
ਪੈਟਰੋਲ ਪੰਪਾਂ ’ਤੇ ਕੰਮ ਕਰਦੇ ਮੁਲਾਜ਼ਮਾਂ ’ਚ ਡਰ ਦਾ ਮਾਹੌਲ
ਜਲੰਧਰ - ਪੰਜਾਬ ’ਚ ਪੈਟਰੋਲ ਪੰਪਾਂ ’ਤੇ ਲੁੱਟਾਂ ਖੋਹਾਂ ਦੇ ਵਧ ਰਹੇ ਮਾਮਲਿਆਂ ਤੋਂ ਚਿੰਤਤ ਪੈਟਰੋਲ ਪੰਪ ਡੀਲਰਾਂ ਨੇ ਪੰਜਾਬ ਸਰਕਾਰ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ।
ਪੰਜਾਬ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਦੋਆਬਾ ਅਤੇ ਬੁਲਾਰੇ ਮੌਂਟੀ ਸਹਿਗਲ ਨੇ ਪੰਜਾਬ ਸਰਕਾਰ ਨੂੰ ਇਕ ਟਵੀਟ ਵਿਚ ਪੈਟਰੋਲ ਪੰਪਾਂ ’ਤੇ ਲੁੱਟ ਖੋਹ ਦੀਆਂ ਘਟਨਾਵਾਂ ’ਤੇ ਚਿੰਤਾਂ ਜ਼ਾਹਿਰ ਕਰਦਿਆਂ ਕਿਹਾ ਕਿ ਬੀਤੇ ਦਿਨੀਂ ਦਸੂਹਾ ਰੋਡ ਹਰਿਆਣਾ ਭੂੰਗਾ ਕੋਲ ਪੈਟਰੋਲ ਪੰਪ ’ਤੇ ਹੋਈ ਲੁੱਟ ਦੀ ਘਟਨਾ ਨੇ ਪੈਟਰੋਲ ਪੰਪ ਮਾਲਕਾਂ ਦੀ ਚਿੰਤਾ ਹੋਰ ਵਧਾ ਦਿਤੀ ਹੈ ਜਿਸ ਨਾਲ ਪੈਟਰੋਲ ਪੰਪਾਂ ’ਤੇ ਕੰਮ ਕਰਨ ਵਾਲੇ ਸੇਲਜ਼ਮੈਨਾਂ ’ਚ ਡਰ ਪਾਇਆ ਜਾ ਰਿਹਾ ਹੈ, ਤੇ ਹੁਣ ਕਈ ਜਗ੍ਹਾ ਤਾਂ ਸੇਲਜ਼ਮੈਨ ਪੈਟਰੋਲ ਪੰਪਾਂ ’ਤੇ ਕੰਮ ਕਰਨ ਤੋਂ ਮਨ੍ਹਾ ਕਰਨ ਲੱਗ ਪਏ ਹਨ।
ਮੌਂਟੀ ਸਹਿਗਲ ਦਾ ਕਹਿਣਾ ਸੀ ਕਿ ਉਹ ਪੈਟਰੋਲ ਪੰਪ ਵਾਲੇ ਖੇਤਰਾਂ ਵਿਚ ਪੈਟਰੋਲਿੰਗ ਵਧਾਉਣ ਦੀ ਮੰਗ ਕਰ ਚੁੱਕੇ ਹਨ ਤੇ ਉਨ੍ਹਾਂ ਨੂੰ ਇਹ ਵੀ ਕਿਹਾ ਜਾ ਰਿਹਾ ਹੈ ਕਿ ਪੈਟਰੋਲ ਪੰਪਾਂ ’ਤੇ ਅਪਣੇ ਗੰਨਮੈਨ ਰੱਖ ਲੈਣ। ਜੇਕਰ ਪੈਟਰੋਲ ਪੰਪਾਂ ’ਤੇ ਅਪਣੇ ਗੰਨਮੈਨ ਕਿਸੇ ਲੁਟੇਰੇ ਨੂੰ ਗੋਲੀ ਮਾਰ ਦਿੰਦੇ ਹਨ ਤਾਂ ਇਹ ਜ਼ਿੰਮੇਵਾਰੀ ਕਿਸ ਦੇ ਉਪਰ ਤੈਅ ਕੀਤੀ ਜਾਵੇਗੀ।
ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੈਟਰੋਲ ਪੰਪਾਂ ਨੂੰ ਸੁਰੱਖਿਆ ਦੇਣ ਲਈ ਪੁਲਿਸ ਪੈਟਰੋਲਿੰਗ ਜ਼ਰੂਰੀ ਬਣਾਈ ਜਾਵੇ ਅਤੇ ਲੁੱਟ ਖੋਹਾਂ ਦੀਆਂ ਵਾਰਦਾਤਾਂ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਵਿਰੁਧ ਸਖਤ ਕਾਰਵਾਈ ਕੀਤੀ ਜਾਵੇ।