
ਵੰਦੇ ਭਾਰਤ ਰੇਲ ਗੱਡੀ ਨੰਬਰ 26406 ਸ੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਤੋਂ ਅੰਮ੍ਰਿਤਸਰ ਲਈ ਚੱਲੇਗੀ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ 10 ਅਗੱਸਤ ਨੂੰ ਪੰਜਾਬ ਦੇ ਅੰਮ੍ਰਿਤਸਰ ਅਤੇ ਜੰਮੂ-ਕਸ਼ਮੀਰ ’ਚ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਦਰਮਿਆਨ ਵੰਦੇ ਭਾਰਤ ਐਕਸਪ੍ਰੈਸ ਰੇਲ ਸੇਵਾ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕਰਨਗੇ। ਜੰਮੂ ਡਵੀਜ਼ਨ ਦੇ ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ ਉਚਿਤ ਸਿੰਘਲ ਨੇ ਕਿਹਾ ਕਿ ਵੰਦੇ ਭਾਰਤ ਰੇਲ ਗੱਡੀ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਜਾਣ ਵਾਲੇ ਮੁਸਾਫ਼ਰਾਂ ਨੂੰ ਆਰਾਮਦਾਇਕ ਅਤੇ ਤੇਜ਼ ਯਾਤਰਾ ਦੀ ਸਹੂਲਤ ਦੇਵੇਗੀ।
ਉਨ੍ਹਾਂ ਦਸਿਆ ਕਿ ਵੰਦੇ ਭਾਰਤ ਰੇਲ ਗੱਡੀ ਨੰਬਰ 26406 ਸ੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਤੋਂ ਅੰਮ੍ਰਿਤਸਰ ਲਈ ਚੱਲੇਗੀ ਜਦਕਿ ਰੇਲ ਗੱਡੀ ਨੰਬਰ 26405 ਅੰਮ੍ਰਿਤਸਰ ਤੋਂ ਸ੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਲਈ ਮੰਗਲਵਾਰ ਨੂੰ ਛੱਡ ਕੇ ਹਫ਼ਤੇ ਵਿਚ ਛੇ ਦਿਨ ਚੱਲੇਗੀ।
ਜੰਮੂ ਡਵੀਜ਼ਨ ਵਲੋਂ ਸਾਂਝੇ ਕੀਤੇ ਪ੍ਰੈਸ ਨੋਟ ਅਨੁਸਾਰ ਰੇਲ ਗੱਡੀ ਨੰਬਰ 26406 ਕਟੜਾ ਤੋਂ ਸਵੇਰੇ 6:40 ਵਜੇ ਰਵਾਨਾ ਹੋਵੇਗੀ ਅਤੇ ਦੁਪਹਿਰ 12:20 ਵਜੇ ਅੰਮ੍ਰਿਤਸਰ ਪਹੁੰਚੇਗੀ, ਜਿਸ ਵਿਚ ਜੰਮੂ, ਪਠਾਨਕੋਟ ਕੈਂਟ, ਜਲੰਧਰ ਸਿਟੀ, ਵਿਆਸ ਆਦਿ ਥਾਵਾਂ ਉਤੇ ਰੁਕੇਗੀ। ਇਹੀ ਰੇਲ ਗੱਡੀ ਨੰਬਰ 26405 ਅੰਮ੍ਰਿਤਸਰ ਤੋਂ ਸ਼ਾਮ 4:25 ਵਜੇ ਰਵਾਨਾ ਹੋਵੇਗੀ ਅਤੇ ਰਾਤ 10 ਵਜੇ ਕਟੜਾ ਪਹੁੰਚੇਗੀ।
ਇਸ ਰੇਲ ਗੱਡੀ ਨਾਲ ਉਨ੍ਹਾਂ ਮੁਸਾਫ਼ਰਾਂ ਨੂੰ ਲਾਭ ਹੋਵੇਗਾ ਜੋ ਸ਼੍ਰੀ ਮਾਤਾ ਵੈਸ਼ਨੋ ਦੇਵੀ ਮੰਦਰ ਜਾਣ ਦੀ ਯੋਜਨਾ ਬਣਾ ਰਹੇ ਹਨ। ਇਸ ਦੇ ਐਡਵਾਂਸਡ ਫੀਚਰਸ ਕਾਰਨ ਇਸ ਦੂਰੀ ਨੂੰ ਤੈਅ ਕਰਨ ’ਚ ਘੱਟ ਸਮਾਂ ਲੱਗੇਗਾ।