
ਚੀਨ ਨਾਲ ਚੱਲ ਰਹੇ ਤਣਾਅ ਨੂੰ ਲੈ ਕੇ ਦੇਸ਼ ਨੂੰ ਭਰੋਸੇ 'ਚ ਲੈਣ ਪ੍ਰਧਾਨ ਮੰਤਰੀ ਅਤੇ ਰਖਿਆ ਮੰਤਰੀ : ਕਾਂਗਰਸ
ਚੀਨ ਨਾਲ ਵੱਖ-ਵੱਖ ਪੱਧਰਾਂ 'ਤੇ ਹੋਈ ਗੱਲਬਾਤ ਦਾ ਕੀ ਨਤੀਜਾ ਨਿਕਲਿਆ?
ਨਵੀਂ ਦਿੱਲੀ, 5 ਸਤੰਬਰ : ਕਾਂਗਰਸ ਨੇ ਸਨਿਚਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਖਿਆ ਮੰਤਰੀ ਰਾਜਨਾਥ ਸਿੰਘ ਨੂੰ ਅਪੀਲ ਕੀਤੀ ਕਿ ਚੀਨ ਨਾਲ ਚੱਲ ਰਹੇ ਤਣਾਅ ਨੂੰ ਲੈ ਕੇ ਦੇਸ਼ ਨੂੰ ਭਰੋਸੇ 'ਚ ਲੈਣ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਸਵਾਲ ਕੀਤਾ ਕਿ ਚੀਨ ਨਾਲ ਵੱਖ-ਵੱਖ ਪੱਧਰਾਂ 'ਤੇ ਹੋਈ ਗੱਲਬਾਤ ਦਾ ਨਤੀਜਾ ਕੀ ਨਿਕਲਿਆ? ਉਨ੍ਹਾਂ ਨੇ ਇਕ ਵੀਡੀਉ ਜਾਰੀ ਕਰ ਕੇ ਕਿਹਾ ਕਿ ਰਾਜਨਾਥ ਸਿੰਘ ਨੇ ਸ਼ੁਕਰਵਾਰ ਨੂੰ ਚੀਨ ਦੇ ਰਖਿਆ ਮੰਤਰੀ ਨਾਲ ਗੱਲਬਾਤ ਕੀਤੀ। ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਨੇ ਅਪਣੇ ਚੀਨੀ ਹਮਰੁਤਬਾ ਨਾਲ ਗੱਲ ਕੀਤੀ। ਰਾਸ਼ਟਰੀ ਸੁਰੱਖਿਆ ਸਲਾਹਕਾਰ ਨੇ ਅਪਣੇ ਚੀਨੀ ਹਮਰੁਤਬਾ ਨਾਲ ਗੱਲਬਾਤ ਕੀਤੀ। ਰਾਜਦੂਤ ਪੱਧਰ 'ਤੇ ਕਈ ਵਾਰ ਗੱਲਬਾਤ ਹੋਈ। ਇਨ੍ਹਾਂ ਗੱਲਬਾਤਾਂ ਦਾ ਨਤੀਜਾ ਕੀ ਨਿਕਲਿਆ?
ਸੁਰਜੇਵਾਲਾ ਨੇ ਕਿਹਾ, ''ਪ੍ਰਧਾਨ ਮੰਤਰੀ ਜੀ ਅਤੇ ਰਖਿਆ ਮੰਤਰੀ ਜੀ, ਦੇਸ਼ ਨੂੰ ਭਰੋਸੇ 'ਚ ਲਉ। ਇਹ ਦਸੋ ਕਿ ਚੀਨ ਸਾਡੀ ਜ਼ਮੀਨ ਤੋਂ ਕਬਜ਼ਾ ਕਦੋਂ ਛੱਡੇਗਾ? ਚੀਨ ਨਾਲ ਕਦੋਂ ਅੱਖਾਂ ਵਿਚ ਅੱਖਾਂ ਪਾ ਕੇ ਗੱਲ ਹੋਵੇਗੀ?
ਕਾਂਗਰਸ ਦੇ ਸੀਨੀਅਰ ਨੇਤਾ ਰਾਜੀਵ ਸ਼ੁਕਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਆਸ ਕਰਦੇ ਹਾਂ ਕਿ ਸਰਕਾਰ ਪੂਰੀ ਸਥਿਤੀ ਤੋਂ ਦੇਸ਼ ਨੂੰ ਜਾਣੂ ਕਰਵਾਏਗੀ। ਸਰਕਾਰ ਦੇ ਅੰਦਰ ਹੀ ਕimageਈ ਵਾਰ ਵਿਰੋਧੀ ਬਿਆਨ ਆਉਂਦੇ ਹਨ, ਜਿਸ ਨਾਲ ਚਿੰਤਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਉਮੀਦ ਕਰਦੀ ਹੈ ਕਿ ਸਰਕਾਰ ਇਸ ਮਾਮਲੇ ਦਾ ਗੱਲਬਾਤ ਰਾਹੀਂ ਹੱਲ ਕੱਢੇਗੀ ਅਤੇ ਦੇਸ਼ ਦੀ ਪ੍ਰਭੂਸੱਤਾ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ। (ਪੀਟੀਆਈ)