ਉਸ ਖਿਲਾਫ਼ 7 ਪੀ.ਸੀ. ਐਕਟ 1988 ਐਜ ਅਮੈਂਡਿਡ ਬਾਇ ਪੀ.ਸੀ. (ਅਮੈਡਟ) ਐਕਟ 2018 ਥਾਣਾ ਵਿਜੀਲੈਂਸ ਬਿਊਰੋ ਪਟਿਆਲਾ ਰੇਂਜ ਪਟਿਆਲਾ ਵਿਖੇ ਮੁਕੱਦਮਾ ਨੰਬਰ 20 ਦਰਜ ਕਰ ਲਿਆ
ਚੰਡੀਗੜ੍ਹ - ਨਗਰ ਕੌਂਸਲ ਮਲੇਰਕੋਟਲਾ ਦੀ ਫਾਇਰ ਬਿ੍ਗੇਡ ਵਿਚ ਐੱਸ.ਐਫ.ਓ. ਵਜੋਂ ਤਾਇਨਾਤ ਇਕ ਫਾਇਰ ਅਧਿਕਾਰੀ ਨੂੰ ਅੱਜ ਵਿਜੀਲੈਂਸ ਬਿਊਰੋ ਸੰਗਰੂਰ ਦੀ ਟੀਮ ਨੇ ਇਕ ਬੇਰੁਜ਼ਗਾਰ ਨੌਜਵਾਨ ਕੋਲੋਂ ਫਾਇਰਮੈਨ ਨਿਯੁਕਤ ਕਰਵਾਉਣ ਬਦਲੇ 12500 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ | ਜਾਣਕਾਰੀ ਮੁਤਾਬਿਕ ਵਿਜੀਲੈਂਸ ਬਿਊਰੋ ਪਟਿਆਲਾ ਦੇ ਸੀਨੀਅਰ ਪੁਲਿਸ ਕਪਤਾਨ ਜਗਤਪਰੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ 'ਤੇ ਡੀ.ਐਸ.ਪੀ. ਵਿਜੀਲੈਂਸ ਬਿਊਰੋ ਸੰਗਰੂਰ ਪਰਮਿੰਦਰ ਸਿੰਘ ਦੀ ਅਗਵਾਈ ਹੇਠ ਵਿਜੀਲੈਂਸ ਟੀਮ ਨੇ ਲਵਲੀ ਪੁੱਤਰ ਪ੍ਰੀਤਮ ਸਿੰਘ ਵਾਸੀ ਕਾਤਰੋਂ ਰੋਡ ਸ਼ੇਰਪੁਰ ਕੋਲੋਂ 12500 ਰੁਪਏ ਦੀ ਰਿਸ਼ਵਤ ਲੈਂਦਿਆਂ ਫਾਇਰ ਬਿ੍ਗੇਡ ਮਲੇਰਕੋਟਲਾ ਦੇ ਐਸ.ਐਫ.ਓ. ਰਾਣਾ ਨਰਿੰਦਰ ਸਿੰਘ ਨੂੰ ਸਰਕਾਰੀ ਗਵਾਹ ਸਤਿੰਦਰਪਾਲ ਸਿੰਘ ਉਪ ਮੰਡਲ ਇੰਜੀਨੀਅਰ ਜਲ ਸਪਲਾਈ ਮਲੇਰਕੋਟਲਾ ਦੀ ਮੌਜੂਦਗੀ 'ਚ ਰੰਗੇ ਹੱਥੀਂ ਕਾਬੂ ਕਰਕੇ ਉਸ ਖਿਲਾਫ਼ 7 ਪੀ.ਸੀ. ਐਕਟ 1988 ਐਜ ਅਮੈਂਡਿਡ ਬਾਇ ਪੀ.ਸੀ. (ਅਮੈਡਟ) ਐਕਟ 2018 ਥਾਣਾ ਵਿਜੀਲੈਂਸ ਬਿਊਰੋ ਪਟਿਆਲਾ ਰੇਂਜ ਪਟਿਆਲਾ ਵਿਖੇ ਮੁਕੱਦਮਾ ਨੰਬਰ 20 ਦਰਜ ਕਰ ਲਿਆ ਹੈ|
ਵਿਜੀਲੈਂਸ ਬਿਊਰੋ ਵੱਲੋਂ ਪ੍ਰਾਪਤ ਜਾਣਕਾਰੀ ਮੁਤਾਬਿਕ ਪ੍ਰਾਈਵੇਟ ਤੌਰ 'ਤੇ ਦੁਕਾਨ ਵਗ਼ੈਰਾ 'ਤੇ ਕੰਮ ਕਰਦੇ ਲਵਲੀ ਪੁੱਤਰ ਪ੍ਰੀਤਮ ਸਿੰਘ ਵਾਸੀ ਸ਼ੇਰਪੁਰ ਜੋ ਸਰਕਾਰੀ ਨੌਕਰੀ ਦੀ ਭਾਲ ਕਰ ਰਿਹਾ ਸੀ ਨੂੰ ਉਸ ਦੇ ਗੁਆਂਢੀ ਕਰਨੈਲ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਸ਼ੇਰਪੁਰ ਨੇ ਰਾਣਾ ਨਰਿੰਦਰ ਸਿੰਘ ਐਸ.ਐਫ.ਓ. ਫਾਇਰ ਬਿ੍ਗੇਡ ਮਲੇਰਕੋਟਲਾ ਨਾਲ ਮਿਲਾ ਕੇ ਦੱਸਿਆ ਕਿ ਉਸ ਨੇ ਫਾਇਰਮੈਨ ਭਰਤੀ ਕਰਨੇ ਹਨ ਅਤੇ ਲਵਲੀ ਸਿੰਘ ਨੂੰ ਫਾਇਰਮੈਨ ਭਰਤੀ ਕਰਵਾ ਦਿੱਤਾ ਜਾਵੇਗਾ | ਲਵਲੀ ਸਿੰਘ ਮੁਤਾਬਿਕ ਰਾਣਾ ਨਰਿੰਦਰ ਸਿੰਘ ਐਸ.ਐਫ.ਓ. ਨੇ ਕਥਿਤ ਤੌਰ 'ਤੇ ਉਸ ਕੋਲੋਂ ਫਾਇਰਮੈਨ ਭਰਤੀ ਲਈ ਸਾਢੇ ਚਾਰ ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ ਪ੍ਰੰਤੂ ਸੌਦਾ ਸਾਢੇ ਤਿੰਨ ਲੱਖ ਰੁਪਏ ਵਿਚ ਤੈਅ ਹੋ ਗਿਆ | ਲਵਲੀ ਸਿੰਘ ਨੇ ਦੱਸਿਆ ਕਿ ਰਾਣਾ ਨਰਿੰਦਰ ਸਿੰਘ ਐਸ.ਐਫ.ਓ. ਨੇ ਅੱਧੀ ਰਕਮ ਪਹਿਲਾਂ ਅਤੇ ਅੱਧੀ ਕੰਮ ਹੋਣ ਤੋਂ ਬਾਅਦ ਦੇਣ ਲਈ ਕਿਹਾ ਪ੍ਰੰਤੂ ਉਸ ਨੇ 50 ਹਜ਼ਾਰ ਰੁਪਏ 25 ਜੁਲਾਈ 2022 ਨੂੰ ਰੰਧਾਵਾ ਇੰਟਰਨੈੱਟ ਸਰਵਿਸ ਸ਼ੇਰਪੁਰ ਤੋਂ ਗੂਗਲ ਪੇਅ ਰਾਹੀਂ ਰਾਣਾ ਨਰਿੰਦਰ ਸਿੰਘ ਦੇ ਖਾਤੇ ਵਿਚ ਪਵਾ ਦਿੱਤੇ | ਕਰੀਬ 10 -15 ਦਿਨਾਂ ਬਾਅਦ ਉਹ ਆਪਣੇ ਪਿਤਾ ਅਤੇ ਗੁਆਂਢੀ ਕਰਨੈਲ ਸਿੰਘ ਸਮੇਤ ਆਪਣੇ ਜਾਣਕਾਰ ਪਰਮਜੀਤ ਸਿੰਘ ਪੁੱਤਰ ਹਰੀ ਸਿੰਘ ਵਾਸੀ ਮਾਹਮਦਪੁਰ ਨਾਲ ਰਾਣਾ ਨਰਿੰਦਰ ਸਿੰਘ ਦੇ ਦਫ਼ਤਰ ਵਿਚ ਜਾ ਕੇ ਇਕ ਲੱਖ ਰੁਪਏ ਹੋਰ ਦੇ ਦਿੱਤੇ | ਫਿਰ ਪੰਜ ਸੱਤ ਦਿਨਾਂ ਬਾਅਦ ਉਸ ਨੇ 20 ਹਜ਼ਾਰ ਰੁਪਏ ਰਾਣਾ ਨਰਿੰਦਰ ਸਿੰਘ ਨੂੰ ਦੇਣ ਲਈ ਕਰਨੈਲ ਸਿੰਘ ਨੂੰ ਦੇ ਦਿੱਤੇ|
ਇਸ ਤੋਂ ਬਾਅਦ ਉਹ ਉਸ ਨੂੰ ਨੌਕਰੀ ਦਾ ਲਗਾਤਾਰ ਲਾਰਾ ਲਾਉਂਦਾ ਰਿਹਾ | ਹੁਣ ਜਦੋਂ ਉਸ ਨੇ ਮੁੜ ਨੌਕਰੀ ਬਾਰੇ ਉਸ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ 9 ਜੁਲਾਈ 2023 ਨੂੰ ਪੇਪਰ ਹੋਣਾ ਹੈ ਪ੍ਰੰਤੂ ਪੇਪਰ ਤੋਂ ਪਹਿਲਾਂ ਪੁਲਿਸ ਵੈਰੀਫਿਕੇਸ਼ਨ ਕਰਵਾਉਣੀ ਹੈ ਜਿਸ ਵਾਸਤੇ ਸਾਢੇ 12 ਹਜ਼ਾਰ ਰੁਪਏ ਹੋਰ ਦਿੱਤੇ ਜਾਣ ਤਾਂ ਜੋ ਪੇਪਰ ਕਰਵਾਇਆ ਜਾ ਸਕੇ| ਲਵਲੀ ਸਿੰਘ ਮੁਤਾਬਿਕ 3 ਜੁਲਾਈ 2023 ਨੂੰ ਰਾਣਾ ਨਰਿੰਦਰ ਸਿੰਘ ਨੇ ਫ਼ੋਨ ਕਰਕੇ 12500 ਰੁਪਏ ਦੇਣ ਲਈ ਅੱਜ ਬੁਲਾਇਆ ਸੀ| ਵਿਜੀਲੈਂਸ ਬਿਊਰੋ ਮੁਤਾਬਿਕ ਰਾਣਾ ਨਰਿੰਦਰ ਸਿੰਘ ਐਸ.ਐਫ.ਓ. ਲਵਲੀ ਸਿੰਘ ਕੋਲੋਂ ਭਰਤੀ ਕਰਵਾਉਣ ਬਦਲੇ 1 ਲੱਖ 70 ਹਜ਼ਾਰ ਰੁਪਏ ਦੀ ਰਿਸ਼ਵਤ ਪਹਿਲਾਂ ਹਾਸਿਲ ਕਰ ਚੁੱਕਿਆ ਸੀ ਅਤੇ 12500 ਰੁਪਏ ਦੀ ਰਿਸ਼ਵਤ ਲੈਂਦਿਆਂ ਅੱਜ ਸਰਕਾਰੀ ਗਵਾਹਾਂ ਦੀ ਮੌਜੂਦਗੀ 'ਚ ਰੰਗੇ ਹੱਥੀਂ ਕਾਬੂ ਕਰ ਲਿਆ ਹੈ| ਵਿਜੀਲੈਂਸ ਬਿਊਰੋ ਦੀ ਟੀਮ 'ਚ ਏ.ਐੱਸ.ਆਈ. ਕਿ੍ਸ਼ਨ, ਮੁੱਖ ਸਿਪਾਹੀ ਗੁਰਦੀਪ ਸਿੰਘ, ਅਮਨਦੀਪ ਸਿੰਘ, ਗੁਰਪ੍ਰੀਤ ਸਿੰਘ, ਗੁਰਜੀਵਨ ਸਿੰਘ, ਗੁਰਜਿੰਦਰ ਕੌਰ (ਸਾਰੇ ਸੀਨੀਅਰ ਸਿਪਾਹੀ) ਸਿਪਾਹੀ ਰਸ਼ਪਿੰਦਰ ਸਿੰਘ ਅਤੇ ਜਗਦੀਪ ਸਿੰਘ ਸਟੈਨੋ ਟਾਈਪਿਸਟ ਸ਼ਾਮਿਲ ਸਨ|