
ਪਾਕਿ ਦੇ ਬਲੋਚਿਸਤਾਨ ’ਚ ਹੋਏ ਧਮਾਕੇ ਵਿਚ 3 ਮੌਤਾਂ, 20 ਜ਼ਖ਼ਮੀ
ਤਹਿਰੀਕ-ਏ-ਤਾਲਿਬਾਨ ਨੇ ਲਈ ਹਮਲੇ ਦੀ ਜ਼ਿੰਮੇਵਾਰੀ
ਕਰਾਚੀ, 5 ਸਤੰਬਰ : ਪਾਕਿਸਤਾਨ ਦੇ ਬਲੋਚਿਸਤਾਨ ਪ੍ਰਾਂਤ ’ਚ ਐਤਵਾਰ ਸਵੇਰੇ ਬੰਬ ਧਮਾਕਾ ਹੋਇਆ। ਜਿਸ ’ਚ 3 ਸੁਰੱਖਿਆ ਮੁਲਾਜ਼ਮਾਂ ਦੀ ਮੌਤ ਹੋ ਗਈ ਤੇ ਘੱਟ ਤੋਂ ਘੱਟ 20 ਲੋਕ ਜ਼ਖ਼ਮੀ ਹੋਏ ਹਨ। ਅਜਿਹੀ ਖਬਰ ਹੈ ਕਿ ਕਵੇਟਾ ਦੇ ਮਾਸਤੁੰਗ ਰੋਡ ’ਤੇ ਸਥਿਤ ਇਕ ਚੈੱਕਪੋਸਟ ’ਤੇ ਇਹ ਹਮਲਾ ਹੋਇਆ। ਬਲੂਚਿਸਤਾਨ ਕਾਊਂਡਰ-ਟੇਰਰਿਜਮ ਡਿਪਾਰਟਮੈਂਟ ਨੇ ਇਸ ਹਮਲੇ ਦੀ ਪੁਸ਼ਟੀ ਕੀਤੀ ਤੇ ਦਸਿਆ ਕਿ ਇਸ ’ਚ ਸੋਹਾਨਾ ਖ਼ਾਨ ਐੱਫਸੀ ਚੈੱਕਪੋਸਟ ਨੂੰ ਨਿਸ਼ਾਨੇ ’ਤੇ ਲਿਆ ਗਿਆ ਸੀ। ਬੁਲਾਰੇ ਨੇ ਦਸਿਆ ਕਿ ਸੀਟੀਡੀ ਦੀ ਟੀਮ ਘਟਨਾ ਵਾਲੇ ਸਥਾਨ ’ਤੇ ਪਹੁੰਚ ਗਈ ਹੈ ਤੇ ਜਾਂਚ ਸ਼ੁਰੂ ਕਰ ਦਿਤੀ ਹੈ।
ਧਮਾਕੇ ਤੋਂ ਬਾਅਦ, ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਤੇ ਬਚਾਅ ਅਧਿਕਾਰੀ ਇਲਾਕੇ ’ਚ ਪੁੱਜੇ ਅਤੇ ਜ਼ਖ਼ਮੀਆਂ ਨੂੰ ਸੇਖ ਜੈਦ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ।
ਪੁਲਿਸ ਨੇ ਦਸਿਆ ਕਿ ਹਮਲਾਵਰ ਨੇ ਚੈੱਕਪੋਸਟ ’ਤੇ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਦੇ ਵਾਹਨ ’ਚ ਅਪਣੀ ਮੋਟਰਸਾਈਕਲ ਤੋਂ ਟੱਕਰ ਮਾਰ ਦਿਤੀ ਸੀ, ਜਿਸ ਤੋਂ ਬਾਅਦ ਉੱਥੇ ਜ਼ੋਰਦਾਰ ਧਮਾਕਾ ਹੋਇਆ। ਧਮਾਕੇ ਹੋਣ ਦੇ ਤੁਰਤ ਬਾਅਦ ਜਾਂਚ ਕਰਨ ਲਈ ਬੰਬ ਨਿਰੋਧਕ ਯੂਨਿਟ ਘਟਨਾ ਵਾਲੇ ਸਥਾਨ ’ਤੇ ਪਹੁੰਚ ਗਈ ਸੀ। ਜਾਣਕਾਰੀ ਮੁਤਾਬਕ ਅਤਿਵਾਦੀ ਸੰਗਠਨ ਤਹਰੀਕ-ਏ-ਤਾਲਿਬਾਨ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਸ਼ੁਰੂਆਤੀ ਰਿਪੋਰਟਸ ਮੁਤਾਬਕ, ਹਮਲੇ ’ਚ ਫਰੰਟਿਅਰ ਕਾਪਰਸ ਨੂੰ ਨਿਸ਼ਾਨਾ ਬਣਾਇਆ ਗਿਆ ਸੀ। (ਏਜੰਸੀ)