
ਮੂਲਰੂਪ ਤੋਂ ਪਿੰਡ ਵਹਾਬਵਾਲਾ ਵਾਸੀ ਅਤੇ ਪਿੰਡ ਰਾਮਪੁਰਾ ਵਿਖੇ ਵਿਆਹੀ ਇਕ ਔਰਤ ਨੇ ਅਪਣੇ ਪਤੀ ਅਤੇ ਭਰਜਾਈ ਦੇ ਨਾਜਾਇਜ਼ ਸਬੰਧਾਂ ਤੋਂ...
ਅਬੋਹਰ, 5 ਅਗੱਸਤ (ਤੇਜਿੰਦਰ ਸਿੰਘ ਖ਼ਾਲਸਾ): ਮੂਲਰੂਪ ਤੋਂ ਪਿੰਡ ਵਹਾਬਵਾਲਾ ਵਾਸੀ ਅਤੇ ਪਿੰਡ ਰਾਮਪੁਰਾ ਵਿਖੇ ਵਿਆਹੀ ਇਕ ਔਰਤ ਨੇ ਅਪਣੇ ਪਤੀ ਅਤੇ ਭਰਜਾਈ ਦੇ ਨਾਜਾਇਜ਼ ਸਬੰਧਾਂ ਤੋਂ ਦੁਖੀ ਹੋ ਕੇ ਜ਼ਹਿਰੀਲੀ ਚੀਜ਼ ਦਾ ਸੇਵਨ ਕਰ ਕੇ ਅਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਲੜਕੀ ਦੇ ਵੱਡੇ ਭਰਾ ਦੇ ਬਿਆਨ ਉਤੇ ਉਸ ਦੇ ਪਤੀ, ਭਰਜਾਈ ਅਤੇ ਸੱਸ ਦੇ ਵਿਰੁਧ ਥਾਣਾ ਵਹਾਬਵਾਲਾ ਵਿਚ ਵੱਖ-ਵੱਖ ਧਾਰਾਵਾਂ ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਥਾਣਾ ਵਹਾਬਵਾਲਾ ਦੇ ਐਸਐਚਓ ਪਰਮਜੀਤ ਸਿੰਘ ਖ਼ੁਦ ਕਰ ਰਹੇ ਹਨ।
ਜਾਣਕਾਰੀ ਅਨੁਸਾਰ ਨੇੜਲੇ ਪਿੰਡ ਵਹਾਬਵਾਲਾ ਵਾਸੀ ਲਾਭ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਾਉਂਦੇ ਹੋਏ ਦਸਿਆ ਕਿ ਉਸ ਦੀ ਛੋਟੀ ਭੈਣ ਪ੍ਰਿਤਪਾਲ ਕੌਰ ਦਾ ਵਿਆਹ ਪਿੰਡ ਰਾਮਪੁਰਾ ਵਾਸੀ ਨਵਪ੍ਰੀਤ ਸਿੰਘ ਨਾਲ ਹੋਇਆ ਸੀ। ਲਾਭ ਸਿੰਘ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਸ ਦਾ ਜੀਜਾ ਨਵਪ੍ਰੀਤ ਸਿੰਘ ਅਤੇ ਉਸ ਦੀ ਭਰਜਾਈ ਕਰਮਜੀਤ ਕੌਰ ਵਿਚਕਾਰ ਨਾਜਾਇਜ਼ ਸਬੰਧ ਬਣ ਗਏ, ਜਿਸ ਦੇ ਕਾਰਨ ਉਸ ਦੀ ਭੈਣ ਪ੍ਰਿਤਪਾਲ ਕੌਰ ਕਾਫ਼ੀ ਪ੍ਰੇਸ਼ਾਨ ਰਹਿੰਦੀ ਸੀ। ਦਸਿਆ ਜਾਂਦਾ ਹੈ ਕਿ ਇਸ ਮਾਮਲੇ ਵਿਚ ਕਈ ਵਾਰ ਪੰਚਾਇਤੀ ਤੌਰ ਉਤੇ ਫ਼ੈਸਲੇ ਵੀ ਹੋਏ, ਪਰ ਨਵਪ੍ਰੀਤ ਸਿੰਘ ਅਤੇ ਕਰਮਜੀਤ ਕੌਰ ਦੇ ਚਾਲ-ਚੱਲਣ ਵਿਚ ਕੋਈ ਬਦਲਾਅ ਨਾ ਆਇਆ।
Pritpal Kaur
ਲਾਭ ਸਿੰਘ ਨੇ ਦਸਿਆ ਕਿ ਉਸ ਦੀ ਛੋਟੀ ਭੈਣ ਪ੍ਰਿਤਪਾਲ ਕੌਰ ਨੇ ਅਪਣੇ ਪਤੀ-ਭਰਜਾਈ ਦੇ ਨਾਜਾਇਜ਼ ਸਬੰਧਾਂ ਅਤੇ ਸਹੁਰਾ ਘਰ ਤੋਂ ਦੁੱਖੀ ਹੋ ਕੇ ਐਤਵਾਰ 2 ਅਗੱਸਤ ਨੂੰ ਦੁਪਹਿਰ ਲਗਭਗ 1 ਵਜੇ ਕਿਸੇ ਜ਼ਹਿਰੀਲੀ ਚੀਜ਼ ਦਾ ਸੇਵਨ ਕਰ ਲਿਆ, ਜਿਸ ਦੇ ਨਾਲ ਉਸ ਦੀ ਬੀਤੀ ਸ਼ਾਮ ਮੌਤ ਹੋ ਗਈ। ਲਾਭ ਸਿੰਘ ਦੇ ਬਿਆਨ ਉਤੇ ਉਸ ਦੇ ਜੀਜੇ ਨਵਪ੍ਰੀਤ ਸਿੰਘ, ਭੈਣ ਦੀ ਸੱਸ ਛਿੰਦਰ ਕੌਰ ਅਤੇ ਜੀਜੇ ਛੋਟੇ ਭਰਾ ਦੀ ਪਤਨੀ ਕਰਮਜੀਤ ਕੌਰ ਦੇ ਵਿਰੁਧ ਥਾਣਾ ਵਹਾਬਵਾਲਾ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ।