
ਕੇਸ਼ਵਾਨੰਦ ਭਾਰਤੀ ਦਾ ਦਿਹਾਂਤ, ਪ੍ਰਧਾਨ ਮੰਤਰੀ ਨੇ ਦੁੱਖ ਪ੍ਰਗਟਾਇਆ
ਨਵੀਂ ਦਿੱਲੀ, 6 ਸਤੰਬਰ : ਸੁਪਰੀਮ ਕੋਰਟ ਤੋਂ ਸੰਵਿਧਾਨ ਦੇ ਮੂਲ ਢਾਂਚੇ ਦਾ ਸਿਧਾਂਤ ਦਿਵਾਉਣ ਵਾਲੇ ਕੇਰਲ ਵਾਸੀ ਕੇਸ਼ਵਾਨੰਦ ਭਾਰਤੀ ਸ੍ਰੀਪਤਗਵਰੂ ਦਾ ਇਦਾਨੀਰ ਮੱਠ 'ਤੇ ਸਵੇਰੇ ਲਗਭਗ 3:30 ਵਜੇ ਦੇਹਾਂਤ ਹੋ ਗਿਆ। 79 ਸਾਲਾ ਭਾਰਤੀ ਉਮਰਦਰਾਜ਼ ਹੋਣ ਕਾਰਨ ਬਿਮਾਰੀਆਂ ਨਾਲ ਜੂਝ ਰਹੇ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਸ਼ਵਾਨੰਦ ਭਾਰਤੀ ਦੀ ਮੌਤ 'ਤੇ ਦੁਖ ਪ੍ਰਗਟ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਯੋਗਦਾਨ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦਾ ਰਹੇਗਾ। ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਇਕ ਮਹਾਨ ਦਾਰਸ਼ਨਿਕ ਦੇ ਰੂਪ 'ਚ ਸਵਾਮੀ ਕੇਸ਼ਵਾਨੰਦ ਭਾਰਤੀ ਦੀ ਮੌਤ ਰਾਸ਼ਟਰ ਲਈ ਨਾ ਪੂਰਿਆ ਜਾਣ ਵਾਲਾ ਘਾਟਾ ਹੈ। ਸਾਡੀ ਰਵਾਇਤ ਅਤੇ ਲੋਕਾਚਾਰ ਦੀ ਰਖਿਆ ਲਈ ਉਨ੍ਹਾਂ ਦਾ ਯੋਗਦਾਨ ਵਡਮੁੱਲਾ ਹੈ। ਉਨ੍ਹਾਂ ਨੂੰ ਹਮੇਸ਼ਾ ਭਾਰਤੀ ਸੰਸਕ੍ਰਿਤੀ ਦੇ ਪ੍ਰਤੀਕ ਦੇ ਰੂਪ ਵਿਚ ਯਾਤ ਕੀਤਾ ਜਾਵੇਗਾ। ਉਨ੍ਹਾਂ ਦੇ ਪੈਰੋਕਾਰਾਂ ਪ੍ਰਤੀ ਮੇਰੀ ਹਾਰਦਿਕ ਸੰਵੇਦਨਾ। ਉਪਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ ਨੇ ਸੰਤ ਕੇਸ਼ਵਾਨੰਦ ਭਾਰਤੀ ਦੀ ਮੌਤ ਦੇ ਦੁਖ ਪ੍ਰਗਟਾਇਆ। (ਪੀਟੀਆਈ)image