
ਆਰਮੀ ਰੋਡ ਬਣਾਉਂਦੇ ਸਮੇਂ ਹਾਦਸੇ ਦੌਰਾਨ ਸ਼ਹੀਦ ਹੋਇਆ ਰਿੰਕੂ ਸਿੰਘ
Army jawan from Namol village of Sangrur district martyred in Sikkim : ਸੰਗਰੂਰ ਜ਼ਿਲ੍ਹੇ ਦੇ ਪਿੰਡ ਨਮੋਲ ਦਾ ਫੌਜੀ ਜਵਾਨ ਲਾਂਸ ਨਾਇਕ ਰਿੰਕੂ ਸਿੰਘ ਆਪਣੀ ਡਿਊਟੀ ਦੌਰਾਨ ਸਿੱਕਮ ’ਚ ਸ਼ਹੀਦ ਹੋ ਗਿਆ। ਰਿੰਕੂ ਸਿੰਘ 55 ਇੰਜੀਨੀਅਰ ਰੈਜੀਮੈਂਟ ਯੂਨਿਟ ਵਿਚ ਸੇਵਾ ਨਿਭਾਅ ਰਹੇ ਸਨ ਅਤੇ ਉਹ 2016 ’ਚ ਭਾਰਤੀ ਫੌਜ ਵਿਚ ਭਰਤੀ ਹੋਏ ਸਨ। ਰਿੰਕੂ ਸਿੰਘ ਨਾਲ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਹ ਸਿੱਕਮ ’ਚ ਆਰਮੀ ਰੋਡ ਬਣਾਉਣ ਦਾ ਕੰਮ ਕਰ ਰਹੇ ਸਨ ਅਤੇ ਕੰਕਰੀਟ ਮਸ਼ੀਨ ਦਾ ਸਟੇਰਿੰਗ ਅਚਾਨਕ ਲੌਕ ਹੋ ਗਿਆ ਅਤੇ ਮਸ਼ੀਨ ਕੰਟਰੋਲ ਤੋਂ ਬਾਹਰ ਹੋ ਗਈ। ਇਸ ਹਾਦਸੇ ਦੌਰਾਨ ਰਿੰਕੂ ਸਿੰਘ ਸ਼ਹਾਦਤ ਦਾ ਜਾਮ ਪੀ ਗਿਆ।
ਸ਼ਹੀਦ ਰਿੰਕੂ ਸਿੰਘ ਆਪਣੇ ਪਿੱਛੇ ਮਾਤਾ–ਪਿਤਾ ਅਤੇ ਵੱਡੇ ਭਰਾ ਨੂੰ ਛੱਡ ਗਏ ਹਨ। ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ ਅਤੇ ਪੂਰੇ ਪਿੰਡ ਨਮੋਲ ਵਿੱਚ ਸੋਗ ਦੀ ਲਹਿਰ ਛਾ ਗਈ। ਪਿੰਡ ਵਾਸੀ ਇਸ ਦੁਖ ਦੀ ਘੜੀ ’ਚ ਪਰਿਵਾਰ ਦੇ ਨਾਲ ਖੜ੍ਹੇ ਹਨ।
ਪਿੰਡ ਦੇ ਸਰਪੰਚ ਸੁਖਬੀਰ ਸਿੰਘ ਨੇ ਦੱਸਿਆ ਕਿ ਰਿੰਕੂ ਸਿੰਘ ਫੌਜੀ ਜਵਾਨ ਹੋਣ ਦੇ ਨਾਲ-ਨਾਲ ਇਕ ਚੰਗਾ ਖਿਡਾਰੀ ਵੀ ਸੀ। ਉਨ੍ਹਾਂ ਦੱਸਿਆ ਕਿ ਰਿੰਕੂ ਸਿੰਘ ਦਾ ਅੰਤਿਮ ਸਸਕਾਰ ਪਿੰਡ ਦੇ ਖੇਡ ਸਟੇਡੀਅਮ ਵਿਚ ਕੀਤਾ ਜਾਵੇਗਾ ਅਤੇ ਉਸਦੀ ਯਾਦ ਵਿਚ ਇਕ ਯਾਦਗਾਰੀ ਗੇਟ ਉਸਾਰਿਆ ਜਾਵੇਗਾ।