
ਆਰਟੀਕਲ 370 ਹਟਾਏ ਜਾਣ ਦੇ ਦੋ ਸਾਲ ਪੂਰੇ ਹੋਣ ’ਤੇ ਭਾਜਪਾ ਨੇ ਲਹਿਰਾਇਆ ਤਿਰੰਗਾ
ਸ਼੍ਰੀਨਗਰ, 5 ਅਗੱਸਤ : ਭਾਜਪਾ ਨੇ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕੀਤੇ ਜਾਣ ਦੇ ਦੋ ਸਾਲ ਪੂਰੇ ਹੋਣ ’ਤੇ ਵੀਰਵਾਰ ਨੂੰ ਤਿਰੰਗਾ ਰੈਲੀਆਂ ਕੱਢ ਕੇ ਅਤੇ ਪੂਰੇ ਕੇਂਦਰ ਸ਼ਾਸਤ ਪ੍ਰਦੇਸ਼ ’ਚ ਕੌਮੀ ਝੰਡਾ ਲਹਿਰਾ ਕੇ ਜਸ਼ਨ ਮਨਾਇਆ, ਜਦਕਿ ਪੀਪੁਲਜ਼ ਡੈਮੋਕੇ੍ਰਟਿਕ ਪਾਰਟੀ (ਪੀਡੀਪੀ) ਨੇ ਇਸ ਨੂੰ ਜੰਮੂ ਕਸ਼ਮੀਰ ਲਈ ‘ਸੋਗ ਦਿਵਸ’ ਦਸਿਆ ਅਤੇ ਵਰੋਧੀ ਮਾਰਚ ਕਢਿਆ।
ਅਨੰਤਨਾਗ ਜ਼ਿਲ੍ਹੇ ਦੇ ਖ਼ਾਨਾਬਲ ਤੋਂ ਭਾਜਪਾ ਦੀ ਨਗਰ ਨਿਗਮ ਕਾਉਂਸਲਰ ਰੋਮਾਸੀਆ ਰਫ਼ੀਕ ਨੇ ਖ਼ਾਨਾਬਲ ’ਚ ਡਿਗਰੀ ਕਾਲੇਜ ਕੋਲ ਕੌਮੀ ਝੰਡਾ ਲਹਿਰਾ ਕੇ ਕਸ਼ਮੀਰਾ ਘਾਟੀ ’ਚ ਪਾਰਟੀ ਦੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇਸ ਦੌਰਾਨ 200 ਦੇ ਕਰੀਬ ਭਾਜਪਾ ਵਰਕਰ ਮੌਜੂਦ ਸਨ। ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁਗ ਲੇ ਕਿਹਾ ਕਿ 2019 ਦੇ ਇਸ ਫ਼ੈਸਲੇ ਦੀ ਇਕ ਹੋਰ ਮਹੱਤਵਪੂਰਣ ਪ੍ਰਾਪਤੀ ਇਹ ਸੀ ਕਿ ਇਹ ਵੰਡਕਾਰੀ ਅਤੇ ਅਤਿਵਾਦੀ ਤਾਕਤਾਂ ਲਈ ਇਕ ਵੱਡਾ ਝਟਕਾ ਹੈ। ਚੁਗ, ਜੰਮੂ ਕਸ਼ਮੀਰ ਅਤੇ ਲੱਦਾਖ਼ ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਪਾਰਟੀ ਇੰਚਾਰਜ ਵੀ ਹਨ। ਉਨ੍ਹਾਂ ਨੇ ਜੰਮੂ ਕਸ਼ਮੀਰ ’ਚ ਸਕਾਰਾਤਮਕ ਭਾਸ਼ਣ ਵਿਚ ਵਿਘਨ ਪਾਉਣ ਲਈ ਗੁਪਕਰ ਗਠਜੋੜ ’ਚ ਸ਼ਾਮਲ ਪਾਰਟੀਆਂ ਦੀ ਸਖ਼ਤ ਅਲੋਚਨਾ ਕੀਤੀ। ਉਥੇ ਹੀ, ਸ਼੍ਰੀਨਗਰ ’ਚ ਕਾਲੀਆਂ ਪੱਟੀਆਂ ਬੰਨ੍ਹ ਕੇ ਪੀਡੀਪੀ ਦੇ ਦਰਜਨਾਂ ਆਗੂਆਂ ਅਤੇ ਸੈਂਕੜੇ ਵਰਕਰਾਂ ਨੇ ਸ਼ੇਰ ਏ ਕਸ਼ਮੀਰ ਪਾਰਕ ਕੋਲ ਸਥਿਤੀ ਪਾਰਟੀ ਮੁੱਖ ਦਫ਼ਤਰ ਤੋਂ ਇਕ ਵਿਰੋਧ ਮਾਰਚ ਕਢਿਆ, ਜਿਸ ਦੀ ਅਗਵਾਈ ਪਾਰਟੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਕੀਤੀ। ਉਨ੍ਹਾਂ ਨੇ ਕੇਂਦਰ ਦੇ ਪੰਜ ਅਗੱਸਤ 2019 ਦੇ ਫ਼ੈਸਲੇ ਵਿਰੁਧ ਅਤੇ ਕਸ਼ਮੀਰ ਮੁੱਦੇ ਦੇ ਹੱਲ ਦੇ ਸਮਰਥਨ ’ਚ ਨਾਹਰੇ ਲਗਾਏ। ਹਾਲਾਂਕਿ, ਪ੍ਰਦਰਸ਼ਕਾਰੀਆਂ ਨੂੰ ਪੁਲਿਸ ਨੇ ਜੀਪੀਉ ਕੋਲ ਰੋਕ ਦਿਤਾ।
ਮਹਿਬੂਬਾ ਨੇ ਕਿਹਾ, ‘‘ਅੱਜ ਜੰਮੂ ਕਸ਼ਮੀਰ ਲਈ ਸੋਗ ਦਿਵਸ ਹੈ। ਇਹ ਮੰਦਭਾਗਾ ਹੈ ਕਿ ਭਾਜਪਾ ਦੇਸ਼ਭਰ ਵਿਚ ਜਸ਼ਨ ਮਨਾ ਰਹੀ ਹੈ, ਜਦਕਿ ਕਸ਼ਮੀਰ ਸੋਗ ਮਨਾ ਰਿਹਾ ਹੈ।’’ ਉਨ੍ਹਾਂ ਕਿਹਾ, ‘‘ਜੰਮੂ ਕਸ਼ਮੀਰ ਦੇ ਲੋਕਾਂ ਦੀ ਹੋਂਦ ਉਦੋਂ ਹੀ ਰਹੇਗੀ, ਜਦੋਂ ਅਸੀਂ ਇਕੱਠੇ ਹੋ ਕੇ ਅਪਣੀ ਸੰਵਿਧਾਨਕ ਸਥਿਤੀ ਨੂੰ ਬਹਾਲ ਕਰਾਂਗੇ ਅਤੇ ਫਿਰ ਭਾਰਤ ਸਰਕਾਰ ਨੂੰ ਜੰਮੂ ਕਸ਼ਮੀਰ ਦੇ ਲੋਕਾਂ ਤੋਂ ਅਤੇ ਪਾਕਿਸਤਾਨ ਨਾਲ ਗੱਲਬਾਤ ਕਰ ਕੇ ਕਸ਼ਮੀਰ ਮੁੱਦੇ ਦਾ ਹੱਲ ਕਰਨ ਲਈ ਮਜਬੂਰ ਕਰਾਂਗੇ।’’ (ਏਜੰਸੀ)