 7-ਏ, ਅਤੇ 8 (1), ਆਈਪੀਸੀ ਦੀਆਂ ਧਾਰਾਵਾਂ 213, 214, ਅਤੇ 120ਬੀ ਅਤੇ ਐਨਡੀਪੀਐਸ ਐਕਟ ਦੀਆਂ ਧਾਰਾਵਾਂ 29 ਅਤੇ 59 ਨਵੇ ਸ਼ਾਮਲ ਕੀਤੀਆਂ ਗਈਆਂ ਹਨ। ਜਦਕਿ ਪਹਿਲਾਂ, ਇਹ ਐਫਆਈਆਰ ਥਾਣਾ ਭਿੱਖੀਵਿੰਡ, ਤਰਨਤਾਰਨ ਵਿਖੇ ਐਨਡੀਪੀਐਸ ਐਕਟ ਦੀ ਧਾਰਾ 18,61,85 ਅਧੀਨ ਦਰਜ ਕੀਤੀ ਗਈ ਸੀ।