
ਹਰਿਆਣਾ 'ਚ ਕਈ ਬ੍ਰਾਂਡਾਂ ਖਿਲਾਫ਼ ਐਫਆਈਆਰ ਦਰਜ, ਲਾਇਸੰਸ ਰੱਦ ਕਰਨ ਦੀ ਕਵਾਇਦ ਸ਼ੁਰੂ
ਚੰਡੀਗੜ੍ਹ : ਕਰੋਨਾ ਮਹਾਮਾਰੀ ਨੂੰ ਇਨਸਾਨੀ ਜੀਵਨ 'ਤੇ ਸਭ ਤੋਂ ਵੱਡਾ ਹਮਲਾ ਮੰਨਿਆ ਜਾ ਰਿਹਾ ਹੈ। ਇਸ ਦੇ ਸ਼ੁਰੂਆਤੀ ਦੌਰ ਦੌਰਾਨ ਜਦੋਂ ਇਨਸਾਨ ਘਰਾਂ ਅੰਦਰ ਬੰਦ ਹੋ ਕੇ ਰਹਿ ਗਿਆ ਅਤੇ ਬਾਕੀ ਜੀਵ ਜੰਤੂ ਆਜ਼ਾਦੀ ਨਾਲ ਸੜਕਾਂ 'ਤੇ ਆ ਗਏ ਸਨ ਤਾਂ ਅਜਿਹੇ ਵਿਚਾਰ ਸਾਹਮਣੇ ਆਉਣੇ ਸ਼ੁਰੂ ਹੋ ਗਏ ਸਨ ਕਿ ਹੁਣ ਇਨਸਾਨ ਨੂੰ ਅਪਣੀ ਅਸਲੀ ਔਕਾਤ ਯਾਦ ਆ ਗਈ ਹੈ। ਹੁਣ ਉਹ ਕੇਵਲ ਮੁਨਾਫ਼ਾਖੋਰੀ ਨੂੰ ਸਾਹਮਣੇ ਰੱਖ ਕੇ ਕੋਈ ਵੀ ਅਜਿਹਾ ਕੰਮ ਕਰਨ ਤੋਂ ਗੁਰੇਜ਼ ਕਰੇਗਾ, ਜਿਸ ਨਾਲ ਇਨਸਾਨੀ ਜੀਵਨ 'ਤੇ ਹੀ ਸਵਾਲੀਆਂ ਨਿਸ਼ਾਨ ਲੱਗਦਾ ਹੋਵੇ।
Sanitizer
ਪਰ ਜਿਉਂ ਹੀ ਕਰੋਨਾ ਕਾਲ ਦੀਆਂ ਬੰਦਿਸ਼ਾਂ ਕੁੱਝ ਘਟੀਆਂ, ਮੁਨਾਫ਼ਾਖੋਰਾਂ ਨੇ ਮੁੜ ਅਪਣੇ ਪੁਰਾਣੇ ਰੰਗ ਦਿਖਾਉਣੇ ਸ਼ੁਰੂ ਕਰ ਦਿਤੇ ਹਨ। ਇੰਨਾ ਹੀ ਨਹੀਂ, ਹੁਣ ਤਾਂ ਇਨਸਾਨ ਨੂੰ ਕਰੋਨਾ ਤੋਂ ਬਚਾਉਣ ਲਈ ਜ਼ਰੂਰੀ ਮੰਨੇ ਜਾਂਦੇ ਮਾਸਕ ਅਤੇ ਸੈਨੇਟਾਈਜ਼ਰਾਂ 'ਚੋਂ ਮੁਨਾਫ਼ਾ ਕਮਾਉਣ ਦੀਆਂ ਖ਼ਬਰਾਂ ਸਾਹਮਣੇ ਆਉਣ ਲੱਗੀਆਂ ਹਨ। ਮੁਨਾਫ਼ਾਖੋਰ ਹੁਣ ਸਿਰਫ਼ ਵੱਧ ਪੈਸੇ ਹੀ ਨਹੀਂ ਵਸੂਲ ਰਹੇ ਸਗੋਂ ਸੈਨੇਟਾਈਜ਼ਰ ਵਰਗੀਆਂ ਵਸਤੂਆਂ 'ਚ ਹਾਈਕਾਰਕ ਤੱਤ ਮਿਲਾਉਣ ਤੋਂ ਵੀ ਗੁਰੇਜ਼ ਨਹੀਂ ਕਰ ਰਹੇ, ਜਿਸ ਦੀ ਵਰਤੋਂ ਨਾਲ ਉਪਭੋਗਤਾ ਕਰੋਨਾ ਤੋਂ ਤਾਂ ਭਾਵੇਂ ਬਚ ਜਾਂਦਾ ਪਰ ਇਸ ਦੇ ਹਾਈਕਾਰਕ ਤੱਤ ਉਸ ਦੀ ਜਾਨ ਦਾ ਖੋਅ ਬਣ ਸਕਦੇ ਹਨ।
Sanitizer
ਲੌਕਡਾਊਨ ਦੌਰਾਨ ਮਾਸਕਾਂ ਦੀ ਕਾਲਾਬਾਜ਼ਾਰੀ ਦਾ ਦੌਰ ਵੀ ਸਿਖ਼ਰ ਛੂਹ ਚੁਕਿਆ ਹੈ। ਦੋ ਤੋਂ ਢਾਈ ਰੁਪਏ 'ਚ ਮਿਲਣ ਵਾਲੇ ਮਾਸਕ ਦਾ ਰੇਟ 20 ਤੋਂ 25 ਰੁਪਏ ਜਦਕਿ ਥੋਕ ਰੇਟ 'ਤੇ 17 ਤੋਂ 22 ਰੁਪਏ 'ਚ ਮਿਲਣ ਵਾਲੇ ਮਾਸਕ ਦਾ ਰੇਟ ਦੁਕਾਨਾਂ 'ਤੇ 200 ਤੋਂ ਲੈ ਕੇ ਢਾਈ ਸੌ ਤਕ ਵੀ ਵਸੂਲਿਆ ਗਿਆ ਸੀ। ਕਰੋਨਾ ਮਹਾਮਾਰੀ ਦੇ ਸਿੱਖਰ ਦੌਰਾਨ ਮਾਸਕ ਦੇ ਇਕ ਥੋਕ ਵਿਕਰੇਂਤਾ ਕੋਲ ਦੁਕਾਨਾਂ ਤੋਂ ਮਾਸਕ ਦਾ ਆਰਡਰ ਲੈਣ ਦਾ ਕੰਮ ਕਰਨ ਵਾਲੇ ਨੌਜਵਾਨ ਦਾ ਕਹਿਣਾ ਸੀ ਕਿ ਕਈ ਦੁਕਾਨਦਾਰ ਉਸ ਤੋਂ 22 ਰੁਪਏ ਵਾਲੇ ਮਾਸਕ 'ਚੋਂ ਵੀ 2 ਰੁਪਏ ਹੋਰ ਛੋਟ ਮੰਗਣ 'ਤੇ ਅੜ ਜਾਂਦੇ ਹਨ ਜਦਕਿ ਗ੍ਰਾਹਕ ਨੂੰ ਉਹੀ 22 ਰੁਪਏ ਵਾਲਾ ਮਾਸਕ ਅੱਗੇ 200 ਤੋਂ 225 ਰੁਪਏ ਤਕ ਵੇਚਦੇ ਸਨ।
Sanitizer
ਇਸੇ ਤਰ੍ਹਾਂ ਸੈਨੇਟਾਈਜ਼ਰਾਂ ਨੂੰ ਲੈ ਕੇ ਨਵੀਂ ਖ਼ਬਰ ਸਾਹਮਣੇ ਆਈ ਹੈ। ਹਰਿਆਣਾ ਦੇ ਸਿਹਤ ਅਤੇ ਗ੍ਰਹਿ ਮੰਤਰੀ ਅਨਿਲ ਵਿਜ ਮੁਤਾਬਕ ਸੂਬੇ ਅੰਦਰ 11 ਸੈਨੀਟਾਈਜ਼ਰ ਬ੍ਰਾਂਡਾਂ ਖਿਲਾਫ਼ ਐਫ਼ਆਈਆਰ ਦਰਜ ਕੀਤੀਆਂ ਗਈਆਂ ਹਨ। ਇਨ੍ਹਾਂ ਦੇ ਲਾਇਸੰਸ ਰੱਦ ਕਰਨ ਸਬੰਧੀ ਨੋਟਿਸ ਜਾਰੀ ਕੀਤੇ ਗਏ ਹਨ। ਇਹ ਕਦਮ ਸੈਨੀਟਾਈਜ਼ਰਾਂ ਦੇ ਸੈਂਪਲ ਫੇਲ੍ਹ ਹੋਣ ਬਾਅਦ ਚੁੱਕਿਆ ਗਿਆ ਹੈ।
Sanitizer
ਮੰਤਰੀ ਮੁਤਾਬਕ ਹਰਿਆਣਾ ਦੇ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਵਲੋਂ ਸੈਨੀਟਾਈਜ਼ਰਾਂ ਦੇ 248 ਨਮੂਨੇ ਇਕੱਤਰ ਕੀਤੇ ਗਏ ਸਨ। ਇਨ੍ਹਾਂ ਵਿਚੋਂ ਹੁਣ ਤਕ 123 ਨਮੂਨਿਆਂ ਦੀਆਂ ਰਿਪੋਰਟਾਂ ਆਈਆਂ ਹਨ ਜਿਨ੍ਹਾਂ ਵਿਚੋਂ 109 ਸੈਂਪਲ ਪਾਸ ਹੋਏ ਹਨ ਜਦਕਿ 14 ਫੇਲ੍ਹ ਹੋ ਗਏ ਹਨ। ਇਨ੍ਹਾਂ ਵਿਚੋਂ ਵੀ 9 ਬ੍ਰਾਂਡ ਗੁਣਵੱਤਾਂ ਦੇ ਮਾਪਦੰਡਾਂ 'ਤੇ ਖਰੇ ਨਹੀਂ ਉਤਰੇ ਜਦਕਿ 5 ਬ੍ਰਾਂਡ 'ਚ ਮਿਥੇਨਲ ਦੀ ਮਾਤਰਾ ਕਾਫ਼ੀ ਜ਼ਿਆਦਾ ਸੀ, ਜੋ ਇਸਤੇਮਾਲ ਕਰਨ ਦੀ ਸੂਰਤ 'ਚ ਜ਼ਹਿਰ ਵਜੋਂ ਕੰਮ ਕਰਦੀ ਹੈ। ਉਪਰੋਕਤ ਅੰਕੜੇ ਕੇਵਲ ਹਰਿਆਣਾ ਦੇ ਹੀ ਹਨ ਜਿੱਥੇ ਇਨ੍ਹਾਂ ਦੀ ਜਾਂਚ ਹੋਈ ਹੈ, ਪੂਰੇ ਦੇਸ਼ ਅੰਦਰ ਇਹ ਗੋਰਖਧੰਦਾ ਕਿਸ ਪੱਧਰ ਤਕ ਫ਼ੈਲਿਆ ਹੋਵੇਗਾ, ਇਸ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।