
ਬਿਸ਼ਨੋਈ ਨੂੰ ਰਿਮਾਂਡ 'ਤੇ ਲੈਣ ਲਈ ਫਾਜ਼ਿਲਕਾ, ਮਲੋਟ ਅਤੇ ਹੁਸ਼ਿਆਰਪੁਰ ਦੀਆਂ ਪੁਲਿਸ ਟੀਮਾਂ ਵੀ ਪਹੁੰਚੀਆਂ ਸਨ।
ਅੰਮ੍ਰਿਤਸਰ: ਰਾਣਾ ਕੰਧੋਦੋਵਾਲੀਆ ਕਤਲ ਕੇਸ ਵਿਚ ਰਿਮਾਂਡ ’ਤੇ ਚੱਲ ਰਹੇ ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਸੀਆਈਏ ਸਟਾਫ ਖਰੜ ਵਿਖੇ ਪੁੱਛਗਿੱਛ ਕੀਤੀ ਜਾ ਰਹੀ ਸੀ। ਪੰਜਾਬ ਪੁਲਿਸ ਨੇ ਭਾਰੀ ਪੁਲਿਸ ਫੋਰਸ ਨਾਲ ਲਾਰੈਂਸ ਬਿਸ਼ਨੋਈ ਨੂੰ ਅੰਮ੍ਰਿਤਸਰ ਦੀ ਅਦਾਲਤ ਵਿਚ ਪੇਸ਼ ਕੀਤਾ। ਅੰਮ੍ਰਿਤਸਰ ਪੁਲਿਸ ਨੇ ਅਦਾਲਤ ਵੱਲੋਂ ਬਿਸ਼ਨੋਈ ਦਾ 5 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਹੈ, ਜਿਸ ਦੌਰਾਨ ਇਸ ਗੈਂਗਸਟਰ ਤੋਂ ਇਸ ਮਾਮਲੇ ਵਿਚ ਪੁੱਛਗਿੱਛ ਕੀਤੀ ਜਾਵੇਗੀ।
ਦੱਸ ਦੇਈਏ ਕਿ ਬਿਸ਼ਨੋਈ ਨੂੰ ਰਿਮਾਂਡ 'ਤੇ ਲੈਣ ਲਈ ਫਾਜ਼ਿਲਕਾ, ਮਲੋਟ ਅਤੇ ਹੁਸ਼ਿਆਰਪੁਰ ਦੀ ਪੁਲਿਸ ਵੀ ਪਹੁੰਚੀ ਸੀ। ਤਿੰਨਾਂ ਨੇ ਲਾਰੈਂਸ ਦੇ ਰਿਮਾਂਡ ਲਈ ਦਲੀਲਾਂ ਪੇਸ਼ ਕੀਤੀਆਂ। ਅੰਮ੍ਰਿਤਸਰ ਦੀ ਅਦਾਲਤ ਵਿਚ ਕਰੀਬ ਡੇਢ ਘੰਟੇ ਤੱਕ ਰਿਮਾਂਡ ਸਬੰਧੀ ਬਹਿਸ ਚੱਲਦੀ ਰਹੀ। ਪਰ ਅੰਤ ਵਿਚ ਅੰਮ੍ਰਿਤਸਰ ਪੁਲਿਸ ਨੂੰ ਫਿਰ 5 ਦਿਨਾਂ ਲਈ ਲਾਰੈਂਸ ਸੌਂਪ ਦਿੱਤਾ ਗਿਆ।